ਸਿੱਖ ਸ਼ਰਧਾਲੂਆਂ ਨਾਲ ਨਨਕਾਣਾ ਸਾਹਿਬ ਦੀ ਯਾਤਰਾ ਦੌਰਾਨ ਜਥੇ ’ਚੋਂ ਅਚਾਨਕ ਗਾਇਬ ਹੋਈ ਸਰਬਜੀਤ ਕੌਰ, ਜਿਸ ਨੇ ਪਾਕਿਸਤਾਨ ’ਚ ਇੱਕ ਮੁਸਲਿਮ ਨਾਲ ਵਿਆਹ ਕਰਵਾ ਲਿਆ ਸੀ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਔਰਤ ਦੇ ਲਾਪਤਾ ਹੋਣ ਮਗਰੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਖੁਲਾਸਾ ਹੋਇਆ ਸੀ ਕਿ ਉਸਨੇ ਇਸਲਾਮ ਧਰਮ ਅਪਣਾ ਲਿਆ ਸੀ। ਉਸਨੇ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ ਸੀ। ਤਾਜ਼ਾ ਰਿਪੋਰਟਾਂ ਅਨੁਸਾਰ, ਪਾਕਿਸਤਾਨੀ ਪੁਲਿਸ ਨੇ ਹੁਣ ਸਰਬਜੀਤ ਕੌਰ ਅਤੇ ਉਸਦੇ ਨਵੇਂ ਪਤੀ ਨਾਸਿਰ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਨੂੰ ਅੱਜ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਪੰਜਾਬ(Pakistan)ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਮੁਤਾਬਕ, ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਇੰਟੈਲੀਜੈਂਸ ਬਿਊਰੋ ਡਿਵੀਜ਼ਨ (IBD), ਨਨਕਾਣਾ ਸਾਹਿਬ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਪਹੇਰੇ ਵਾਲੀ ’ਚ ਇਹ ਜੋੜਾ ਮੌਜੂਦ ਹੈ। ਤੁਰੰਤ ਕਾਰਵਾਈ ਕਰਦੇ ਹੋਏ, IBD ਟੀਮ ਨੇ ਛਾਪੇਮਾਰੀ ਕੀਤੀ ਅਤੇ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਨੇ 2016 ਵਿੱਚ TikTok ਰਾਹੀਂ ਕਥਿਤ ਤੌਰ 'ਤੇ ਔਨਲਾਈਨ ਰਿਸ਼ਤਾ ਬਣਾਇਆ ਸੀ। ਜੋੜੇ ਨੇ ਪਹਿਲਾਂ ਵੀ ਕਈ ਵਾਰ ਵੀਜ਼ਾ ਲਈ ਅਰਜ਼ੀ ਦਿੱਤੀ ਸੀ, ਪਰ ਕਾਨੂੰਨੀ ਅਤੇ ਪ੍ਰਕਿਰਿਆਤਮਕ ਕਾਰਨਾਂ ਕਰਕੇ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ।
ਪੁੱਛਗਿੱਛ ਤੋਂ ਇਹ ਵੀ ਪਤਾ ਲੱਗਾ ਕਿ 4 ਨਵੰਬਰ, 2025 ਨੂੰ, ਨਾਸਿਰ ਹੁਸੈਨ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਗਿਆ ਸੀ, ਜਿੱਥੋਂ ਉਹ ਕਥਿਤ ਤੌਰ 'ਤੇ ਸਰਬਜੀਤ ਕੌਰ ਨੂੰ ਆਪਣੇ ਨਾਲ ਪਹਿਲਾਂ ਫਾਰੂਕਾਬਾਦ ਅਤੇ ਫਿਰ ਬੁਰਜ ਅਟਾਰੀ ਖੇਤਰ ਲੈ ਗਿਆ ਸੀ। ਸੂਤਰਾਂ ਮੁਤਾਬਕ ਇਸ ਮਾਮਲੇ ’ਚ ਹੁਣ ਕਾਨੂੰਨੀ ਕਾਰਵਾਈ ਅਤੇ ਦੇਸ਼ ਨਿਕਾਲਾ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ ਪਾਕਿਸਤਾਨੀ ਕਾਨੂੰਨ ਦੇ ਤਹਿਤ ਅੱਗੇ ਵਧੇਗੀ।