ਹੁਸ਼ਿਆਰਪੁਰ/ਦਸੂਹਾ: ਸਵੇਰੇ ਸੰਘਣੀ ਧੁੰਦ ਕਾਰਨ ਹੁਸ਼ਿਆਰਪੁਰ–ਦਸੂਹਾ ਰੋਡ ਉੱਤੇ ਅੱਡਾ ਦੁਸੜਕਾਂ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਹੀ ਪਰਿਵਾਰ ਦੇ 4 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਕਾਰ ਨੰਬਰ HP-72B-6869 ਵਿੱਚ ਸਵਾਰ 5 ਵਿਅਕਤੀ ਆਪਣੇ ਪਿੰਡ ਝਲੇਟ, ਦੌਲਤਪੁਰ (ਜ਼ਿਲ੍ਹਾ ਉਣਾ, ਹਿਮਾਚਲ ਪ੍ਰਦੇਸ਼) ਤੋਂ ਅੰਮ੍ਰਿਤਸਰ ਏਅਰਪੋਰਟ ਜਾ ਰਹੇ ਸਨ। ਜਦੋਂ ਉਹ ਅੱਡਾ ਦੁਸੜਕਾਂ ਨੇੜੇ ਪਹੁੰਚੇ ਤਾਂ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਬਸ ਨਾਲ ਉਨ੍ਹਾਂ ਦੀ ਕਾਰ ਦੀ ਜਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
ਹਾਦਸੇ ਵਿੱਚ ਸੁਖਵਿੰਦਰ ਸਿੰਘ (45) ਪੁੱਤਰ ਹਰਨਾਮ ਸਿੰਘ, ਸੁਸ਼ੀਲ ਕੁਮਾਰ (46) ਪੁੱਤਰ ਦੇਸਰਾਜ, ਬ੍ਰਿਜ ਕੁਮਾਰ (38) ਪੁੱਤਰ ਮਹਿੰਦਰ ਕੁਮਾਰ ਅਤੇ ਅਰੁਣ ਕੁਮਾਰ (45) ਪੁੱਤਰ ਗੁਰਪਾਲ ਸਿੰਘ ਸਾਰੇ ਪਿੰਡ ਝਲੇਟ ਦੇ ਵਾਸੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਅਮਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸਨੂੰ ਤੁਰੰਤ ਸਿਵਿਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖਲ ਕਰਵਾਇਆ ਗਿਆ।
ਜ਼ਖਮੀ ਅਮਿਤ ਕੁਮਾਰ ਨੇ ਦੱਸਿਆ ਕਿ ਉਸਦੀ ਅੱਜ ਅੰਮ੍ਰਿਤਸਰ ਤੋਂ ਫਲਾਈਟ ਸੀ ਤੇ ਪਰਿਵਾਰ ਦੇ ਮੈਂਬਰ ਉਸਨੂੰ ਏਅਰਪੋਰਟ ਛੱਡਣ ਜਾ ਰਹੇ ਸਨ। ਉਸਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਸਾਹਮਣੇ ਤੋਂ ਆ ਰਹੀ ਬੱਸ ਦਿਖਾਈ ਨਾ ਦੇਣ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ।
ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਬਰਿੰਦਰ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।