Monday, 9th of November 2026

ਦੀਵਾਲੀ ਵਾਲੇ ਦਿਨ ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਰਿਕਾਰਡ ਵਾਧਾ, ਇੱਕੋ ਦਿਨ 1,152 ਥਾਵਾਂ 'ਤੇ ਲੱਗੀ ਅੱਗ; ਪਟਿਆਲਾ 'ਚ 92 ਨਵੇਂ ਮਾਮਲੇ

ਪੰਜਾਬ ਵਿੱਚ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਦੀਵਾਲੀ ਵਾਲੇ ਦਿਨ ਅਚਾਨਕ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਅਤੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੇ ਅੰਕੜਿਆਂ ਮੁਤਾਬਕ 8 ਨਵੰਬਰ ਨੂੰ ਸੂਬੇ ਵਿੱਚ ਇੱਕੋ ਦਿਨ ਖੇਤਾਂ ਵਿੱਚ ਅੱਗ ਲੱਗਣ ਦੀਆਂ 1,152 ਨਵੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

Edited By: Lajwinder Kaur | Updated at:
ਦੀਵਾਲੀ ਵਾਲੇ ਦਿਨ ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਰਿਕਾਰਡ ਵਾਧਾ, ਇੱਕੋ ਦਿਨ 1,152 ਥਾਵਾਂ 'ਤੇ ਲੱਗੀ ਅੱਗ; ਪਟਿਆਲਾ 'ਚ 92 ਨਵੇਂ ਮਾਮਲੇ

ਦੀਵਾਲੀ ਵਾਲੇ ਦਿਨ ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਰਿਕਾਰਡ ਵਾਧਾ, ਇੱਕੋ ਦਿਨ 1,152 ਥਾਵਾਂ 'ਤੇ ਲੱਗੀ ਅੱਗ; ਪਟਿਆਲਾ 'ਚ 92 ਨਵੇਂ ਮਾਮਲੇ

ਪੰਜਾਬ ਵਿੱਚ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਦੀਵਾਲੀ ਵਾਲੇ ਦਿਨ ਅਚਾਨਕ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਅਤੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੇ ਅੰਕੜਿਆਂ ਮੁਤਾਬਕ 8 ਨਵੰਬਰ ਨੂੰ ਸੂਬੇ ਵਿੱਚ ਇੱਕੋ ਦਿਨ ਖੇਤਾਂ ਵਿੱਚ ਅੱਗ ਲੱਗਣ ਦੀਆਂ 1,152 ਨਵੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ 15 ਸਤੰਬਰ ਤੋਂ ਸ਼ੁਰੂ ਹੋਏ ਮੌਜੂਦਾ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 4,459 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਇਨ੍ਹਾਂ ਘਟਨਾਵਾਂ ਵਿੱਚ 34.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਅੰਕੜਿਆਂ ਮੁਤਾਬਕ 5 ਨਵੰਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 2,787 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। 6 ਨਵੰਬਰ ਤੱਕ ਇਹ ਗਿਣਤੀ ਵਧ ਕੇ 3,144 ਅਤੇ 7 ਨਵੰਬਰ ਤੱਕ 3,307 ਹੋ ਗਈ ਸੀ। ਇਸ ਤੋਂ ਬਾਅਦ 8 ਨਵੰਬਰ ਨੂੰ ਇੱਕੋ ਦਿਨ 1,152 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਗਿਣਤੀ 4,459 ਤੱਕ ਪਹੁੰਚ ਗਈ। ਇਸ ਤਰ੍ਹਾਂ ਸਿਰਫ਼ ਤਿੰਨ ਦਿਨਾਂ ਵਿੱਚ 1,672 ਨਵੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਪਟਿਆਲਾ ਵਿੱਚ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ 92 ਨਵੇਂ ਮਾਮਲੇ

ਪਟਿਆਲਾ ਜ਼ਿਲ੍ਹੇ ਵਿੱਚ ਵੀ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। 7 ਨਵੰਬਰ ਤੱਕ ਜ਼ਿਲ੍ਹੇ ਵਿੱਚ 196 ਮਾਮਲੇ ਦਰਜ ਸਨ, ਜੋ 8 ਨਵੰਬਰ ਤੱਕ ਵਧ ਕੇ 288 ਹੋ ਗਏ। ਇਸ ਤਰ੍ਹਾਂ ਇੱਕੋ ਦਿਨ ਵਿੱਚ 92 ਨਵੇਂ ਮਾਮਲੇ ਸਾਹਮਣੇ ਆਏ।

PPCB ਦੀ ਰਿਪੋਰਟ ਮੁਤਾਬਕ ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦਾ ਕੁੱਲ ਰਕਬਾ 2.314 ਲੱਖ ਹੈਕਟੇਅਰ ਹੈ, ਜਿਸ ਵਿੱਚੋਂ 96 ਫੀਸਦੀ ਕਟਾਈ ਪੂਰੀ ਹੋ ਚੁੱਕੀ ਸੀ। ਜ਼ਿਲ੍ਹੇ ਵਿੱਚ 157 ਖੇਤਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 94 ਥਾਵਾਂ 'ਤੇ ਮੌਕੇ 'ਤੇ ਪਰਾਲੀ ਸਾੜਨ ਦੀ ਪੁਸ਼ਟੀ ਹੋਈ।

ਪਰਾਲੀ ਸਾੜਨ ਦੇ 68 ਮਾਮਲਿਆਂ ਵਿੱਚ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ ਹੈ। ਇਸ ਤਹਿਤ 3.45 ਲੱਖ ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ, ਜਿਸ ਵਿੱਚੋਂ 1.25 ਲੱਖ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੁਣ ਤੱਕ 77 FIR ਦਰਜ ਕੀਤੀਆਂ ਗਈਆਂ ਹਨ ਅਤੇ 33 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਕੀਤੀ ਗਈ ਹੈ।

ਤਰਨਤਾਰਨ ਵਿੱਚ ਸਭ ਤੋਂ ਵੱਧ ਮਾਮਲੇ, ਫਿਰੋਜ਼ਪੁਰ ਅਤੇ ਸੰਗਰੂਰ ਵੀ ਪ੍ਰਭਾਵਿਤ

ਜ਼ਿਲ੍ਹਾਵਾਰ ਅੰਕੜਿਆਂ ਮੁਤਾਬਕ ਤਰਨਤਾਰਨ 654 ਮਾਮਲਿਆਂ ਨਾਲ ਸੂਬੇ ਵਿੱਚ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ 592, ਸੰਗਰੂਰ ਵਿੱਚ 488, ਬਠਿੰਡਾ ਵਿੱਚ 406 ਅਤੇ ਪਟਿਆਲਾ ਵਿੱਚ 288 ਮਾਮਲੇ ਦਰਜ ਕੀਤੇ ਗਏ ਹਨ।

ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ 247, ਬਰਨਾਲਾ ਵਿੱਚ 230, ਲੁਧਿਆਣਾ ਵਿੱਚ 193, ਮੋਗਾ ਵਿੱਚ 188, ਫਰੀਦਕੋਟ ਵਿੱਚ 170, ਮਾਨਸਾ ਵਿੱਚ 149, ਕਪੂਰਥਲਾ ਵਿੱਚ 139, ਗੁਰਦਾਸਪੁਰ ਵਿੱਚ 125, ਫਾਜ਼ਿਲਕਾ ਵਿੱਚ 122, ਮੁਕਤਸਰ ਵਿੱਚ 113 ਅਤੇ ਜਲੰਧਰ ਵਿੱਚ 98 ਮਾਮਲੇ ਸਾਹਮਣੇ ਆਏ ਹਨ।

ਸੂਬੇ ਵਿੱਚ 62.55 ਲੱਖ ਰੁਪਏ ਦਾ ਜੁਰਮਾਨਾ, 32.60 ਲੱਖ ਦੀ ਵਸੂਲੀ

8 ਨਵੰਬਰ ਤੱਕ ਪੰਜਾਬ ਵਿੱਚ ਕੁੱਲ 2,998 ਖੇਤਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 1,310 ਥਾਵਾਂ 'ਤੇ ਮੌਕੇ 'ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀ ਪੁਸ਼ਟੀ ਹੋਈ। ਇਸ ਤੋਂ ਇਲਾਵਾ 122 ਗੈਰ-ਏਐੱਫਐੱਲ ਖੇਤਰਾਂ ਵਿੱਚ ਵੀ ਸਾੜਨ ਦੇ ਨਿਸ਼ਾਨ ਮਿਲੇ ਹਨ।

ਰਿਪੋਰਟ ਅਨੁਸਾਰ 1,228 ਮਾਮਲਿਆਂ ਵਿੱਚ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ ਹੈ। ਕੁੱਲ 62.55 ਲੱਖ ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ, ਜਦਕਿ ਹੁਣ ਤੱਕ 32.60 ਲੱਖ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਇਸ ਤਰ੍ਹਾਂ 29.95 ਲੱਖ ਰੁਪਏ ਦੀ ਵਸੂਲੀ ਅਜੇ ਬਾਕੀ ਹੈ।

ਸੂਬੇ ਭਰ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 884 FIR ਦਰਜ ਕੀਤੀਆਂ ਗਈਆਂ ਹਨ ਅਤੇ 1,017 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਕੀਤੀ ਗਈ ਹੈ।

ਅਧਿਕਾਰੀਆਂ ਨੂੰ 1,103 ਕਾਰਨ ਦੱਸੋ ਨੋਟਿਸ ਜਾਰੀ

ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਿਗਰਾਨੀ ਅਤੇ ਕਾਰਵਾਈ ਦੇ ਸਬੰਧ ਵਿੱਚ ਰਿਪੋਰਟ ਵਿੱਚ ਨੋਡਲ ਅਤੇ ਸੁਪਰਵਾਈਜ਼ਰੀ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ 1,103 ਕਾਰਨ ਦੱਸੋ ਨੋਟਿਸਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ CAQM ਐਕਟ ਦੀ ਧਾਰਾ 14 ਤਹਿਤ 18 ਸੁਪਰਵਾਈਜ਼ਰੀ ਅਧਿਕਾਰੀਆਂ ਖ਼ਿਲਾਫ਼ ਮੁਕੱਦਮੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਹਾਲਾਂਕਿ ਰਿਪੋਰਟ ਵਿੱਚ ਚਾਰਜਸ਼ੀਟ ਅਤੇ ਮੁਅੱਤਲੀ ਦੇ ਹੁਕਮਾਂ ਦੀ ਗਿਣਤੀ ਜ਼ੀਰੋ ਦਰਜ ਕੀਤੀ ਗਈ ਹੈ।

91.40 ਫੀਸਦੀ ਝੋਨੇ ਦੀ ਕਟਾਈ ਪੂਰੀ, ਫਿਰ ਵੀ ਖੇਤਾਂ ਵਿੱਚ ਲੱਗ ਰਹੀ ਅੱਗ

PPCB ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਝੋਨੇ ਦਾ ਕੁੱਲ ਰਕਬਾ 32.87 ਲੱਖ ਹੈਕਟੇਅਰ ਹੈ, ਜਿਸ ਵਿੱਚੋਂ 91.40 ਫੀਸਦੀ ਕਟਾਈ ਪੂਰੀ ਹੋ ਚੁੱਕੀ ਸੀ। ਇਸ ਦੇ ਬਾਵਜੂਦ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲਿਆ ਹੈ।

ਖ਼ਾਸ ਗੱਲ ਇਹ ਹੈ ਕਿ ਦੀਵਾਲੀ ਵਾਲੇ ਦਿਨ ਇੱਕੋ ਦਿਨ ਵਿੱਚ 1,152 ਨਵੇਂ ਮਾਮਲੇ ਸਾਹਮਣੇ ਆਉਣੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਇੱਕ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਦਾ ਸਹੀ ਪ੍ਰਬੰਧਨ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਜੁਰਮਾਨੇ, FIR ਅਤੇ ਰੈੱਡ ਐਂਟਰੀ ਵਰਗੀਆਂ ਕਾਰਵਾਈਆਂ ਦੇ ਬਾਵਜੂਦ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਜਾਰੀ ਹਨ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਅੱਗੇ ਕੀ ਕਦਮ ਚੁੱਕਦਾ ਹੈ।