ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਸੀਨੀਅਰ IPS ਅਫ਼ਸਰਾਂ ਦੇ ਤਬਾਦਲੇ; 4 ਅਧਿਕਾਰੀ ਬਣੇ ਸਪੈਸ਼ਲ DGP, ਇਸ ਅਧਿਕਾਰੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬ ਦੇ ਗ੍ਰਹਿ ਵਿਭਾਗ ਨੇ ਰਾਜਪਾਲ ਦੇ ਹੁਕਮਾਂ ਅਨੁਸਾਰ 7 ਸੀਨੀਅਰ IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ 1995 ਬੈਚ ਦੇ ਚਾਰ ਸੀਨੀਅਰ IPS ਅਧਿਕਾਰੀਆਂ ਨੂੰ ਤਰੱਕੀ ਦੇ ਕੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (Special DGP) ਬਣਾਇਆ ਗਿਆ ਹੈ। ਇਨ੍ਹਾਂ ਤਰੱਕੀਆਂ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਸਪੈਸ਼ਲ DGP ਰੈਂਕ ਦੇ ਅਧਿਕਾਰੀਆਂ ਦੀ ਗਿਣਤੀ ਵਧ ਕੇ 18 ਹੋ ਗਈ ਹੈ। ਇਸ ਤੋਂ ਇਲਾਵਾ ਸੀਨੀਅਰ IPS ਅਧਿਕਾਰੀ ਗੌਤਮ ਚੀਮਾ ਨੂੰ ਵੀ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।
1995 ਬੈਚ ਦੇ 4 IPS ਅਧਿਕਾਰੀ ਬਣੇ ਸਪੈਸ਼ਲ DGP
ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 1995 ਬੈਚ ਦੇ ਚਾਰ ਸੀਨੀਅਰ IPS ਅਧਿਕਾਰੀਆਂ ਨੂੰ ਤਰੱਕੀ ਦੇ ਕੇ ਸਪੈਸ਼ਲ DGP ਬਣਾਇਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਵੱਖ-ਵੱਖ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
- ਪਰਮੋਦ ਬਾਨ: ਇਨ੍ਹਾਂ ਨੂੰ ਸਪੈਸ਼ਲ DGP ਐਂਟੀ ਗੈਂਗਸਟਰ ਟਾਸਕ ਫੋਰਸ (AGTF) ਪੰਜਾਬ ਨਿਯੁਕਤ ਕੀਤਾ ਗਿਆ ਹੈ।
- ਐਮ.ਐਫ. ਫਾਰੂਕੀ: ਇਨ੍ਹਾਂ ਨੂੰ ਸਪੈਸ਼ਲ DGP ਸਟੇਟ ਆਰਮਡ ਪੁਲਿਸ, ਜਲੰਧਰ ਕੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
- ਅਮਿਤ ਪ੍ਰਸਾਦ: ਇਨ੍ਹਾਂ ਨੂੰ ਸਪੈਸ਼ਲ DGP ਕਾਊਂਟਰ ਇੰਟੈਲੀਜੈਂਸ ਪੰਜਾਬ ਲਗਾਇਆ ਗਿਆ ਹੈ।
- ਜੀ. ਨਾਗੇਸ਼ਵਰ ਰਾਓ: ਇਨ੍ਹਾਂ ਨੂੰ ਸਪੈਸ਼ਲ DGP ਪ੍ਰੋਵੀਜ਼ਨਿੰਗ ਪੰਜਾਬ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੂੰ ਸਪੈਸ਼ਲ DGP ਮਾਡਰਨਾਈਜ਼ੇਸ਼ਨ ਪੰਜਾਬ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।

2 ਹੋਰ ਸੀਨੀਅਰ IPS ਅਧਿਕਾਰੀਆਂ ਦੇ ਵਿਭਾਗਾਂ ਵਿੱਚ ਵੀ ਬਦਲਾਅ
ਇਸ ਫੇਰਬਦਲ ਦੌਰਾਨ ਪਹਿਲਾਂ ਤੋਂ ਸਪੈਸ਼ਲ DGP ਰੈਂਕ 'ਤੇ ਤਾਇਨਾਤ ਦੋ ਹੋਰ ਸੀਨੀਅਰ ਅਧਿਕਾਰੀਆਂ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।
- ਡਾ. ਜਿਤਿੰਦਰ ਕੁਮਾਰ ਜੈਨ (1993 ਬੈਚ): ਪਹਿਲਾਂ ਸਪੈਸ਼ਲ DGP PSPCL ਵਜੋਂ ਤਾਇਨਾਤ ਡਾ. ਜੈਨ ਨੂੰ ਹੁਣ ਸਪੈਸ਼ਲ DGP ਰੇਲਵੇ ਪੰਜਾਬ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੂੰ PSPCL ਪਟਿਆਲਾ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
- ਅਨੀਤਾ ਪੁੰਜ (1994 ਬੈਚ): ਇਨ੍ਹਾਂ ਨੂੰ ਸਪੈਸ਼ਲ DGP HRD ਅਤੇ ਵੈਲਫੇਅਰ ਪੰਜਾਬ ਲਗਾਇਆ ਗਿਆ ਹੈ। ਇਸ ਦੇ ਨਾਲ ਸਪੈਸ਼ਲ DGP ਮਨੁੱਖੀ ਅਧਿਕਾਰ ਪੰਜਾਬ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।
CBI ਕੇਸ ਵਿੱਚੋਂ ਬਰੀ ਹੋਣ ਤੋਂ ਬਾਅਦ ਗੌਤਮ ਚੀਮਾ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਇਸ ਤਬਾਦਲਾ ਸੂਚੀ ਵਿੱਚ ਸੀਨੀਅਰ IPS ਅਧਿਕਾਰੀ ਗੌਤਮ ਚੀਮਾ ਦੀ ਨਵੀਂ ਤਾਇਨਾਤੀ ਵੀ ਅਹਿਮ ਹੈ। 1995 ਬੈਚ ਦੇ ਅਧਿਕਾਰੀ ਗੌਤਮ ਚੀਮਾ ਨੂੰ ਪੁਰਾਣੇ CBI ਕੇਸ ਵਿੱਚੋਂ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਦਾ ਨਵਾਂ ADGP ਕਾਨੂੰਨ ਅਤੇ ਵਿਵਸਥਾ (Law and Order) ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਦੀ ਜ਼ਿੰਮੇਵਾਰੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਪੁਲਿਸ ਪ੍ਰਬੰਧਨ ਨਾਲ ਜੁੜੀ ਹੋਈ ਹੈ।
ਪੰਜਾਬ ਪੁਲਿਸ ਵਿੱਚ ਸਪੈਸ਼ਲ DGP ਰੈਂਕ ਦੇ 18 ਅਧਿਕਾਰੀ
ਚਾਰ ਨਵੇਂ ਅਧਿਕਾਰੀਆਂ ਨੂੰ ਸਪੈਸ਼ਲ DGP ਵਜੋਂ ਤਰੱਕੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਇਸ ਰੈਂਕ ਦੇ ਅਧਿਕਾਰੀਆਂ ਦੀ ਗਿਣਤੀ 18 ਹੋ ਗਈ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਵਿੱਚ ਕਰੀਬ 80 ਹਜ਼ਾਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਫੋਰਸ ਹੈ, ਜਿਸ ਦੀ ਅਗਵਾਈ DGP ਪੰਜਾਬ ਵੱਲੋਂ ਕੀਤੀ ਜਾਂਦੀ ਹੈ।
ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਹੁਕਮ
ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਅਤੇ ਸੁਪਰਡੈਂਟ ਰਾਜੇਸ਼ ਕੁਮਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ 'ਤੇ ਡਿਊਟੀ ਸੰਭਾਲਣ ਲਈ ਕਿਹਾ ਗਿਆ ਹੈ। ਇਸ ਫੇਰਬਦਲ ਤਹਿਤ ਪੁਲਿਸ ਵਿਭਾਗ ਦੇ ਕਈ ਅਹਿਮ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਬਦਲਾਅ ਕੀਤਾ ਗਿਆ ਹੈ।