ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਨਵੇਂ ਸਾਲ ਦੀ ਸ਼ੁਰੂਆਤ ਮੀਂਹ ਨਾਲ ਹੋਈ। ਦੱਸ ਦਈਏ ਕਿ ਸਵੇਰੇ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈ ਰਿਹਾ ਹੈ। ਕਈ ਇਲਾਕਿਆਂ ਵਿੱਚ ਸਵੇਰੇ ਹਲਕੀ ਤੇ ਭਾਰੀ ਬਾਰਿਸ਼ ਹੋਈ। ਚੰਡੀਗੜ੍ਹ, ਮੋਹਾਲੀ, ਜਲੰਧਰ ਅਤੇ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ। ਹਾਲਾਂਕਿ ਸੀਤ ਲਹਿਰ ਤੇ ਧੁੰਦ ਬਣੀ ਹੋਈ ਹੈ।
ਉੱਥੇ ਹੀ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਜ਼ੀਰੋ ਵਿਜ਼ੀਬਿਲਟੀ ਰਹੀ, ਲੁਧਿਆਣਾ ਵਿੱਚ 10 ਮੀਟਰ, ਪਟਿਆਲਾ ਵਿੱਚ 20 ਮੀਟਰ, ਜਦਕਿ ਹਲਵਾਰਾ, ਗੁਰਦਾਸਪੁਰ, ਪਠਾਨਕੋਟ, ਬਠਿੰਡਾ ਅਤੇ ਬੱਲੋਵਾਲ ਸੌਂਕੜੀ ਵਿੱਚ 50 ਮੀਟਰ ਤੋਂ ਘੱਟ ਦਿੱਖ ਦਰਜ ਕੀਤੀ ਗਈ। ਇਸ ਕਾਰਨ ਹਵਾਈ ਅਤੇ ਰੇਲ ਆਵਾਜਾਈ ‘ਤੇ ਅਸਰ ਪਿਆ ਹੈ।
ਮੌਸਮ ਵਿਭਾਗ ਨੇ ਪਹਿਲਾਂ ਹੀ ਸੰਘਣੀ ਧੁੰਦ, ਹਲਕੀ ਬਾਰਿਸ਼ ਅਤੇ ਸੀਤ ਲਹਿਰ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਹੋਇਆ, ਜਦਕਿ ਗੁਰਦਾਸਪੁਰ 5.2 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ ਰਿਹਾ।
ਮੌਸਮ ਵਿਭਾਗ ਮੁਤਾਬਕ ਇਸ ਸਮੇਂ ਉੱਤਰੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਉੱਪਰ ਵੈਸਟਨ ਡਿਸਟਰਬਨ ਬਣਿਆ ਹੋਇਆ ਹੈ, ਜੋ ਉੱਪਰੀ ਵਾਤਾਵਰਣ ਵਿੱਚ ਸਰਗਰਮ ਹੈ। ਆਸਮਾਨ ਦੇ ਮੱਧਲੇ ਪੱਧਰ ‘ਚ ਲੰਮੀ ਹਵਾ ਦੀ ਇੱਕ ਪੱਟੀ ਬਣੀ ਹੋਈ ਹੈ, ਜਿਸ ਕਾਰਨ ਮੌਸਮ ਵਿੱਚ ਬਦਲਾਅ ਆ ਸਕਦਾ ਹੈ। ਦੱਖਣੀ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਚਾਈ ‘ਤੇ ਤੇਜ਼ ਹਵਾਵਾਂ ਵੱਗ ਰਹੀਆਂ ਹਨ।
ਅੱਜ ਤੋਂ ਬਾਅਦ ਅਗਲੇ ਦੋ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ। ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟਣ ਦੀ ਸੰਭਾਵਨਾ ਹੈ। ਇਸ ਤੋਂ ਪਿੱਛੋਂ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ।