ਪੰਜਾਬ ਪੁਲਿਸ ਨੇ ਨਾਗਰਿਕ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵੱਡਾ ਪਲਾਨ ਅਰੰਭ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਾਰਚ 2026 ਤੱਕ ਪੁਲਿਸ ਵਿੱਚ ਲਗਭਗ 1,600 ਨਵੇਂ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਹ ਸਾਰੇ ਕਰਮਚਾਰੀ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਸਹਾਇਕ ਸਬ-ਇੰਸਪੈਕਟਰ ਵਜੋਂ ਤਾਇਨਾਤ ਹੋਣਗੇ ਤੇ ਇਹ ਪਹਿਲਾਂ ਹੀ ਸਿਖਲਾਈ ਲੈ ਚੁੱਕੇ ਹਨ।
ਡੀਜੀਪੀ ਨੇ ਕਿਹਾ ਕਿ ਇਹ ਵਾਧਾ ਪੁਲਿਸ ਸਟੇਸ਼ਨਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੋਵੇਗਾ। ਨਵੇਂ ਪ੍ਰਬੰਧਾਂ ਅਨੁਸਾਰ, 112 'ਤੇ ਕਾਲ ਕਰਨ ਤੋਂ ਬਾਅਦ ਪੁਲਿਸ 5 ਤੋਂ 8 ਮਿੰਟ ਵਿੱਚ ਮੌਕੇ ‘ਤੇ ਪਹੁੰਚੇਗੀ। ਇਸ ਦੇ ਲਈ ਡਾਇਲ-ਅੱਪ ਰਿਸਪਾਂਸ ਟਾਈਮ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ।
ਮੋਹਾਲੀ ਦੇ ਸੈਕਟਰ 89 ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਕੰਟਰੋਲ ਰੂਮ ਬਣਾਇਆ ਜਾਵੇਗਾ। ਇਸ ਦੇ ਨਾਲ, ਪੀਸੀਆਰ ਵਾਹਨਾਂ ਲਈ 8,100 ਨਵੇਂ ਵਾਹਨ ਖਰੀਦੇ ਜਾਣਗੇ। 3 ਸਾਲਾਂ ਵਿੱਚ ਪੁਲਿਸ ਵਾਹਨਾਂ ਨੂੰ ਅਪਗ੍ਰੇਡ ਕਰਨ 'ਤੇ 800 ਕਰੋੜ ਖਰਚ ਕੀਤੇ ਗਏ ਹਨ, ਜਿਨ੍ਹਾਂ ਵਿੱਚ 1,500 ਚਾਰ ਪਹੀਆ ਅਤੇ 400 ਦੋ ਪਹੀਆ ਵਾਹਨ ਸ਼ਾਮਲ ਹਨ।
ਇਸ ਸਾਲ ਪੁਲਿਸ ਭਲਾਈ, ਕਾਊਂਟਰ ਇੰਟੈਲੀਜੈਂਸ, ਸਾਈਬਰ ਕ੍ਰਾਈਮ, ਕੰਪਿਊਟਰੀਕਰਨ, ਇਮਾਰਤਾਂ, ਆਧੁਨਿਕੀਕਰਨ ਅਤੇ ਵਾਹਨਾਂ ਵਿੱਚ ਕੁੱਲ 931 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸਾਰੇ 454 ਥਾਣਿਆਂ ਦੇ ਐਸਐਚਓਜ਼ ਅਤੇ ਸਾਰੇ ਡੀਐਸਪੀਜ਼ ਨੂੰ ਨਵੇਂ ਵਾਹਨ ਮਿਲਣਗੇ।
ਇਸ ਨਾਲ ਨਾਗਰਿਕ ਸੇਵਾ ਤੇ ਤੁਰੰਤ ਕਾਰਵਾਈ ਦੀ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਪੁਲਿਸ ਵੱਲੋਂ ਸਰਗਰਮ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।