ਸਰਹੱਦ ਪਾਰ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF), ਬਾਰਡਰ ਰੇਂਜ ਨੇ ਸੀਮਾ ਸੁਰੱਖਿਆ ਬਲ (BSF) ਨਾਲ ਮਿਲ ਕੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਲਗਭਗ 19.980 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਕਾਰਵਾਈ ਦੌਰਾਨ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਦਾ ਪ੍ਰਬੰਧਨ ਕਰਨ ਵਾਲੇ ਮੁੱਖ ਸੰਚਾਲਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਸਰਹੱਦੀ ਖੇਤਰ ਵਿੱਚ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਕਾਫ਼ੀ ਵੱਡੀ ਦੱਸੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਪਾਕਿਸਤਾਨ ਅਧਾਰਤ ਹੈਂਡਲਰਾਂ ਨਾਲ ਸਿੱਧੇ ਤੌਰ ’ਤੇ ਸੰਪਰਕ ਵਿੱਚ ਸਨ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਡਿਲਿਵਰੀ ਅਤੇ ਵੰਡ ਦਾ ਤਾਲਮੇਲ ਕਰ ਰਹੇ ਸਨ।
ਪੁਲਿਸ ਵੱਲੋਂ ਆਰੋਪੀਆਂ ਖ਼ਿਲਾਫ਼ NDPS ਐਕਟ ਤਹਿਤ FIR ਦਰਜ ਕਰ ਲਈ ਗਈ ਹੈ। ਇਸਦੇ ਨਾਲ ਹੀ ਜਾਂਚ ਏਜੰਸੀਆਂ ਵੱਲੋਂ ਸਰਹੱਦ ਪਾਰ ਹੈਂਡਲਰਾਂ ਦੀ ਪਛਾਣ ਕਰਨ, ਨਸ਼ੇ ਦੀ ਸਪਲਾਈ ਲਈ ਵਰਤੇ ਜਾ ਰਹੇ ਰੂਟਾਂ ਦਾ ਪਤਾ ਲਗਾਉਣ ਅਤੇ ਪੂਰੇ ਨਾਰਕੋ ਨੈੱਟਵਰਕ ਨੂੰ ਤੋੜਨ ਲਈ ਡੂੰਘੀ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਵਿੱਚ ਨਸ਼ੇ ਦੇ ਖ਼ਤਰੇ ਨੂੰ ਖਤਮ ਕਰਨ ਅਤੇ ਸਰਹੱਦ ਪਾਰ ਕੰਮ ਕਰ ਰਹੇ ਨਾਰਕੋ ਨੈੱਟਵਰਕਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ। ਅਜਿਹੀਆਂ ਸਾਂਝੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਨਸ਼ਾ ਤਸਕਰੀ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ।