ਤਰਨਤਾਰਨ ਦੇ ਜੰਡਿਆਲਾ ਰੋਡ ਇਲਾਕੇ ਵਿੱਚ ਠੰਢ ਤੋਂ ਬਚਣ ਲਈ ਲੋਹੇ ਦੀ ਬਾਲਟੀ ਵਿੱਚ ਲੱਕੜਾਂ ਸਾੜ ਕੇ ਕਮਰੇ ਅੰਦਰ ਰੱਖਣ ਕਾਰਨ ਇਕ ਨਵ-ਵਿਆਹੇ ਜੋੜੇ ਦੀ ਦਮ ਘੁੱਟਣ ਨਾਲ ਮੌਤ ਹੋ ਜਾਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕਾਂ ਦੀ ਪਹਿਚਾਣ ਗੁਰਮੀਤ ਸਿੰਘ ਉਰਫ਼ ਸੋਨੂੰ (42) ਅਤੇ ਉਸ ਦੀ ਪਤਨੀ ਜਸਬੀਰ ਕੌਰ (39) ਵਜੋਂ ਹੋਈ ਹੈ। ਗੁਰਮੀਤ ਸਿੰਘ ਜੰਡਿਆਲਾ ਰੋਡ ‘ਤੇ ਇਨਵਰਟਰ ਅਤੇ ਬੈਟਰੀਆਂ ਦਾ ਕਾਰੋਬਾਰ ਕਰਦਾ ਸੀ। ਜਾਣਕਾਰੀ ਅਨੁਸਾਰ, ਦੋਹਾਂ ਦਾ ਵਿਆਹ ਦਸੰਬਰ 2024 ਵਿੱਚ ਹੋਇਆ ਸੀ।
ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਵਧਦੀ ਠੰਡ ਅਤੇ ਧੁੰਦ ਕਾਰਨ ਸ਼ਾਮ ਨੂੰ ਗੁਰਮੀਤ ਸਿੰਘ ਨੇ ਆਪਣੇ ਘਰ ਦੇ ਵਿਹੜੇ ਵਿੱਚ ਲੋਹੇ ਦੀ ਬਾਲਟੀ ਵਿੱਚ ਲੱਕੜਾਂ ਬਾਲੀਆਂ। ਰਾਤ ਕਰੀਬ 9:30 ਵਜੇ ਤੱਕ ਅੱਗ ਬਲਦੀ ਰਹੀ। ਇਸ ਦੌਰਾਨ ਅਚਾਨਕ ਬਿਜਲੀ ਚਲੀ ਗਈ, ਜਿਸ ਕਾਰਨ ਠੰਡ ਤੋਂ ਬਚਣ ਲਈ ਜੋੜੇ ਨੇ ਬਲਦੀ ਹੋਈ ਬਾਲਟੀ ਕਮਰੇ ਅੰਦਰ ਰੱਖ ਲਈ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।
ਵੀਰਵਾਰ ਦੁਪਹਿਰ ਕਰੀਬ 2 ਵਜੇ ਤੱਕ ਜਦੋਂ ਗੁਰਮੀਤ ਸਿੰਘ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਪਰਿਵਾਰ ਨੂੰ ਚਿੰਤਾ ਹੋਈ। ਕਰੀਬ 2:30 ਵਜੇ ਮ੍ਰਿਤਕ ਦੀ ਮਾਂ ਬਲਵਿੰਦਰ ਕੌਰ ਨੇ ਕਮਰੇ ਵਿੱਚੋਂ ਧੂੰਆ ਨਿਕਲਦਾ ਦੇਖਿਆ। ਪਰਿਵਾਰਕ ਮੈਂਬਰਾਂ ਅਤੇ ਨੇੜਲੇ ਲੋਕਾਂ ਨੇ ਖਿੜਕੀ ਤੋੜੀ ਪਰ ਕਮਰੇ ਅੰਦਰ ਧੂੰਆ ਹੀ ਧੂੰਆ ਭਰਿਆ ਹੋਇਆ ਸੀ। ਲੱਕੜਾਂ ਦੇ ਧੂੰਏਂ ਨਾਲ ਬਣੀ ਕਾਰਬਨ ਮੋਨੋਆਕਸਾਈਡ, ਜੋ ਕਿ ਇੱਕ ਜ਼ਹਿਰੀਲੀ ਗੈਸ ਹੈ, ਕਾਰਨ ਦੋਹਾਂ ਦੀ ਮੌਤ ਹੋ ਚੁੱਕੀ ਸੀ।
ਹਾਦਸੇ ਦੀ ਸੂਚਨਾ ਮਿਲਣ ‘ਤੇ ਡੀਐਸਪੀ (ਐਚ) ਕਮਲਜੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਟੀ ਪੁਲਿਸ ਸਟੇਸ਼ਨ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ। ਹਾਲਾਂਕਿ ਪਰਿਵਾਰ ਵੱਲੋਂ ਕਿਸੇ ਵੀ ਕਿਸਮ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ।
ਇਸ ਹਾਦਸੇ ਨੇ ਇਕ ਵਾਰ ਫਿਰ ਘਰਾਂ ਵਿੱਚ ਅੱਗ ਜਾਂ ਕੋਇਲੇ ਆਦਿ ਦੀ ਵਰਤੋਂ ਦੌਰਾਨ ਸਾਵਧਾਨੀ ਦੀ ਲੋੜ ਵੱਲ ਧਿਆਨ ਖਿੱਚਿਆ ਹੈ।