ਪੰਜਾਬ ਸਰਕਾਰ ਵੱਲੋਂ ਵੀਰਵਾਰ ਨੂੰ ਕੈਬਨਿਟ ਵਿੱਚ ਵੱਡਾ ਫੇਰਬਦਲ ਕਰਦੇ ਹੋਏ ਦੋ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਤਹਿਤ ਮੰਤਰੀ ਸੰਜੀਵ ਅਰੋੜਾ ਨੂੰ ਸਥਾਨਕ ਸਰਕਾਰਾਂ (ਲੋਕਲ ਬਾਡੀਜ਼) ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਮੰਤਰੀ ਡਾ. ਰਵਜੋਤ ਸਿੰਘ ਨੂੰ ਐਨਆਰਆਈ ਮਾਮਲਿਆਂ ਦਾ ਵਿਭਾਗ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਡਾ. ਰਵਜੋਤ ਸਿੰਘ ਕੋਲ ਸੀ, ਜਦਕਿ ਐਨਆਰਆਈ ਵਿਭਾਗ ਸੰਜੀਵ ਅਰੋੜਾ ਸੰਭਾਲ ਰਹੇ ਸਨ। ਇਸ ਫੇਰਬਦਲ ਸਬੰਧੀ ਮਨਜ਼ੂਰੀ ਲਈ ਦਸਤਾਵੇਜ਼ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਭੇਜੇ ਗਏ ਹਨ।
ਇਹ ਫੇਰਬਦਲ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਵੀ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸਰਕਾਰ ਸ਼ਹਿਰੀ ਖੇਤਰਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਰਣਨੀਤੀ ਅਪਣਾ ਰਹੀ ਹੈ। ਸੰਜੀਵ ਅਰੋੜਾ ਸ਼ਹਿਰੀ ਖੇਤਰ ਤੋਂ ਆਉਂਦੇ ਹਨ ਅਤੇ ਸ਼ਹਿਰੀ ਮੁੱਦਿਆਂ ਦੀ ਡੂੰਘੀ ਸਮਝ ਰੱਖਦੇ ਹਨ, ਜਿਸ ਕਾਰਨ ਸਰਕਾਰ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ।
ਦੂਜੇ ਪਾਸੇ, ਕੈਬਿਨੇਟ ਮੰਤਰੀ ਡਾ. ਰਵਜੋਤ ਨੂੰ NRI ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। NRI ਵਿਭਾਗ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੇ ਮਾਮਲਿਆਂ, ਨਿਵੇਸ਼, ਸ਼ਿਕਾਇਤ ਨਿਵਾਰਣ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਨਾਲ ਸੰਬੰਧਿਤ ਕੰਮਕਾਜ ਨੂੰ ਦੇਖਦਾ ਹੈ। ਡਾ. ਰਵਜੋਤ ਨੂੰ ਇਹ ਜ਼ਿੰਮੇਵਾਰੀ ਦੇਣਾ ਸਰਕਾਰ ਦੀ NRI ਨੀਤੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ