ਚੰਡੀਗੜ੍ਹ:ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਿਜ਼ੀਬਲਿਟੀ ਕਾਫ਼ੀ ਘੱਟ ਹੋ ਗਈ। ਧੁੰਦ ਦੇ ਨਾਲ-ਨਾਲ ਪੈ ਰਹੀ ਕੜਾਕੇ ਦੀ ਠੰਡ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤੱਕ ਪੰਜਾਬ ਵਿੱਚ ਠੰਡ ਦਾ ਪ੍ਰਕੋਪ ਬਣਿਆ ਰਹੇਗਾ। ਰਾਤ ਦੇ ਤਾਪਮਾਨ ਵਿੱਚ ਹੋਰ ਕਮੀ ਆ ਸਕਦੀ ਹੈ, ਜਦਕਿ ਸਵੇਰੇ ਅਤੇ ਦੇਰ ਸ਼ਾਮ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਕੁਝ ਇਲਾਕਿਆਂ ਵਿੱਚ ਸੀਤ ਲਹਿਰ (Cold Wave) ਵਰਗੇ ਹਾਲਾਤ ਬਣ ਸਕਦੇ ਹਨ।
ਸੰਘਣੀ ਧੁੰਦ ਕਾਰਨ ਸੜਕ 'ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਈ ਥਾਵਾਂ ‘ਤੇ ਵਾਹਨ ਚਾਲਕਾਂ ਨੂੰ ਲਾਈਟਾਂ ਜਲਾ ਕੇ ਹੌਲੀ ਰਫ਼ਤਾਰ ਨਾਲ ਸਫ਼ਰ ਕਰਨਾ ਪਿਆ। ਟ੍ਰੇਨਾਂ ਤੇ ਬੱਸਾਂ ਦੀ ਆਵਾਜਾਈ ਵੀ ਕਿਤੇ-ਕਿਤੇ ਦੇਰੀ ਨਾਲ ਚੱਲ ਰਹੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਤੇ ਬਿਨਾਂ ਲੋੜ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਠੰਡ ਦੇ ਚਲਦੇ ਸਕੂਲ ਜਾਣ ਵਾਲੇ ਬੱਚਿਆਂ, ਬੁਜ਼ੁਰਗਾਂ ਤੇ ਬੀਮਾਰ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲੋਕ ਗਰਮ ਕੱਪੜੇ ਪਹਿਨਣ, ਗਰਮ ਚੀਜ਼ਾਂ ਖਾਣ ਤੇ ਸਵੇਰੇ ਧੁੰਦ ਵਿੱਚ ਘਰੋਂ ਨਿਕਲਣ ਤੋਂ ਪਰਹੇਜ਼ ਕਰਨ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਕਿਸਾਨ ਵੀ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਫਸਲ ਦੀ ਸੰਭਾਲ ਕਰਨ। ਅਗਲੇ ਕੁਝ ਦਿਨਾਂ ਤੱਕ ਮੌਸਮ ਠੰਡਾ ਅਤੇ ਸੁੱਕਾ ਰਹਿਣ ਦੀ ਸੰਭਾਵਨਾ ਹੈ।