Thursday, 15th of October 2026

ਪੰਜਾਬ ‘ਚ ਮੌਸਮ ਨੇ ਲਈ ਕਰਵਟ: ਤਰਨਤਾਰਨ ‘ਚ ਪਏ ਗੜ੍ਹੇ, 13 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ; ਫ਼ਸਲਾਂ ਦੇ ਨੁਕਸਾਨ ਤੋਂ ਕਿਸਾਨ ਚਿੰਤਤ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ ਜਿਸ ਕਰਕੇ ਤਾਪਮਾਨ ਹੇਠਾਂ ਆ ਗਿਆ ਅਤੇ ਲੋਕਾਂ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ। ਪਰ ਦੂਜੇ ਪਾਸੇ ਬੇਮੌਸਮੀ ਪਈ ਬਾਰਿਸ਼ ਕਰਕੇ ਫਸਲਾਂ ਕਾਫੀ ਪ੍ਰਭਾਵਿਤ ਹੋਈਆਂ ਹਨ, ਜਿਸ ਕਰਕੇ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ।

Edited By: Lajwinder Kaur | Updated at:
ਪੰਜਾਬ ‘ਚ ਮੌਸਮ ਨੇ ਲਈ ਕਰਵਟ: ਤਰਨਤਾਰਨ ‘ਚ ਪਏ ਗੜ੍ਹੇ, 13 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ; ਫ਼ਸਲਾਂ ਦੇ ਨੁਕਸਾਨ ਤੋਂ ਕਿਸਾਨ ਚਿੰਤਤ

ਪੰਜਾਬ ‘ਚ ਮੌਸਮ ਨੇ ਲਈ ਕਰਵਟ: ਤਰਨਤਾਰਨ ‘ਚ ਪਏ ਗੜ੍ਹੇ, 13 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ; ਫ਼ਸਲਾਂ ਦੇ ਨੁਕਸਾਨ ਤੋਂ ਕਿਸਾਨ ਚਿੰਤਤ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਬਦਲ ਕੇ ਨਵਾਂ ਰੁਖ ਅਖ਼ਤਿਆਰ ਕਰ ਲਿਆ ਹੈ। ਬੁੱਧਵਾਰ ਰਾਤ ਨੂੰ ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਭਾਰੀ ਗੜ੍ਹੇਮਾਰੀ ਵੇਖਣ ਨੂੰ ਮਿਲੀ, ਜਿਸ ਨਾਲ ਆਲੇ-ਦੁਆਲੇ ਦੇ ਖੇਤਰ ਵਿੱਚ ਠੰਢ ਦਾ ਅਹਿਸਾਸ ਵਧ ਗਿਆ ਹੈ। ਇਸ ਦੌਰਾਨ ਵੀਰਵਾਰ ਸਵੇਰ ਨੂੰ ਪਠਾਨਕੋਟ, ਪਟਿਾਲਾ ਅਤੇ ਮਾਨਸਾ ਵਿੱਚ ਮੀਂਹ ਪਿਆ, ਜਦੋਂ ਕਿ ਜਲੰਧਰ ਵਿੱਚ ਤੇਜ਼ ਹਵਾਵਾਂ ਦਾ ਦੌਰ ਜਾਰੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅੱਜ ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਅਸਮਾਨੀ ਬਿਜਲੀ ਡਿੱਗਣ ਅਤੇ ਗੜ੍ਹੇਮਾਰੀ ਦੇ ਵੀ ਆਸਾਰ ਬਣੇ ਹੋਏ ਹਨ। ਮੌਸਮ ਵਿਭਾਗ ਮੁਤਾਬਕ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ, ਜਦਕਿ ਕੁਝ ਥਾਵਾਂ ਉੱਤੇ ਤੇਜ਼ ਹਵਾ ਦੇ ਝੱਖੜ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਪਹੁੰਚ ਸਕਦੇ ਹਨ। ਹਾਲਾਂਕਿ, 16 ਅਕਤੂਬਰ ਤੋਂ ਮੌਸਮ ਦੀਆਂ ਇਹ ਸਰਗਰਮੀਆਂ ਕਮਜ਼ੋਰ ਪੈਣ ਦੀ ਉਮੀਦ ਹੈ।

9 ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਦੀ ਸੰਭਾਵਨਾ

ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਤੂਫ਼ਾਨ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਕਪੂਰਥਲਾ, ਜਲੰਧਰ ਅਤੇ ਸੰਗਰੂਰ ਵਿੱਚ ਗਰਜ-ਚਮਕ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਦਰੱਖਤਾਂ, ਬਿਜਲੀ ਦੀਆਂ ਤਾਰਾਂ ਦੇ ਨਾਲ-ਨਾਲ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਡਰ ਬਣਿਆ ਹੋਇਆ ਹੈ।

ਪੱਛਮੀ ਗੜਬੜੀ ਕਾਰਨ ਬਦਲਿਆ ਮੌਸਮ

ਮੌਸਮ ਵਿੱਚ ਆਏ ਇਸ ਬਦਲਾਅ ਪਿੱਛੇ ਉੱਤਰੀ ਪਾਕਿਸਤਾਨ ਅਤੇ ਉਸ ਨਾਲ ਲੱਗਦੇ ਜੰਮੂ-ਕਸ਼ਮੀਰ ਕੋਲ ਸਰਗਰਮ ਪੱਛਮੀ ਗੜਬੜੀ ਅਤੇ ਉੱਤਰੀ ਹਰਿਆਣਾ ਉੱਤੇ ਬਣਿਆ ਚੱਕਰਵਾਤੀ ਚੱਕਰ (ਸਾਈਕਲੋਨਿਕ ਸਰਕੁਲੇਸ਼ਨ) ਮੁੱਖ ਕਾਰਨ ਹੈ। ਇਸ ਦੇ ਅਸਰ ਹੇਠ 14 ਅਤੇ 15 ਅਕਤੂਬਰ ਨੂੰ ਪੂਰੇ ਪੰਜਾਬ ਵਿੱਚ ਵਿਆਪਕ ਪੱਧਰ ਉੱਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਫ਼ਸਲਾਂ ਨੂੰ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।

ਮੀਂਹ ਅਤੇ ਹਨ੍ਹੇਰੀ ਕਾਰਨ ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ

ਕੁਝ ਥਾਵਾਂ ਉੱਤੇ ਪਏ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਨੇ ਮਿਹਨਤਕਸ਼ ਕਿਸਾਨਾਂ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀਆਂ ਫ਼ਸਲਾਂ ਅਚਾਨਕ ਆਈ ਇਸ ਆਫ਼ਤ ਕਾਰਨ ਜ਼ਮੀਨ ਉੱਤੇ ਵਿੱਛ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਡਰ ਸਤਾਉਣ ਲੱਗਾ ਹੈ। ਪਹਿਲਾਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਇਹ ਬੇਮੌਸਮੀ ਮੀਂਹ ਅਤੇ ਹਨ੍ਹੇਰੀ ਕਿਸੇ ਵੱਡੀ ਆਫ਼ਤ ਵਾਂਗ ਵਰ੍ਹ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਸਾਰੀ ਮਿਹਨਤ ਉੱਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।

ਪੰਜਾਬ ਵਿੱਚ ਬਿਜਲੀ ਦੀ ਸਥਿਤੀ

ਦੂਜੇ ਪਾਸੇ, ਪੰਜਾਬ ਵਿੱਚ ਬਿਜਲੀ ਦੀ ਕੁੱਲ ਮੰਗ 6,231 ਮੈਗਾਵਾਟ ਦਰਜ ਕੀਤੀ ਗਈ ਹੈ। ਸੂਬੇ ਦੇ ਆਪਣੇ ਪਾਵਰ ਹਾਊਸਾਂ ਤੋਂ 4,142 ਮੈਗਾਵਾਟ ਬਿਜਲੀ ਮਿਲ ਰਹੀ ਸੀ, ਜਦਕਿ ਕੇਂਦਰੀ ਹਿੱਸੇ ਅਤੇ ਹੋਰ ਸਰੋਤਾਂ ਤੋਂ 2,081 ਮੈਗਾਵਾਟ ਬਿਜਲੀ ਲਈ ਗਈ। ਬਿਜਲੀ ਦੀ ਤੈਅ ਸਪਲਾਈ 2,270 ਮੇਗਾਵਾਟ ਸੀ, ਜਦੋਂ ਕਿ ਅਸਲ ਸਪਲਾਈ ਇਸ ਤੋਂ 189 ਮੇਗਾਵਾਟ ਘੱਟ ਰਹੀ। ਇਸ ਦੌਰਾਨ ਬਿਜਲੀ ਦੀ ਆਵਿਰਤੀ (ਫ੍ਰੀਕੁਐਂਸੀ) 50.05 ਹਰਟਜ਼ ਦਰਜ ਕੀਤੀ ਗਈ।