ਪਾਕਿਸਤਾਨ 'ਚ 3 ਸਿੱਖ ਸ਼ਰਧਾਲੂਆਂ ਦੇ ਲਾਪਤਾ ਹੋਣ ਦਾ ਸਾਹਮਣੇ ਆਇਆ ਪੂਰਾ ਸੱਚ! ਪਰਿਵਾਰ ਬੋਲੇ- ਸਾਰੇ ਪੂਰੀ ਤਰ੍ਹਾਂ ਸੁਰੱਖਿਅਤ…
ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਤਿੰਨ ਸ਼ਰਧਾਲੂਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਇੱਕ ਅਫਵਾਹ ਹੈ ਅਤੇ ਤਿੰਨੋਂ ਸ਼ਰਧਾਲੂ ਪੂਰੀ ਤਰ੍ਹਾਂ ਸੁਰੱਖਿਅਤ ਆਪਣੇ ਜਥੇ ਦੇ ਨਾਲ ਹਨ।
ਕੌਣ ਹਨ ਇਹ ਤਿੰਨ ਸ਼ਰਧਾਲੂ?
ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਜਿਨ੍ਹਾਂ ਤਿੰਨ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਚਰਚਾ ਫੈਲੀ ਸੀ, ਉਨ੍ਹਾਂ ਦੀ ਪਛਾਣ ਫਿਲੌਰ (ਜਲੰਧਰ) ਦੇ ਪਿੰਡ ਖੋਖੇਵਾਲ ਦੇ ਵਸਨੀਕ ਬਿੱਕਰ ਸਿੰਘ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਬਿਕਰਮਜੀਤ ਸਿੰਘ ਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ।
ਪਰਿਵਾਰਾਂ ਨੇ ਫ਼ੋਨ 'ਤੇ ਗੱਲਬਾਤ ਕਰਕੇ ਦਿੱਤੀ ਜਾਣਕਾਰੀ
ਬਿੱਕਰ ਸਿੰਘ ਦਾ ਪਰਿਵਾਰ: ਬਿੱਕਰ ਸਿੰਘ ਦੇ ਭਰਾ ਸਤਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਭਰਾ ਨਾਲ ਸਵੇਰੇ ਅਤੇ ਸ਼ਾਮ ਨੂੰ ਦੋ ਵਾਰ ਫ਼ੋਨ 'ਤੇ ਗੱਲ ਹੋਈ ਹੈ। ਬਿੱਕਰ ਸਿੰਘ ਨੇ ਖੁਦ ਦੱਸਿਆ ਹੈ ਕਿ ਉਹ ਜਥੇ ਦੇ ਨਾਲ ਹੀ ਹਨ। ਸ਼ਰਧਾਲੂਆਂ ਦੀ ਵਾਪਸੀ ਲਈ ਵੱਖ-ਵੱਖ ਬੈਚ ਬਣਾਏ ਗਏ ਹਨ, ਜਿਸ ਕਾਰਨ ਉਹ ਪਹਿਲੇ ਜਥੇ ਦੀ ਬਜਾਏ ਆਖਰੀ ਜਥੇ ਨਾਲ ਇੱਕ-ਦੋ ਦਿਨਾਂ ਵਿੱਚ ਪੰਜਾਬ ਪਰਤ ਆਉਣਗੇ।
ਬਿਕਰਮਜੀਤ ਅਤੇ ਹਰਪ੍ਰੀਤ ਦਾ ਪਰਿਵਾਰ: ਬਿਕਰਮਜੀਤ ਸਿੰਘ ਦੇ ਪੁੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਆਪਣੇ ਪਿਤਾ ਨਾਲ ਗੱਲ ਹੋਈ ਹੈ ਅਤੇ ਉਹ ਤੇ ਚਾਚਾ ਹਰਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਵਿਖੇ ਜਥੇ ਦੇ ਨਾਲ ਬਿਲਕੁਲ ਠੀਕ-ਠਾਕ ਹਨ। ਉਨ੍ਹਾਂ ਕਿਹਾ ਕਿ ਲਾਪਤਾ ਹੋਣ ਦੀ ਝੂਠੀ ਖ਼ਬਰ ਕਾਰਨ ਪਰਿਵਾਰ ਨੂੰ ਕਾਫ਼ੀ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਇਹ ਗੁੰਮਰਾਹਕੁੰਨ ਅਫਵਾਹ ਫੈਲਾਈ ਗਈ ਹੈ।
24 ਨਵੰਬਰ ਨੂੰ ਰਵਾਨਾ ਹੋਇਆ ਸੀ ਜਥਾ
ਜ਼ਿਕਰਯੋਗ ਹੈ ਕਿ 24 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ 2,339 ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ, ਜੋ 25 ਨਵੰਬਰ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਈ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ 2025 ਵਿੱਚ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਈ ਕਪੂਰਥਲਾ ਦੀ ਸਰਬਜੀਤ ਕੌਰ ਦੇ ਲਾਪਤਾ ਹੋਣ ਅਤੇ ਬਾਅਦ ਵਿੱਚ ਉੱਥੇ ਵਿਆਹ ਕਰਵਾਉਣ ਦੀ ਘਟਨਾ ਸਾਹਮਣੇ ਆਈ ਸੀ, ਜਿਸ ਕਾਰਨ ਮੌਜੂਦਾ ਅਫਵਾਹ ਨੇ ਤੂਲ ਫੜ ਲਿਆ ਸੀ।