ਗੈਸ ਲਈ ਹਾਹਾਕਾਰ! ਜਲੰਧਰ 'ਚ ਲੱਗੀਆਂ ਲੰਬੀਆਂ ਲਾਈਨਾਂ, ਸਰਵਰ ਡਾਊਨ ਹੋਣ ਕਾਰਨ ਬੁਕਿੰਗ ਠੱਪ, ਚੰਡੀਗੜ੍ਹ-ਅੰਮ੍ਰਿਤਸਰ 'ਚ ਏਜੰਸੀਆਂ ਬੰਦ
ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਮਿਡਲ ਈਸਟ ਵਿੱਚ ਚੱਲ ਰਹੀ ਜੰਗ ਦਾ ਪੰਜਾਬ ਵਿੱਚ ਡੂੰਘਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਰਸੋਈ ਗੈਸ (LPG) ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦੋ ਦਿਨ ਪਹਿਲਾਂ ਤੱਕ ਸਿਰਫ਼ ਕਮਰਸ਼ੀਅਲ ਸਿਲੰਡਰਾਂ ਦੀ ਡਿਲੀਵਰੀ ਬੰਦ ਹੋਈ ਸੀ, ਪਰ ਹੁਣ ਘਰੇਲੂ ਗੈਸ ਮਿਲਣੀ ਵੀ ਮੁਸ਼ਕਲ ਹੋ ਗਈ ਹੈ।
ਭਾਵੇਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਘਰੇਲੂ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ, ਫਿਰ ਵੀ ਲੋਕਾਂ ਦੇ ਘਰਾਂ ਤੱਕ ਸਪਲਾਈ ਨਹੀਂ ਪਹੁੰਚ ਰਹੀ। ਆਨਲਾਈਨ ਬੁਕਿੰਗ ਦੀਆਂ ਕੋਸ਼ਿਸ਼ਾਂ ਇੰਨੀਆਂ ਜ਼ਿਆਦਾ ਹੋ ਰਹੀਆਂ ਹਨ ਕਿ ਗੈਸ ਕੰਪਨੀਆਂ ਦੇ ਸਰਵਰ ਹੀ ਠੱਪ ਹੋ ਗਏ ਹਨ। ਇਸ ਕਾਰਨ, ਬੁਕਿੰਗ ਦੀ ਪੁਸ਼ਟੀ ਲਈ ਜ਼ਰੂਰੀ ਵਨ ਟਾਈਮ ਪਾਸਵਰਡ (OTP) ਵੀ ਨਹੀਂ ਆ ਰਿਹਾ।
ਗੈਸ ਸਿਲੰਡਰਾਂ ਲਈ ਮਾਰੋ-ਮਾਰੀ: ਮੁੱਖ ਮੰਤਰੀ ਨੇ ਦਿੱਤਾ ਭਰੋਸਾ
ਸਰਕਾਰ ਨੇ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਹੋਏ ਹਨ ਕਿ ਸਿਲੰਡਰ ਦੀ ਡਿਲਿਵਰੀ ਸਿਰਫ਼ ਆਨਲਾਈਨ ਬੁਕਿੰਗ ਰਾਹੀਂ ਹੀ ਕੀਤੀ ਜਾਵੇਗੀ। ਇਸ ਕਾਰਨ, ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਬੁਕਿੰਗ ਕਰਵਾਈ ਹੋਈ ਹੈ, ਉਹ ਵੀ ਗੈਸ ਏਜੰਸੀਆਂ ਦੇ ਬਾਹਰ ਖਾਲੀ ਸਿਲੰਡਰ ਲੈ ਕੇ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਭਰੇ ਹੋਏ ਸਿਲੰਡਰ ਨਹੀਂ ਮਿਲ ਰਹੇ।
ਗੈਸ ਦੇ ਇਸ ਭਿਆਨਕ ਸੰਕਟ ਨੂੰ ਦੇਖਦਿਆਂ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਪੂਰੇ ਇੰਤਜ਼ਾਮ ਕਰ ਲਏ ਹਨ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਲੋਕ ਘਬਰਾਉਣ ਨਾ ਅਤੇ ਪਰੇਸ਼ਾਨ ਨਾ ਹੋਣ।
ਚੰਡੀਗੜ੍ਹ 'ਚ ਪਰੌਂਠਾ ਪੁਆਇੰਟ ਬੰਦ ਹੋਣ ਦੀ ਕਗਾਰ 'ਤੇ
ਚੰਡੀਗੜ੍ਹ ਵਿੱਚ ਥਾਂ-ਥਾਂ ਲੱਗਣ ਵਾਲੇ ਪਰੌਂਠਾ ਪੁਆਇੰਟ ਗੈਸ ਦੀ ਕਿੱਲਤ ਕਾਰਨ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਏ ਹਨ। ਸੈਕਟਰ-9 ਵਿੱਚ ਪਰੌਂਠੇ ਬਣਾਉਣ ਵਾਲੇ ਸਾਹੂ ਨੇ ਦੱਸਿਆ ਕਿ ਉਨ੍ਹਾਂ ਨੇ ਦੁਕਾਨ ਦਾ ਸਮਾਂ ਬਦਲ ਦਿੱਤਾ ਹੈ। ਪਹਿਲਾਂ ਉਹ ਰਾਤ 8 ਵਜੇ ਤੱਕ ਪਰੌਂਠੇ ਬਣਾਉਂਦੇ ਸਨ, ਪਰ ਹੁਣ ਸ਼ਾਮ ਸਾਢੇ 6 ਵਜੇ ਹੀ ਦੁਕਾਨ ਵਧਾ ਦਿੰਦੇ ਹਾਂ। ਸਾਹੂ ਮੁਤਾਬਕ ਹੁਣ ਵੱਧ ਤੋਂ ਵੱਧ 2 ਤੋਂ 3 ਦਿਨ ਦਾ ਕੰਮ ਹੀ ਚੱਲ ਸਕਦਾ ਹੈ। ਗੈਸ ਦੀ ਕਮੀ ਕਾਰਨ ਉਨ੍ਹਾਂ ਨੇ ਮੀਨੂ ਵਿੱਚੋਂ ਖਾਣ-ਪੀਣ ਦੀਆਂ ਚੀਜ਼ਾਂ ਵੀ ਘਟਾ ਦਿੱਤੀਆਂ ਹਨ।
ਬਠਿੰਡਾ ਵਿੱਚ ਬੁਕਿੰਗ ਐਪ ਠੱਪ, ਲੋਕ ਪਰੇਸ਼ਾਨ
ਬਠਿੰਡਾ ਵਿੱਚ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ ਅਤੇ ਘਰੇਲੂ ਸਿਲੰਡਰਾਂ ਨੂੰ ਲੈ ਕੇ ਵੀ ਕਾਫੀ ਦਿੱਕਤਾਂ ਆ ਰਹੀਆਂ ਹਨ। ਹਾਲਾਂਕਿ, ਪ੍ਰਸ਼ਾਸਨ ਅਤੇ ਗੈਸ ਏਜੰਸੀਆਂ ਦੇ ਮਾਲਕ ਘਰੇਲੂ ਸਿਲੰਡਰਾਂ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਤੋਂ ਇਨਕਾਰ ਕਰ ਰਹੇ ਹਨ, ਪਰ ਬੁਕਿੰਗ ਐਪ ਨਾ ਚੱਲਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ।
ਐਪ ਵਿੱਚ ਆ ਰਹੀ ਖ਼ਰਾਬੀ ਕਾਰਨ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਲੱਗੀ ਹੋਈ ਹੈ ਅਤੇ ਹਰ ਕੋਈ ਆਪਣੇ ਸਿਲੰਡਰ ਦੀ ਬੁਕਿੰਗ ਨੂੰ ਲੈ ਕੇ ਚਿੰਤਤ ਹੈ।
ਗੈਸ ਦੀ ਕਾਲਾਬਾਜ਼ਾਰੀ
ਜਲੰਧਰ ਵਿੱਚ ਰਸੋਈ ਗੈਸ ਦੇ ਸੰਕਟ ਕਾਰਨ ਲੋਕ ਕਮਰਸ਼ੀਅਲ ਸਿਲੰਡਰ ਬਲੈਕ (ਕਾਲਾਬਾਜ਼ਾਰੀ) ਵਿੱਚ ਖਰੀਦਣ ਲਈ ਮਜਬੂਰ ਹਨ। ਜਿਹੜਾ ਸਿਲੰਡਰ ਪਹਿਲਾਂ 1600 ਰੁਪਏ ਵਿੱਚ ਮਿਲਦਾ ਸੀ, ਹੁਣ ਉਸਦੀ ਕੀਮਤ 3500 ਰੁਪਏ ਤੱਕ ਪਹੁੰਚ ਗਈ ਹੈ। ਸਰਵਰ ਡਾਊਨ ਹੋਣ ਕਾਰਨ ਬੁਕਿੰਗ ਐਪ ਬਿਲਕੁਲ ਕੰਮ ਨਹੀਂ ਕਰ ਰਹੀ।
ਇਸ ਦੇ ਨਾਲ ਹੀ ਸ਼ਹਿਰ ਵਿੱਚ ਇੱਕ ਪੈਟਰੋਲ ਪੰਪ ਵੀ ਅਚਾਨਕ ਬੰਦ ਹੋ ਗਿਆ ਹੈ। ਹਾਲਾਂਕਿ, ਪੰਪ ਦੇ ਮੈਨੇਜਰ ਦਾ ਕਹਿਣਾ ਹੈ ਕਿ ਤੇਲ ਦੀ ਕੋਈ ਕਮੀ ਨਹੀਂ ਹੈ ਅਤੇ ਪੰਪ ਸਿਰਫ਼ ਤਕਨੀਕੀ ਖ਼ਰਾਬੀ ਕਾਰਨ ਬੰਦ ਕੀਤਾ ਗਿਆ ਹੈ।
ਅੰਮ੍ਰਿਤਸਰ ਵਿੱਚ ਗੈਸ ਏਜੰਸੀਆਂ ਨੂੰ ਲੱਗੇ ਤਾਲੇ
ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚ ਸਿਲੰਡਰ ਲੈਣ ਲਈ ਭਾਰੀ ਭੀੜ ਇਕੱਠੀ ਹੋਣ ਕਾਰਨ ਗੈਸ ਏਜੰਸੀ ਨੂੰ ਹੀ ਬੰਦ ਕਰਨਾ ਪਿਆ। ਲੋਕ ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਖਾਲੀ ਸਿਲੰਡਰ ਲੈ ਕੇ ਹੀ ਘਰਾਂ ਨੂੰ ਪਰਤ ਗਏ। ਭਾਵੇਂ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਘਰੇਲੂ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ, ਪਰ ਇਸ ਦੇ ਬਾਵਜੂਦ ਏਜੰਸੀਆਂ 'ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ।
ਕੋਰਟ ਰੋਡ 'ਤੇ ਸਥਿਤ ਰਵੀ ਗੈਸ ਏਜੰਸੀ ਨੇ ਤਾਂ 'ਗੈਸ ਆਊਟ ਆਫ਼ ਸਟਾਕ' (ਗੈਸ ਖ਼ਤਮ ਹੈ) ਦਾ ਬੋਰਡ ਲਗਾ ਦਿੱਤਾ ਹੈ, ਜਿਸ ਕਾਰਨ ਖਪਤਕਾਰਾਂ ਵਿੱਚ ਭਾਰੀ ਨਿਰਾਸ਼ਾ ਦੇਖੀ ਜਾ ਰਹੀ ਹੈ।
ਮੋਹਾਲੀ ਵਿੱਚ 20 ਦਿਨ ਪਹਿਲਾਂ ਦੀ ਬੁਕਿੰਗ, ਪਰ ਸਿਲੰਡਰ ਹਾਲੇ ਵੀ ਗਾਇਬ
ਮੋਹਾਲੀ ਵਿੱਚ ਵੀ ਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਲੋਕਾਂ ਦੀ ਹਾਲਤ ਖ਼ਰਾਬ ਹੈ। ਲੋਕ ਤੜਕੇ ਸਵੇਰ ਤੋਂ ਹੀ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਲਾਈਨਾਂ ਲਗਾ ਕੇ ਖੜ੍ਹੇ ਹੋ ਰਹੇ ਹਨ। ਲੋਕਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਤਕਰੀਬਨ 20 ਦਿਨ ਪਹਿਲਾਂ ਘਰੇਲੂ ਸਿਲੰਡਰ ਬੁੱਕ ਕਰਵਾਏ ਸਨ, ਪਰ ਉਹ ਅਜੇ ਤੱਕ ਉਨ੍ਹਾਂ ਦੇ ਘਰ ਨਹੀਂ ਪਹੁੰਚੇ। ਸਿਲੰਡਰ ਨਾ ਮਿਲਣ ਕਾਰਨ ਕਈ ਪਰਿਵਾਰਾਂ ਨੂੰ ਘਰ ਵਿੱਚ ਖਾਣਾ ਬਣਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗਿੱਦੜਬਾਹਾ 'ਚ LPG ਗੈਸ ਨਾ ਮਿਲਣ ਕਾਰਨ ਲੋਕ ਪਰੇਸ਼ਾਨ
ਗਿੱਦੜਬਾਹਾ ਵਿੱਚ LPG ਗੈਸ ਨਾ ਮਿਲਣ ਕਾਰਨ ਲੋਕ ਪਰੇਸ਼ਾਨ ਹਨ। ਜਦੋਂ ਅੱਜ ਲੋਕ ਏਜੰਸੀ ਪਹੁੰਚੇ ਤਾਂ ਸ਼ਟਰ ਹੀ ਨਹੀਂ ਖੋਲਿਆ ਗਿਆ। ਪਰ ਜਦੋਂ ਲੋਕਾਂ ਨੇ ਗੈਸ ਹੀ ਏਜੰਸੀ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਫਿਰ ਮੀਡੀਆ ਦਾ ਕੈਮਰਾ ਦੇਖ ਏਜੰਸੀ ਦਾ ਸ਼ਟਰ ਖੋਲਿਆ ਗਿਆ। ਏਜੰਸੀ ਮਾਲਕ ਦਾ ਕਹਿਣਾ ਹੈ ਜਿਸ ਦਾ ਸਿਲੰਡਰ ਬੁੱਕ ਹੈ ਉਸ ਨੂੰ ਹੀ ਗੈਸ ਸਿਲੰਡਰ ਦਿੱਤਾ ਜਾਏਗਾ।