Friday, 10th of July 2026

ਪੰਜਾਬ ਚੋਣਾਂ: ਦੁਪਹਿਰ 2 ਵਜੇ ਤੱਕ 44.09% ਵੋਟਿੰਗ; ਵੋਟਾਂ ਪਾਉਣ ਦੇ ਨਾਲ-ਨਾਲ ਕਈ ਥਾਵਾਂ 'ਤੇ ਵਰਕਰ ਭਿੜੇ

Edited By: Lajwinder Kaur | Updated at: May 26th 2026 04:45 PM
Trending News
ਪੰਜਾਬ ਚੋਣਾਂ: ਦੁਪਹਿਰ 2 ਵਜੇ ਤੱਕ 44.09% ਵੋਟਿੰਗ; ਵੋਟਾਂ ਪਾਉਣ ਦੇ ਨਾਲ-ਨਾਲ ਕਈ ਥਾਵਾਂ 'ਤੇ ਵਰਕਰ ਭਿੜੇ

ਪੰਜਾਬ ਚੋਣਾਂ: ਦੁਪਹਿਰ 2 ਵਜੇ ਤੱਕ 44.09% ਵੋਟਿੰਗ; ਵੋਟਾਂ ਪਾਉਣ ਦੇ ਨਾਲ-ਨਾਲ ਕਈ ਥਾਵਾਂ 'ਤੇ ਵਰਕਰ ਭਿੜੇ

  • May 26, 2026 04:45 PM
    ਸਮਾਣਾ 'ਚ ਚੋਣਾਂ ਦੌਰਾਨ ਹੰਗਾਮਾ: ਪੋਲਿੰਗ ਬੂਥ ਅੰਦਰ ਹੀ ਥਪੜੋ-ਥਪੜੀ ਹੋਏ, ਵਰਕਰਾਂ ਵਿਚਾਲੇ ਤਿੱਖੀ ਝੜਪ

    ਸਮਾਣਾ ਵਿੱਚ ਚੋਣਾਂ ਦੌਰਾਨ ਸਥਿਤੀ ਉਸ ਵੇਲੇ ਬੇਕਾਬੂ ਹੋ ਗਈ ਜਦੋਂ ਵੱਖ-ਵੱਖ ਪਾਰਟੀਆਂ ਦੇ ਵਰਕਰ ਆਪਸ ਵਿੱਚ ਉਲਝ ਗਏ। ਹੰਗਾਮਾ ਇੰਨਾ ਵਧ ਗਿਆ ਕਿ ਪੋਲਿੰਗ ਬੂਥ ਦੇ ਅੰਦਰ ਹੀ ਵਰਕਰਾਂ ਵਿਚਾਲੇ ਥੱਪੜੋ-ਥੱਪੜੀ ਅਤੇ ਲੱਤਾਂ-ਘਸੁੰਨ ਚੱਲਣ ਲੱਗ ਪਏ, ਜਿਸ ਨਾਲ ਉੱਥੇ ਭਗਦੜ ਮੱਚ ਗਈ। ਮੌਕੇ 'ਤੇ ਮੌਜੂਦ ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਚੋਣ ਪ੍ਰਕਿਰਿਆ ਇਸ ਹੰਗਾਮੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।


  • May 26, 2026 04:20 PM
    ਮਲੇਰਕੋਟਲਾ 'ਚ ਵੋਟਿੰਗ ਦਾ ਉਤਸ਼ਾਹ: ਸ਼ਾਮ ਵੇਲੇ ਵੋਟਰਾਂ ਦੀ ਰਹੀ ਭਾਰੀ ਭੀੜ, ਜ਼ਿਲ੍ਹੇ ਭਰ ਵਿੱਚ ਮਾਹੌਲ ਰਿਹਾ ਪੂਰੀ ਤਰ੍ਹਾਂ ਸ਼ਾਂਤ

    ਮਲੇਰਕੋਟਲਾ ਸ਼ਹਿਰ ਵਿੱਚ ਅੱਜ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਖ਼ਾਸਕਰ ਦੁਪਹਿਰ ਤੋਂ ਬਾਅਦ ਸ਼ਾਮ ਦੇ ਸਮੇਂ ਵੋਟ ਪਾਉਣ ਵਾਲਿਆਂ ਦੀਆਂ ਕਤਾਰਾਂ ਵਿੱਚ ਵਾਧਾ ਹੋਇਆ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦੇ ਨਜ਼ਰ ਆਏ। ਸਭ ਤੋਂ ਰਾਹਤ ਵਾਲੀ ਗੱਲ ਇਹ ਰਹੀ ਕਿ ਪੂਰੇ ਮਲੇਰਕੋਟਲਾ ਜ਼ਿਲ੍ਹੇ ਵਿੱਚੋਂ ਕਿਸੇ ਵੀ ਵੱਡੀ ਅਣਸੁਖਾਵੀਂ ਘਟਨਾ ਦੀ ਖ਼ਬਰ ਸਾਹਮਣੇ ਨਹੀਂ ਆਈ ਅਤੇ ਵੋਟਿੰਗ ਦੀ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ।



  • May 26, 2026 03:27 PM
    Punjab Municipal Elections LIVE: ਦੁਪਹਿਰ 2 ਵਜੇ ਤੱਕ ਵੋਟਿੰਗ ਦਾ ਅੰਕੜਾ 44.09% ਤੱਕ ਪਹੁੰਚਿਆ; ਪਾਇਲ 'ਚ ਸਭ ਤੋਂ ਵੱਧ ਉਤਸ਼ਾਹ

    ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਪੂਰੇ ਜ਼ੋਰਾਂ 'ਤੇ ਹੈ। ਦੁਪਹਿਰ 2 ਵਜੇ ਤੱਕ ਮਿਲੇ ਅੰਕੜਿਆਂ ਮੁਤਾਬਕ, ਕੁੱਲ ਵੋਟਿੰਗ ਪ੍ਰਤੀਸ਼ਤ 44.09% ਦਰਜ ਕੀਤੀ ਗਈ ਹੈ। ਵੱਖ-ਵੱਖ ਨਗਰ ਕੌਂਸਲਾਂ ਦੀ ਗੱਲ ਕਰੀਏ ਤਾਂ ਪਾਇਲ ਵਿੱਚ ਸਭ ਤੋਂ ਵੱਧ 59.32% ਵੋਟਿੰਗ ਹੋਈ ਹੈ। ਇਸ ਤੋਂ ਇਲਾਵਾ ਰਾਏਕੋਟ ਵਿੱਚ 49.11%, ਸਮਰਾਲਾ ਵਿੱਚ 48.94%, ਦੋਰਾਹਾ ਵਿੱਚ 47.97%, ਜਗਰਾਉਂ ਵਿੱਚ 44.44% ਅਤੇ ਖੰਨਾ ਵਿੱਚ 40.43% ਲੋਕਾਂ ਨੇ ਹੁਣ ਤੱਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।


  • May 26, 2026 02:30 PM
    ਸਮਾਣਾ 'ਚ ਚੋਣਾਂ ਦੌਰਾਨ ਹੰਗਾਮਾ: ਚੱਲੇ ਇੱਟਾਂ-ਰੋੜੇ; ਕਰੰਟ ਲੱਗਣ ਕਾਰਨ ਭਾਜਪਾ ਵਰਕਰ ਗੰਭੀਰ ਜ਼ਖ਼ਮੀ,ਪਟਿਆਲਾ ਰੈਫ਼ਰ

    ਸਮਾਣਾ ਦੇ ਵਾਰਡ ਨੰਬਰ 19 ਵਿੱਚ ਚੋਣਾਂ ਦੌਰਾਨ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਦੋ ਧਿਰਾਂ ਵਿਚਾਲੇ ਟਕਰਾਅ ਤੋਂ ਬਾਅਦ ਇੱਟਾਂ-ਰੋੜੇ ਚੱਲ ਪਏ। ਇਸੇ ਹਫੜਾ-ਦਫੜੀ ਦੌਰਾਨ ਇੱਕ ਨੌਜਵਾਨ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਜ਼ਖ਼ਮੀ ਨੌਜਵਾਨ ਨੂੰ ਭਾਰਤੀ ਜਨਤਾ ਪਾਰਟੀ (BJP) ਦਾ ਵਰਕਰ ਦੱਸਿਆ ਜਾ ਰਿਹਾ ਹੈ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਇਲਾਜ ਲਈ ਤੁਰੰਤ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ।


  • May 26, 2026 12:57 PM
    MC Elections LIVE 2026: ਦੁਪਹਿਰ 12 ਵਜੇ ਤੱਕ ਬਠਿੰਡਾ ਤੇ ਸੰਗਰੂਰ 'ਚ ਭਾਰੀ ਵੋਟਿੰਗ, ਡੇਰਾਬੱਸੀ, ਬਨੂੜ ਅਤੇ ਕੁਰਾਲੀ ਦੇ ਅੰਕੜੇ ਆਏ ਸਾਹਮਣੇ

    ਪੰਜਾਬ ਵਿੱਚ ਚੱਲ ਰਹੀਆਂ ਸਥਾਨਕ ਚੋਣਾਂ ਦੌਰਾਨ ਦੁਪਹਿਰ 12 ਵਜੇ ਤੱਕ ਵੱਖ-ਵੱਖ ਜ਼ਿਲ੍ਹਿਆਂ ਅਤੇ ਨਗਰ ਕੌਂਸਲਾਂ ਵਿੱਚ ਵੋਟਿੰਗ ਦੀ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵਧੀ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਜ਼ਿਲ੍ਹਾ ਸੰਗਰੂਰ ਵਿੱਚ 35% ਅਤੇ ਜ਼ਿਲ੍ਹਾ ਬਠਿੰਡਾ ਵਿੱਚ 33.81% ਵੋਟਿੰਗ ਹੋ ਚੁੱਕੀ ਹੈ। ਇਸੇ ਤਰ੍ਹਾਂ ਨਗਰ ਕੌਂਸਲ ਬਨੂੜ ਵਿੱਚ ਸਭ ਤੋਂ ਵੱਧ 39.12%, ਕੁਰਾਲੀ ਵਿੱਚ 32.16% ਅਤੇ ਡੇਰਾਬੱਸੀ ਵਿੱਚ 28.4% ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ।


  • May 26, 2026 12:52 PM
    Punjab MC Elections LIVE 2026: ਗਿੱਦੜਬਾਹਾ 'ਚ ਹੰਗਾਮਾ: ਸੜਕ 'ਤੇ ਆਹਮੋ-ਸਾਹਮਣੇ ਹੋਏ ਅਕਾਲੀ ਅਤੇ 'ਆਪ' ਵਰਕਰ, ਸਥਿਤੀ ਤਣਾਅਪੂਰਨ

    ਗਿੱਦੜਬਾਹਾ ਵਿਖੇ ਚੋਣਾਂ ਦੌਰਾਨ ਮਾਹੌਲ ਉਸ ਵੇਲੇ ਬੇਹੱਦ ਗਰਮਾ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਸੜਕ 'ਤੇ ਹੀ ਆਪਸ ਵਿੱਚ ਭਿੜ ਗਏ। ਇਸ ਹੰਗਾਮੇ ਅਤੇ ਤਿੱਖੀ ਬਹਿਸਬਾਜ਼ੀ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਮੌਕੇ 'ਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।


  • May 26, 2026 12:49 PM
    Punjab MC Elections LIVE: ਰਾਏਕੋਟ ਹਲਕੇ ਦੇ ਵਾਰਡ ਨੰਬਰ 4 ਚ ਹੰਗਾਮੇ ਤੋਂ ਬਾਅਦ ਕਾਂਗਰਸੀ ਉਮੀਦਵਾਰ ਬੁਰੀ ਤਰਾਂ ਜ਼ਖਮੀ

    ਲੁਧਿਆਣਾ ਦੇ ਰਾਏਕੋਟ ਹਲਕੇ ਚ ਵਾਰਡ ਨੰਬਰ 4 ਆਪ ਅਤੇ ਕਾਂਗਰਸ ਚ ਝਗਾੜਾ ਹੋ ਗਿਆ ਜਿਸ ਚ ਕਾਂਗਰਸ ਦਾ ਉਮੀਦਵਾਰ ਜਗਦੇਵ ਸਿੰਘ ਬੁਰੀ ਤਰਾਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਹੈ, ਇਹ ਵਾਰਡ ਖੁਦ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਾਕਮ ਸਿੰਘ ਠੇਕੇਦਾਰ ਦਾ ਹੈ ਉਸ ਦੀ ਰਿਹਾਇਸ਼ ਤੋਂ 100 ਮੀਟਰ ਦੀ ਦੂਰੀ ਤੇ ਇਹ ਹਮਲਾ ਹੋਇਆ।


  • May 26, 2026 12:46 PM
    ਫ਼ਰੀਦਕੋਟ 'ਚ ਹੰਗਾਮਾ: ਬੂਥ ਅੰਦਰ ਵੋਟ ਪਵਾਉਣ ਦੇ ਇਲਜ਼ਾਮਾਂ ਨੂੰ ਲੈ ਕੇ ਭਿੜੀਆਂ ਭਾਜਪਾ, 'ਆਪ' ਤੇ ਕਾਂਗਰਸ ਧਿਰਾਂ

    ਫ਼ਰੀਦਕੋਟ ਦੇ ਵਾਰਡ ਨੰਬਰ 17 ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਕਾਂਗਰਸ ਅਤੇ 'ਆਪ' ਆਗੂਆਂ ਨੇ ਭਾਜਪਾ ਆਗੂ ਸੰਨੀ ਬਰਾੜ 'ਤੇ ਬੂਥ ਦੇ ਅੰਦਰ ਵੜ ਕੇ ਮਿਲਟਰੀ ਪਰਿਵਾਰਾਂ ਨੂੰ ਬੀਜੇਪੀ ਦੇ ਹੱਕ ਵਿੱਚ ਵੋਟ ਪਾਉਣ ਲਈ ਉਕਸਾਉਣ ਦੇ ਇਲਜ਼ਾਮ ਲਗਾਏ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਦੂਜੇ ਪਾਸੇ, ਆਪਣੇ ਬਚਾਅ ਵਿੱਚ ਭਾਜਪਾ ਆਗੂ ਸੰਨੀ ਬਰਾੜ ਦਾ ਕਹਿਣਾ ਹੈ ਕਿ ਹਰ ਇੱਕ ਵੋਟਰ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਪੂਰਾ ਹੱਕ ਹੈ।


  • May 26, 2026 12:24 PM
    ਬਰਨਾਲਾ ਚੋਣਾਂ: ਵੋਟਰਾਂ ਵਿੱਚ ਭਾਰੀ ਉਤਸ਼ਾਹ, ਸਵੇਰੇ 11 ਵਜੇ ਤੱਕ ਹੋਈ 20 ਫ਼ੀਸਦੀ ਵੋਟਿੰਗ

    ਨਗਰ ਨਿਗਮ ਬਰਨਾਲਾ ਸਮੇਤ ਨਗਰ ਕੌਂਸਲ ਤਪਾ, ਨਗਰ ਕੌਂਸਲ ਭਦੌੜ ਅਤੇ ਨਗਰ ਕੌਂਸਲ ਧਨੌਲਾ ਦੀਆਂ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਵੋਟ ਪਾਉਣ ਲਈ ਪਹੁੰਚ ਰਹੇ ਹਨ। ਤਾਜ਼ਾ ਅੰਕੜਿਆਂ ਮੁਤਾਬਕ, ਇਨ੍ਹਾਂ ਚੋਣਾਂ ਲਈ ਸਵੇਰੇ 11 ਵਜੇ ਤੱਕ ਲਗਭਗ 20% (ਵੀਹ ਫ਼ੀਸਦੀ) ਵੋਟਿੰਗ ਹੋ ਚੁੱਕੀ ਹੈ ਅਤੇ ਪੋਲਿੰਗ ਬੂਥਾਂ 'ਤੇ ਲਗਾਤਾਰ ਰੌਣਕ ਬਣੀ ਹੋਈ ਹੈ।


  • May 26, 2026 12:02 PM
    ਬਟਾਲਾ 'ਚ ਵੋਟਿੰਗ: 'ਆਪ' ਵਿਧਾਇਕ ਸ਼ੈਰੀ ਕਲਸੀ ਨੇ ਪਤਨੀ ਰਾਜਬੀਰ ਕੌਰ ਸਮੇਤ ਪਾਈ ਵੋਟ; ਲੋਕਾਂ ਨੂੰ ਵੀ ਕੀਤੀ ਅਪੀਲ

    ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਤੇ ਹਲਕਾ ਬਟਾਲਾ ਤੋਂ ਵਿਧਾਇਕ (MLA) ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਆਪਣੀ ਪਤਨੀ ਰਾਜਬੀਰ ਕੌਰ ਕਲਸੀ ਨਾਲ ਬਟਾਲਾ ਵਿਖੇ ਪਹੁੰਚ ਕੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਿੱਸਾ ਲਿਆ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।


  • May 26, 2026 11:29 AM
    ਸੰਗਰੂਰ ਤੋਂ MP ਮੀਤ ਹੇਅਰ ਨੇ ਪਤਨੀ ਸਮੇਤ ਪਾਈ ਵੋਟ; ਬਰਨਾਲਾ 'ਚ 'ਆਪ' ਦੇ ਮੇਅਰ ਦੀ ਜਿੱਤ ਦਾ ਕੀਤਾ ਦਾਅਵਾ

    ਬਰਨਾਲਾ ਦੇ ਐੱਸ.ਡੀ. ਕਾਲਜ ਸਥਿਤ ਪੋਲਿੰਗ ਬੂਥ ਨੰਬਰ 49 'ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ (MP) ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਪਤਨੀ ਡਾ. ਗੁਰਵੀਨ ਕੌਰ ਨਾਲ ਪਹੁੰਚ ਕੇ ਵੋਟ ਪਾਈ। ਇਸ ਮੌਕੇ ਮੀਤ ਹੇਅਰ ਨੇ ਬਰਨਾਲਾ ਵਿੱਚ ਪਹਿਲੀ ਵਾਰ ਹੋ ਰਹੀਆਂ ਨਗਰ ਨਿਗਮ ਚੋਣਾਂ ਵਿੱਚ 'ਆਪ' ਦਾ ਪਹਿਲਾ ਮੇਅਰ ਬਣਨ ਅਤੇ ਵੱਡੀ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਦੇਸ਼ ਨੇ ਬੁਰੇ ਹਾਲਾਤ ਦੇਖੇ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਂ 'ਤੇ ਸਿਰਫ਼ ਧੋਖਾ ਮਿਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਅੰਦਰ ਲੋਕਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।


  • May 26, 2026 10:13 AM
    MC Elections LIVE 2026: ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪਰਿਵਾਰ ਸਮੇਤ ਪਾਈ ਵੋਟ; ਲੋਕਾਂ ਨੂੰ ਕੀਤੀ ਖ਼ਾਸ ਅਪੀਲ

    ਚੋਣਾਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਸਿਆਸਤਦਾਨ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਪੂਰੇ ਉਤਸ਼ਾਹ ਨਾਲ ਕਰ ਰਹੇ ਹਨ। ਇਸੇ ਤਹਿਤ ਮੋਹਾਲੀ ਤੋਂ ਵਿਧਾਇਕ (MLA) ਕੁਲਵੰਤ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।


  • May 26, 2026 10:02 AM
    ਮਹਿੰਗੇ ਤੇਲ ਖ਼ਿਲਾਫ਼ ਰਾਜਾ ਵੜਿੰਗ ਦਾ ਅਨੋਖਾ ਪ੍ਰਦਰਸ਼ਨ: ਪਤਨੀ ਸਮੇਤ ਬੈਲ ਗੱਡੀ 'ਤੇ ਵੋਟ ਪਾਉਣ ਪਹੁੰਚੇ

    ਤੇਲ ਦੀਆਂ ਵਧੀਆਂ ਕੀਮਤਾਂ ਅਤੇ ਲਗਾਤਾਰ ਵਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਿਅੰਗਮਈ ਅੰਦਾਜ਼ ਅਪਣਾਇਆ ਹੈ। ਉਹ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਵਿਰੁੱਧ ਸੁਨੇਹਾ ਦੇਣ ਲਈ ਆਪਣੀ ਧਰਮ ਪਤਨੀ ਸਮੇਤ ਬੈਲ ਗੱਡੀ 'ਤੇ ਸਵਾਰ ਹੋ ਕੇ ਵੋਟ ਪਾਉਣ ਨਿਕਲੇ। ਰਾਜਾ ਵੜਿੰਗ ਨੇ ਸਰਕਾਰ 'ਤੇ ਤੰਜ਼ ਕੱਸਦਿਆਂ ਕਿਹਾ ਕਿ ਤੇਲ ਇੰਨਾ ਮਹਿੰਗਾ ਹੋ ਚੁੱਕਾ ਹੈ ਕਿ ਹੁਣ ਆਮ ਲੋਕਾਂ ਕੋਲ ਗੱਡੀਆਂ ਛੱਡ ਕੇ ਬੈਲ ਗੱਡੀ ਚਲਾਉਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਿਆ।



  • May 26, 2026 09:53 AM
    Punjab MC Elections LIVE: ਪੋਲਿੰਗ ਬੂਥ ਅੰਦਰ ਮੋਬਾਈਲ ਸਮੇਤ 9 ਚੀਜ਼ਾਂ ਲੈ ਕੇ ਜਾਣ 'ਤੇ ਮੁਕੰਮਲ ਪਾਬੰਦੀ

    ਪੰਜਾਬ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਮੁਤਾਬਕ ਇਸ ਵਾਰ ਪੋਲਿੰਗ ਬੂਥ ਦੇ ਅੰਦਰ 9 ਚੀਜ਼ਾਂ ਲੈ ਕੇ ਜਾਣ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਬੂਥ ਦੇ ਅੰਦਰ ਮੋਬਾਈਲ ਫੋਨ ਲਿਜਾਣ ਦੀ ਬਿਲਕੁਲ ਇਜਾਜ਼ਤ ਨਹੀਂ ਹੋਵੇਗੀ, ਭਾਵੇਂ ਉਹ ਬੰਦ (ਸਵਿੱਚ ਆਫ਼) ਹੀ ਕਿਉਂ ਨਾ ਹੋਵੇ। ਇਸ ਤੋਂ ਇਲਾਵਾ ਪਾਣੀ ਦੀ ਬੋਤਲ, ਸਿਆਹੀ, ਚਾਕੂ, ਪੇਚਕਸ, ਹਥਿਆਰ, ਕੈਮਰਾ, ਮਾਚਿਸ ਅਤੇ ਲਾਈਟਰ ਵਰਗੀਆਂ ਚੀਜ਼ਾਂ 'ਤੇ ਵੀ ਪਾਬੰਦੀ ਹੈ। ਚੋਣ ਕਮਿਸ਼ਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਪਾਉਣ ਆਉਣ ਸਮੇਂ ਆਪਣੇ ਮੋਬਾਈਲ ਘਰ ਹੀ ਰੱਖ ਕੇ ਆਉਣ।


  • May 26, 2026 09:51 AM
    MC Elections LIVE: ਮਜੀਠਾ ‘ਚ ਚੋਣਾਂ ਨੂੰ ਲੈ ਕੇ ਵੋਟਰਾਂ ‘ਚ ਭਾਰੀ ਉਤਸ਼ਾਹ, ਪਰ ਬਜ਼ੁਰਗਾਂ ਤੇ ਦਿਵਿਆਂਗਾਂ ਲਈ ਪ੍ਰਬੰਧਾਂ ਦੀ ਕਮੀ

    ਮਜੀਠਾ ਨਗਰ ਕੌਂਸਲ ਦੇ ਵਾਰਡ ਨੰਬਰ 6 ਅਤੇ 13 ਵਿੱਚ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਵੇਰ ਤੋਂ ਹੀ ਬੂਥਾਂ 'ਤੇ ਲੰਮੀਆਂ ਕਤਾਰਾਂ ਲੱਗ ਗਈਆਂ। ਲੋਕਾਂ ਨੇ ਇਲਾਕੇ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਦੀ ਉਮੀਦ ਨਾਲ ਵੋਟ ਪਾਈ। ਹਾਲਾਂਕਿ, ਪੋਲਿੰਗ ਬੂਥਾਂ 'ਤੇ ਵ੍ਹੀਲਚੇਅਰ ਵਰਗੀਆਂ ਲੋੜੀਂਦੀਆਂ ਸਹੂਲਤਾਂ ਦੀ ਕਮੀ ਕਾਰਨ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਨੂੰ ਕਾਫ਼ੀ ਮੁਸ਼ਕਲ ਹੋਈ, ਜਿਸ ਕਰਕੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਹੱਥਾਂ ਵਿੱਚ ਚੁੱਕ ਕੇ ਵੋਟ ਪਵਾਉਣ ਲਈ ਲੈ ਕੇ ਗਏ।



  • May 26, 2026 09:44 AM
    Punjab MC Elections LIVE 2026: ਨਗਰ ਕੌਂਸਲ ਚੋਣਾਂ ਲਈ ਵੋਟਿੰਗ ਸ਼ੁਰੂ: ਬੂਥਾਂ 'ਤੇ ਲੱਗੀਆਂ ਲੰਮੀਆਂ ਕਤਾਰਾਂ, 29 ਨੂੰ ਆਉਣਗੇ ਨਤੀਜੇ

    ਨਗਰ ਕੌਂਸਲ ਦੀਆਂ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 5 ਵਜੇ ਤੱਕ ਚੱਲੇਗੀ ਅਤੇ ਇਸ ਦੇ ਨਤੀਜੇ 29 ਤਰੀਕ ਨੂੰ ਐਲਾਨੇ ਜਾਣਗੇ। ਭਾਰੀ ਗਰਮੀ ਦੇ ਬਾਵਜੂਦ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਵੋਟ ਪਾਉਣ ਲਈ ਬੂਥਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਬਜ਼ੁਰਗਾਂ ਤੇ ਅੰਗਹੀਣਾਂ ਲਈ ਵੀਲ੍ਹ ਚੇਅਰ, ਪਾਣੀ ਤੇ ਛਾਂ ਦਾ ਖ਼ਾਸ ਇੰਤਜ਼ਾਮ ਹੈ। ਇਸ ਵਾਰ ਵੋਟਿੰਗ ਬੈਲਟ ਪੇਪਰ ਰਾਹੀਂ ਹੋ ਰਹੀ ਹੈ, ਜਿਸ ਲਈ ਚੋਣ ਅਮਲਾ ਵੋਟਰਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ ਅਤੇ ਸਾਰੇ ਉਮੀਦਵਾਰ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ।


ਪੰਜਾਬ ਵਿੱਚ ਅੱਜ 8 ਨਗਰ ਨਿਗਮਾਂ (ਬਠਿੰਡਾ, ਅਬੋਹਰ, ਬਟਾਲਾ, ਬਰਨਾਲਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਮੋਹਾਲੀ) ਸਮੇਤ 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ, ਜੋ ਸ਼ਾਮ 5 ਵਜੇ ਤੱਕ ਚੱਲੇਗੀ। ਇਸ ਵਾਰ ਚੋਣਾਂ ਵਿੱਚ ਈ.ਵੀ.ਐਮ. (EVM) ਦੀ ਜਗ੍ਹਾ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਜਾ ਰਹੀਆਂ ਹਨ, ਜਿਸ ਵਿੱਚ 36.73 ਲੱਖ ਵੋਟਰ 7,555 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣਾਂ ਨੂੰ ਅਮਨ-ਸ਼ਾਤੀ ਨਾਲ ਕਰਵਾਉਣ ਲਈ ਸੂਬੇ ਵਿੱਚ 35 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਸ਼ਰਾਬ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਮੋਬਾਈਲ ਫੋਨ (ਭਾਵੇਂ ਉਹ ਬੰਦ ਹੀ ਕਿਉਂ ਨਾ ਹੋਵੇ) ਸਣੇ 9 ਚੀਜ਼ਾਂ ਪੋਲਿੰਗ ਬੂਥ ਦੇ ਅੰਦਰ ਲੈ ਕੇ ਜਾਣ 'ਤੇ ਰੋਕ ਲਗਾ ਦਿੱਤੀ ਹੈ ਅਤੇ ਵੋਟਿੰਗ ਕਾਰਨ ਅੱਜ ਪੰਜਾਬ ਭਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

Punjabi Shorts

Latest News