Punjab Municipal Election Results LIVE: ਪੰਜਾਬ ਨਿਗਮ ਚੋਣਾਂ: 'ਆਪ' ਦੀ ਹਨੇਰੀ; ਆਜ਼ਾਦ ਉਮੀਦਵਾਰਾਂ ਦੀ ਕਾਂਗਰਸ ਨੂੰ ਟੱਕਰ, ਭਾਜਪਾ ਸਭ ਤੋਂ ਪਿੱਛੇ
ਮੋਹਾਲੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੇ ਆਪਣਾ ਖਾਤਾ ਖੋਲ੍ਹਦਿਆਂ ਵਾਰਡ ਨੰਬਰ 14 ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਵਾਰਡ ਤੋਂ ਕਾਂਗਰਸ ਦੇ ਉਮੀਦਵਾਰ ਕਮਲਪ੍ਰੀਤ ਸਿੰਘ ਬੈਦਵਾਣ ਨੇ ਆਪਣੇ ਵਿਰੋਧੀਆਂ ਨੂੰ ਪਛਾੜਦਿਆਂ ਜਿੱਤ ਹਾਸਲ ਕੀਤੀ ਹੈ। ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਨੇ ਇਸ ਜਿੱਤ ਦਾ ਸਿਹਰਾ ਆਪਣੇ ਇਲਾਕਾ ਵਾਸੀਆਂ ਦੇ ਪਿਆਰ ਅਤੇ ਸਹਿਯੋਗ ਨੂੰ ਦਿੱਤਾ ਹੈ।
ਸਮਾਣਾ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 4 ਤੋਂ ਵੱਡੇ ਫਰਕ ਨਾਲ ਜਿੱਤਣ ਤੋਂ ਬਾਅਦ, ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਕ੍ਰਿਸ਼ਨ ਗਰਗ ਨੇ ਵੋਟਰਾਂ ਅਤੇ ਆਪਣੇ ਸਮਰਥਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਅਥਾਹ ਪਿਆਰ, ਭਰੋਸੇ ਅਤੇ ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਗੋਪਾਲ ਕ੍ਰਿਸ਼ਨ ਗਰਗ ਨੇ ਖ਼ਾਸ ਤੌਰ 'ਤੇ ਆਪਣੇ ਵਾਰਡ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਵੱਲੋਂ ਮਿਲੇ ਇਸ ਸਨਮਾਨ ਨੂੰ ਹਮੇਸ਼ਾ ਯਾਦ ਰੱਖਣਗੇ ਅਤੇ ਇਲਾਕੇ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਪੱਟੀ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਚੋਣਾਂ ਵਿੱਚ ਕਾਂਗਰਸ ਦੇ 9 ਉਮੀਦਵਾਰ ਜੇਤੂ ਰਹੇ, ਜਦੋਂ ਕਿ ਆਮ ਆਦਮੀ ਪਾਰਟੀ ਦੇ 6 ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਮਰਥਿਤ 4 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਦੀ ਖੁਸ਼ੀ ਵਿੱਚ ਕਾਂਗਰਸੀ ਉਮੀਦਵਾਰਾਂ ਨੇ ਜਸ਼ਨ ਮਨਾਇਆ। ਇਸ ਮੌਕੇ ਪੱਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਨੇ ਜੇਤੂ ਉਮੀਦਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਹਰਮਿੰਦਰ ਗਿੱਲ ਨੇ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਉਮੀਦਵਾਰਾਂ ਨੂੰ ਜਾਰੀ ਹੋਣ ਵਾਲੇ ਹਰ ਨੋਟਿਸ ਦਾ ਉਹ ਸਵਾਗਤ ਕਰਨਗੇ ਅਤੇ ਨਿਯਮਾਂ ਅਨੁਸਾਰ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਪਠਾਨਕੋਟ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਕੁੱਲ 50 ਵਾਰਡਾਂ ਵਿੱਚੋਂ ਭਾਰਤੀ ਜਨਤਾ ਪਾਰਟੀ (BJP) ਨੇ 15 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ 12 ਸੀਟਾਂ ਅਤੇ ਆਮ ਆਦਮੀ ਪਾਰਟੀ (AAP) ਨੇ 6 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਚੋਣਾਂ ਦੇ ਇਨ੍ਹਾਂ ਨਤੀਜਿਆਂ ਨੇ ਪਠਾਨਕੋਟ ਦੀ ਸਿਆਸੀ ਤਸਵੀਰ ਨੂੰ ਸਪੱਸ਼ਟ ਕਰ ਦਿੱਤਾ ਹੈ, ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕਾਂ ਦਾ ਮਿਲਿਆ-ਜੁਲਿਆ ਸਮਰਥਨ ਦੇਖਣ ਨੂੰ ਮਿਲਿਆ ਹੈ।
ਮੋਹਾਲੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਹੈ। ਵਾਰਡ ਨੰਬਰ 4 ਤੋਂ ਹਰਬਿੰਦਰ ਸਿੰਘ ਅਤੇ ਵਾਰਡ ਨੰਬਰ 3 ਤੋਂ ਗੁਰਮੀਤ ਕੌਰ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਜਿੱਤਾਂ ਨਾਲ ਇਲਾਕੇ ਦੇ 'ਆਪ' ਸਮਰਥਕਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ ਅਤੇ ਵਾਰਡ ਵਾਸੀਆਂ ਨੇ ਆਪਣੇ ਨਵੇਂ ਨੁਮਾਇੰਦਿਆਂ ਦਾ ਭਰਵਾਂ ਸਵਾਗਤ ਕੀਤਾ ਹੈ।
ਗੜ੍ਹਦੀਵਾਲਾ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ, ਜਿਸ ਵਿੱਚ ਆਮ ਆਦਮੀ ਪਾਰਟੀ (AAP) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ 4 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਹਨ। ਚੋਣਾਂ ਵਿੱਚ 'ਆਪ' ਦੀ ਵੱਧ ਸੀਟਾਂ 'ਤੇ ਜਿੱਤ ਨਾਲ ਇਲਾਕੇ ਵਿੱਚ ਪਾਰਟੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਮੋਹਾਲੀ ਨਗਰ ਨਿਗਮ ਚੋਣਾਂ ਦੀ ਗਿਣਤੀ ਦੌਰਾਨ ਦੁਪਹਿਰ 3 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਆਮ ਆਦਮੀ ਪਾਰਟੀ (AAP) ਨੇ 21 ਸੀਟਾਂ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਇਸ ਦੇ ਨਾਲ ਹੀ ਕਾਂਗਰਸ 4, ਸ਼੍ਰੋਮਣੀ ਅਕਾਲੀ ਦਲ 3 ਅਤੇ ਆਜ਼ਾਦ ਉਮੀਦਵਾਰ 2 ਸੀਟਾਂ 'ਤੇ ਅੱਗੇ ਚੱਲ ਰਹੇ ਹਨ। ਚੋਣ ਨਤੀਜਿਆਂ ਦੀ ਤਸਵੀਰ ਹੌਲੀ-ਹੌਲੀ ਸਾਫ਼ ਹੋ ਰਹੀ ਹੈ ਅਤੇ ਫਿਲਹਾਲ 'ਆਪ' ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ।
ਸੁਨਾਮ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਚੋਣ ਵਿੱਚ ਕਿੰਨਰ ਸਮਾਜ ਨਾਲ ਸਬੰਧਤ ਮਾਹੀ ਮਹੰਤ ਨੇ ਵੀ ਸ਼ਾਨਦਾਰ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਰਚਿਆ ਹੈ। ਇਸ ਖ਼ਾਸ ਮੌਕੇ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਨੇ ਮਾਹੀ ਮਹੰਤ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਅਤੇ ਗੱਲ ਵਿੱਚ ਹਾਰ ਪਾ ਕੇ ਉਨ੍ਹਾਂ ਨੂੰ ਇਸ ਵੱਡੀ ਜਿੱਤ ਦੀ ਮੁਬਾਰਕਬਾਦ ਦਿੱਤੀ।

ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ, ਜਿਸ ਵਿੱਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਧੂਰੀ ਦੇ 21 ਵਾਰਡਾਂ ਵਿੱਚੋਂ 'ਆਪ' ਨੇ 19 ਅਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਜਿੱਤੀਆਂ ਹਨ। ਭਵਾਨੀਗੜ੍ਹ ਵਿੱਚ 'ਆਪ' ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਰਿਹਾ, ਜਿੱਥੇ ਦੋਵਾਂ ਨੇ 7-7 ਸੀਟਾਂ ਜਿੱਤੀਆਂ, ਜਦਕਿ 1 ਸੀਟ ਅਕਾਲੀ ਦਲ ਨੂੰ ਮਿਲੀ। ਸੁਨਾਮ ਵਿੱਚ 23 ਵਿੱਚੋਂ 19 ਵਾਰਡ ਜਿੱਤ ਕੇ 'ਆਪ' ਨੇ ਵੱਡੀ ਜਿੱਤ ਦਰਜ ਕੀਤੀ, ਜਿੱਥੇ ਭਾਜਪਾ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ। ਇਸੇ ਤਰ੍ਹਾਂ ਲੌਂਗੋਵਾਲ ਵਿੱਚ 'ਆਪ' ਨੇ 15 ਵਿੱਚੋਂ 10 ਸੀਟਾਂ 'ਤੇ ਕਬਜ਼ਾ ਕੀਤਾ, ਜਦਕਿ ਕਾਂਗਰਸ ਨੇ 2, ਅਕਾਲੀ ਦਲ ਨੇ 1 ਅਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ।
ਸਮਾਣਾ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਢੋਲ-ਧਮਾਕੇ ਅਤੇ ਭੰਗੜੇ ਪਾ ਕੇ ਆਪਣੇ ਜੇਤੂ ਉਮੀਦਵਾਰਾਂ ਦਾ ਨਿੱਘਾ ਸਵਾਗਤ ਕੀਤਾ। ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ ਅਤੇ ਉਨ੍ਹਾਂ ਦੀ ਟੀਮ ਨੇ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਵਾਰਡ ਨੰਬਰ 18 ਤੋਂ ਜਿੱਤ ਪ੍ਰਾਪਤ ਕਰਨ ਵਾਲੀ ਉਮੀਦਵਾਰ ਕੋਮਲ ਮਹੰਤ ਦੀ ਚਰਚਾ ਹਰ ਪਾਸੇ ਹੈ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਇਤਿਹਾਸਕ ਜਿੱਤ ਦਰਜ ਕਰਕੇ ਪਾਰਟੀ ਦਾ ਮਾਣ ਵਧਾਇਆ ਹੈ।
ਸੁਨਾਮ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕੁੱਲ 23 ਵਾਰਡਾਂ ਵਿੱਚੋਂ 'ਆਪ' ਨੇ 19 ਵਾਰਡ ਜਿੱਤ ਕੇ ਆਪਣਾ ਪੂਰਾ ਦਬਦਬਾ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਭਾਜਪਾ ਨੂੰ 1 ਸੀਟ ਮਿਲੀ ਹੈ ਅਤੇ 3 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਜਦਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਸਮਾਣਾ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 18 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੋਮਲ ਮਹੰਤ ਨੇ ਵੱਡੀ ਲੀਡ ਨਾਲ ਜਿੱਤ ਦਰਜ ਕਰਕੇ ਪਾਰਟੀ ਦਾ ਮਾਣ ਵਧਾਇਆ ਹੈ। ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਦਿਆਂ ਕੋਮਲ ਮਹੰਤ ਨੇ ਕਿਹਾ ਕਿ ਵਾਰਡ ਦੇ ਲੋਕਾਂ ਨੇ ਉਨ੍ਹਾਂ ਨੂੰ ਜੋ ਅਥਾਹ ਪਿਆਰ ਅਤੇ ਇੱਜ਼ਤ ਦਿੱਤੀ ਹੈ, ਉਹ ਉਸ ਨੂੰ ਦੁੱਗਣਾ ਕਰਕੇ ਲੋਕਾਂ ਦੀ ਸੇਵਾ ਵਿੱਚ ਮੋੜਨਗੇ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ
ਭਵਾਨੀਗੜ੍ਹ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਬਹੁਤ ਹੀ ਦਿਲਚਸਪ ਸਥਿਤੀ ਬਣੀ ਹੋਈ ਹੈ। ਕੁੱਲ 15 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਨੇ ਹੀ 7-7 ਸੀਟਾਂ ਉੱਤੇ ਜਿੱਤ ਦਰਜ ਕਰਕੇ ਇੱਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ ਹੈ, ਜਦਕਿ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਗਈ ਹੈ। ਨਗਰ ਕੌਂਸਲ ਦਾ ਪ੍ਰਧਾਨ ਬਣਨ ਲਈ 8 ਸੀਟਾਂ ਦਾ ਬਹੁਮਤ ਹੋਣਾ ਜ਼ਰੂਰੀ ਹੈ, ਜਿਸ ਕਾਰਨ ਹੁਣ ਪ੍ਰਧਾਨਗੀ ਦੀ ਕੁਰਸੀ ਲਈ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਹੋਣ ਦੇ ਆਸਾਰ ਹਨ।
ਬੁਢਲਾਡਾ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਨੇ 4, ਆਮ ਆਦਮੀ ਪਾਰਟੀ (AAP) ਨੇ 2, ਅਤੇ ਆਜ਼ਾਦ (IND) ਉਮੀਦਵਾਰਾਂ ਨੇ 2 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 9 ਤੋਂ ਬਸਪਾ (BSP) ਦਾ ਉਮੀਦਵਾਰ ਜੇਤੂ ਰਿਹਾ ਹੈ, ਜਦਕਿ ਵਾਰਡ ਨੰਬਰ 1 ਵਿੱਚ ਵੋਟਾਂ ਦੀ ਮੁੜ ਗਿਣਤੀ (re-counting) ਕੀਤੀ ਜਾ ਰਹੀ ਹੈ।
ਮਾਨਸਾ ਨਗਰ ਕੌਂਸਲ ਚੋਣਾਂ ਦੇ ਹੁਣ ਤੱਕ ਐਲਾਨੇ ਗਏ 14 ਨਤੀਜਿਆਂ ਵਿੱਚ ਸਿਆਸੀ ਮੁਕਾਬਲਾ ਕਾਫ਼ੀ ਦਿਲਚਸਪ ਰਿਹਾ ਹੈ। ਇਨ੍ਹਾਂ ਨਤੀਜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ 5, ਆਮ ਆਦਮੀ ਪਾਰਟੀ ਨੇ 4, ਕਾਂਗਰਸ ਨੇ 2, ਭਾਜਪਾ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ।
ਮਜੀਠਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵਾਰਡ ਨੰਬਰ 6 ਤੋਂ ਉਮੀਦਵਾਰ ਉਦੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਮਜੀਠਾ ਵਿੱਚ 'ਆਪ' ਦੀ ਵੱਡੀ ਜਿੱਤ ਹੋਵੇਗੀ ਅਤੇ ਸਾਰੀਆਂ 13 ਸੀਟਾਂ ਪਾਰਟੀ ਦੀ ਝੋਲੀ ਪੈਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਮਜੀਠਾ ਅਕਾਲੀ ਦਲ ਦੇ ਪ੍ਰਭਾਵ ਹੇਠ ਸੀ, ਪਰ ਹੁਣ ਲੋਕ ਤਲਬੀਰ ਸਿੰਘ ਗਿੱਲ ਦੀ ਵਿਕਾਸਮਈ ਰਾਜਨੀਤੀ ਨਾਲ ਜੁੜ ਕੇ ਵੱਡਾ ਬਦਲਾਅ ਲਿਆਉਣ ਲਈ ਤਿਆਰ ਹਨ।
ਕੀਰਤਪੁਰ ਸਾਹਿਬ ਨਗਰ ਪੰਚਾਇਤ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ। ਵਾਰਡ ਨੰਬਰ 7 ਤੋਂ 'ਆਪ' ਦੀ ਰਾਜਵੀਰ ਕੌਰ (125 ਵੋਟਾਂ) ਜੇਤੂ ਰਹੀ। ਵਾਰਡ ਨੰਬਰ 8 ਵਿੱਚ ਆਜ਼ਾਦ ਉਮੀਦਵਾਰ ਨਰੇਸ਼ ਕੁਮਾਰੀ (157 ਵੋਟਾਂ) ਨੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 9 ਤੋਂ 'ਆਪ' ਦੇ ਗੁਰਮੀਤ ਸਿੰਘ ਟੀਨਾ (149 ਵੋਟਾਂ) ਅਤੇ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਹਰਪਿੰਦਰ ਕੌਰ (189 ਵੋਟਾਂ) ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਜਗਤਾਰ ਸਿੰਘ ਸੈਣੀ (170 ਵੋਟਾਂ) ਨੇ ਜਿੱਤ ਦਰਜ ਕੀਤੀ ਹੈ।
ਰੋਪੜ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਵੱਖ-ਵੱਖ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਕਿਰਨ ਸੋਨੀ ਨੇ 900 ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 7 ਤੋਂ 'ਆਪ' (ਝਾੜੂ) ਦੇ ਉਮੀਦਵਾਰ ਸੁਖਵਿੰਦਰ ਫੌਜੀ, ਵਾਰਡ ਨੰਬਰ 9 ਤੋਂ ਕਾਂਗਰਸ ਦੀ ਰੇਖਾ ਰਾਣੀ ਅਤੇ ਵਾਰਡ ਨੰਬਰ 8 ਤੋਂ ਭਾਜਪਾ ਦੀ ਜਸਬੀਰ ਕੌਰ ਜੇਤੂ ਰਹੇ ਹਨ।
ਸਮਾਣਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਖਾਤਾ ਖੋਲ੍ਹਿਆ ਹੈ। ਵਾਰਡ ਨੰਬਰ 5 ਤੋਂ ਭਾਜਪਾ ਉਮੀਦਵਾਰ ਪੂਜਾ ਸਿੰਗਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 340 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।
ਮੁਕਤਸਰ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਬਣਾਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਪਾਰਟੀ ਦੇ ਉਮੀਦਵਾਰਾਂ ਨੇ ਵਾਰਡ ਨੰਬਰ 5, 6, 7 ਅਤੇ 8 ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਨਗਰ ਕੌਂਸਲ ਰਮਦਾਸ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਤੋਂ ਬਾਅਦ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਸੌਂਪੇ ਅਤੇ ਰਮਦਾਸ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਅਕਾਲੀ ਦਲ, ਭਾਜਪਾ ਅਤੇ ਕਾਂਗਰਸ (ABC) ਤਿੰਨੇ ਪਾਰਟੀਆਂ ਇਕੱਠੀਆਂ ਹੋ ਕੇ ਲੜੀਆਂ ਸਨ, ਪਰ ਫਿਰ ਵੀ ਲੋਕਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।

ਧਾਰੀਵਾਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਵਾਰਡ ਨੰਬਰ 2 ਤੋਂ ਨਰਾਇਣ ਮਲੋਤਰਾ 125 ਵੋਟਾਂ ਨਾਲ ਅਤੇ ਵਾਰਡ ਨੰਬਰ 3 ਤੋਂ ਜੋਤੀ ਮਹਾਜਨ 373 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 4 ਤੋਂ ਬਲਕਾਰ ਸਿੰਘ (ਆਪ) ਅਤੇ ਵਾਰਡ ਨੰਬਰ 1 ਤੋਂ ਇੱਕ ਆਜ਼ਾਦ ਉਮੀਦਵਾਰ ਜਿੱਤਿਆ ਹੈ, ਜਦਕਿ ਵਾਰਡ ਨੰਬਰ 5 ਤੋਂ ਭਾਜਪਾ ਦੇ ਸੁਨੀਲ ਨੇ ਜਿੱਤ ਦਰਜ ਕੀਤੀ ਹੈ।
ਫ਼ਰੀਦਕੋਟ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਸ਼ੁਰੂਆਤੀ ਨਤੀਜਿਆਂ ਵਿੱਚ ਕਾਂਗਰਸ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਪਾਰਟੀ ਨੇ ਆਪਣੇ ਚਾਰੋਂ ਉਮੀਦਵਾਰਾਂ ਨੂੰ ਜਿੱਤ ਦਿਵਾਈ ਹੈ। ਵਾਰਡ ਨੰਬਰ 1, 2, 6 ਅਤੇ 9 ਤੋਂ ਕਾਂਗਰਸ ਦੇ ਉਮੀਦਵਾਰਾਂ ਨੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਆਪਣਾ ਖਾਤਾ ਖੋਲ੍ਹ ਲਿਆ ਹੈ।
ਤਪਾ ਮੰਡੀ ਨਗਰ ਕੌਂਸਲ ਦੇ ਕੁੱਲ 15 ਵਾਰਡਾਂ ਵਿੱਚੋਂ ਹੁਣ ਤੱਕ 8 ਵਾਰਡਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ, ਜਦਕਿ 7 ਵਾਰਡਾਂ ਦੀ ਗਿਣਤੀ ਅਜੇ ਜਾਰੀ ਹੈ। ਹੁਣ ਤੱਕ ਦੇ ਨਤੀਜਿਆਂ ਅਨੁਸਾਰ 'ਆਪ' ਨੇ 2 (ਵਾਰਡ ਨੰਬਰ 6 ਅਤੇ 7), ਅਕਾਲੀ ਦਲ ਨੇ 2 (ਵਾਰਡ ਨੰਬਰ 2 ਅਤੇ 8) ਅਤੇ 4 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਬਾਕੀ ਰਹਿੰਦੇ ਵਾਰਡਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਵਾਰਡ ਨੰਬਰ 1 ਤੋਂ ਤਨੂੰ ਰੇਹਲ (ਭਾਜਪਾ), ਵਾਰਡ 2 ਤੋਂ ਵਿਨੋਦ ਕੁਮਾਰ (ਆਪ), 3 ਤੋਂ ਸੁਖਵਿੰਦਰ ਕੌਰ (ਆਪ), 4 ਤੋਂ ਕ੍ਰਿਸ਼ਨ ਕੌਰ (ਕਾਂਗਰਸ), 5 ਤੋਂ ਰਾਜੇਸ਼ ਰਾਜੂ (ਆਪ), 6 ਤੋਂ ਅਵਤਾਰ ਸਿੰਘ (ਆਪ), 7 ਤੋਂ ਰੇਨੂੰ (ਕਾਂਗਰਸ), 8 ਤੋਂ ਟੀਨਾ ਸ਼ਰਮਾ (ਕਾਂਗਰਸ), 9 ਤੋਂ ਤ੍ਰਿਪਤਾ ਸੋਫਤ (ਆਪ), 11 ਤੋਂ ਤਰਨਜੀਤ ਕੌਰ (ਆਪ), 13 ਤੋਂ ਤਮੰਨਾ ਸ਼ਰਮਾ (ਕਾਂਗਰਸ) ਅਤੇ ਵਾਰਡ ਨੰਬਰ 15 ਤੋਂ ਪਰਮਿੰਦਰ ਵਾਲੀਆ (ਆਪ) ਜੇਤੂ ਰਹੇ ਹਨ।
ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸ ਰਚਦਿਆਂ 13 ਵਿੱਚੋਂ 11 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਜਨਤਾ ਨੇ ਪਾਰਟੀ ਦੇ ਵਿਕਾਸ ਅਤੇ ਇਮਾਨਦਾਰੀ ਦੇ ਏਜੰਡੇ 'ਤੇ ਮੋਹਰ ਲਗਾਈ ਹੈ। ਇਸ ਵੱਡੀ ਜਿੱਤ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਪੋਸਟ ਸਾਂਝੀ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਇਤਿਹਾਸ ਰਚ ਦਿੱਤਾ।
— Harjot Singh Bains (@harjotbains) May 29, 2026
13 ਵਿੱਚੋਂ 11 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕਰਕੇ ਲੋਕਾਂ ਨੇ ਵਿਕਾਸ ਅਤੇ ਇਮਾਨਦਾਰੀ ਦੀ ਰਾਜਨੀਤੀ ‘ਤੇ ਆਪਣੀ ਮੋਹਰ ਲਗਾਈ ਹੈ।#AnandpurSahib
ਵੱਖ-ਵੱਖ ਨਗਰ ਕੌਂਸਲਾਂ ਦੇ ਚੱਲ ਰਹੇ ਚੋਣ ਨਤੀਜਿਆਂ ਮੁਤਾਬਕ, ਧੂਰੀ ਦੇ ਵਾਰਡ ਨੰਬਰ 21 ਵਿੱਚ 'ਆਪ' ਨੂੰ 7 ਅਤੇ ਆਜ਼ਾਦ ਉਮੀਦਵਾਰ ਨੂੰ 1 ਸੀਟ ਮਿਲੀ ਹੈ। ਭਵਾਨੀਗੜ੍ਹ ਦੇ 15 ਵਾਰਡਾਂ ਵਿੱਚੋਂ ਕਾਂਗਰਸ 5, 'ਆਪ' 4 ਅਤੇ ਅਕਾਲੀ ਦਲ 1 ਸੀਟ 'ਤੇ ਅੱਗੇ ਹੈ। ਇਸੇ ਤਰ੍ਹਾਂ ਸੁਨਾਮ ਦੇ ਵਾਰਡ ਨੰਬਰ 23 ਵਿੱਚ 'ਆਪ' 7 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਲੌਂਗੋਵਾਲ ਦੇ 15 ਵਾਰਡਾਂ ਦੇ ਨਤੀਜੇ ਆਉਣੇ ਬਾਕੀ ਹਨ।
ਨਗਰ ਕੌਂਸਲ ਮਲੂਕਾ ਦੀਆਂ ਚੋਣਾਂ ਵਿੱਚ ਵਾਰਡ ਨੰਬਰ 1 ਤੋਂ ਚੇਤਨ ਕੌਰ (ਸ਼੍ਰੋਮਣੀ ਅਕਾਲੀ ਦਲ) 254 ਵੋਟਾਂ ਨਾਲ, ਵਾਰਡ ਨੰਬਰ 2 ਤੋਂ ਬ੍ਰਿਸ਼ਪਾਲ ਸਿੰਘ (ਸ਼੍ਰੋਮਣੀ ਅਕਾਲੀ ਦਲ) 166 ਵੋਟਾਂ ਨਾਲ ਅਤੇ ਵਾਰਡ ਨੰਬਰ 3 ਤੋਂ ਹਰਪਾਲ ਕੌਰ (ਆਮ ਆਦਮੀ ਪਾਰਟੀ) 77 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ।
ਨਗਰ ਕੌਂਸਲ ਨਥਾਣਾ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ। ਵਾਰਡ ਨੰਬਰ 1 ਤੋਂ ਕੁਲਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ) 13 ਵੋਟਾਂ ਨਾਲ, ਵਾਰਡ ਨੰਬਰ 2 ਤੋਂ ਹਰਮੇਲ ਸਿੰਘ (ਆਮ ਆਦਮੀ ਪਾਰਟੀ) 14 ਵੋਟਾਂ ਨਾਲ, ਵਾਰਡ ਨੰਬਰ 3 ਤੋਂ ਅਮਨਦੀਪ ਕੌਰ (ਸ਼੍ਰੋਮਣੀ ਅਕਾਲੀ ਦਲ) 119 ਵੋਟਾਂ ਨਾਲ ਅਤੇ ਵਾਰਡ ਨੰਬਰ 5 ਤੋਂ ਸੁਖਰਾਜ ਕੌਰ (ਸ਼੍ਰੋਮਣੀ ਅਕਾਲੀ ਦਲ) 118 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ।
ਲੁਧਿਆਣਾ ਦੇ ਕੁੱਲ 108 ਵਾਰਡਾਂ ਵਿੱਚੋਂ ਆ ਰਹੀਆਂ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਆਮ ਆਦਮੀ ਪਾਰਟੀ 18 ਵਾਰਡਾਂ ਵਿੱਚ ਅੱਗੇ ਚੱਲ ਰਹੀ ਹੈ। ਦੂਜੇ ਪਾਸੇ ਕਾਂਗਰਸ 11, ਸ਼੍ਰੋਮਣੀ ਅਕਾਲੀ ਦਲ 5 ਅਤੇ ਭਾਜਪਾ 1 ਵਾਰਡ ਵਿੱਚ ਅੱਗੇ ਹੈ। ਗਿਣਤੀ ਦਾ ਅਮਲ ਜਾਰੀ ਹੈ ਅਤੇ ਸਥਿਤੀ ਲਗਾਤਾਰ ਸਪੱਸ਼ਟ ਹੋ ਰਹੀ ਹੈ।
ਨਗਰ ਕੌਂਸਲ ਭਵਾਨੀਗੜ੍ਹ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਵਾਰਡ ਨੰਬਰ 1 ਤੋਂ ਅਮਰਪਾਲ ਸਿੰਘ (ਕਾਂਗਰਸ), 2 ਤੋਂ ਜਸਵੀਰ ਕੌਰ ਚਹਿਲ (ਅਕਾਲੀ ਦਲ), 3 ਤੋਂ ਜਗਤਾਰ ਸਿੰਘ (ਕਾਂਗਰਸ), 4 ਤੋਂ ਕਰਮਜੀਤ ਕੌਰ (ਆਪ), 5 ਤੋਂ ਰਾਜ ਨਫ਼ਰੀਆ (ਆਪ), 6 ਤੋਂ ਰਜਨੀ ਸ਼ਰਮਾ (ਕਾਂਗਰਸ), 11 ਤੋਂ ਹਰਪ੍ਰੀਤ ਬਾਜਵਾ (ਕਾਂਗਰਸ) ਅਤੇ ਵਾਰਡ ਨੰਬਰ 12 ਤੋਂ ਬਿੰਦਰੋ ਦੇਵੀ (ਆਪ) ਜੇਤੂ ਰਹੇ ਹਨ।
ਬਠਿੰਡਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਵਾਰਡ ਨੰਬਰ 42 ਤੋਂ ਬੀਜੇਪੀ ਉਮੀਦਵਾਰ ਰੇਨੂ ਸਿੰਗਲਾ ਨੇ ਜਿੱਤ ਹਾਸਲ ਕੀਤੀ ਹੈ। ਉਹ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਇਸ ਵਾਰਡ ਤੋਂ ਜੇਤੂ ਰਹੇ ਹਨ।
ਵੋਟਾਂ ਦੀ ਗਿਣਤੀ ਦੌਰਾਨ ਪੰਜਾਬ ਰਾਜ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਤੋਂ ਨਤੀਜਿਆਂ ਦੇ ਅੰਕੜੇ ਅਚਾਨਕ ਗਾਇਬ ਹੋ ਗਏ ਹਨ। ਇਸ ਤਕਨੀਕੀ ਖਰਾਬੀ ਕਾਰਨ ਆਨਲਾਈਨ ਰਿਜ਼ਲਟ ਦੇਖ ਰਹੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਨਿਗਮ ਚੋਣਾਂ ਦੇ ਨਤੀਜਿਆਂ ਦੀ ਸਭ ਤੋਂ ਤੇਜ਼ ਅਤੇ ਸਹੀ ਜਾਣਕਾਰੀ ਲਈ 'ਜੀਟੀਸੀ ਨਿਊਜ਼' (GTC News) ਨਾਲ ਜੁੜੋ। ਤੁਸੀਂ ਸਾਡੇ ਟੀਵੀ ਚੈਨਲ ਦੇ ਨਾਲ-ਨਾਲ ਯੂਟਿਊਬ ਅਤੇ ਫੇਸਬੁੱਕ ਲਾਈਵ 'ਤੇ ਵੀ ਨਤੀਜਿਆਂ ਦੀ ਪਲ-ਪਲ ਦੀ ਅਪਡੇਟ ਦੇਖ ਸਕਦੇ ਹੋ।
ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਇਸ ਵਾਰ ਲੋਕ ਘਰ ਬੈਠੇ ਹੀ ਨਗਰ ਚੋਣਾਂ ਦੇ ਨਤੀਜੇ ਦੇਖ ਸਕਣਗੇ। ਭੀੜ ਨੂੰ ਰੋਕਣ ਅਤੇ ਸਹੀ ਨਤੀਜੇ ਮੁਹੱਈਆ ਕਰਵਾਉਣ ਲਈ ਕਮਿਸ਼ਨ ਨੇ ਆਪਣੀ ਵੈੱਬਸਾਈਟ https://sec.punjab.gov.in/en/ 'ਤੇ ਇੱਕ ਲਿੰਕ ਦਿੱਤਾ ਹੈ, ਜਿੱਥੇ ਕਲਿੱਕ ਕਰਕੇ ਨਤੀਜਿਆਂ ਦੀ ਤਾਜ਼ਾ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ ਲਾਈਵ ਨਤੀਜੇ-
ਨਗਰ ਕੌਂਸਲ ਰਮਦਾਸ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ (AAP) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11 ਵਿੱਚੋਂ 10 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ 8 ਤੋਂ ਜਿੱਤ ਪ੍ਰਾਪਤ ਕਰਕੇ ਆਪਣਾ ਖਾਤਾ ਖੋਲ੍ਹਿਆ ਹੈ।
ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਖੰਨਾ ਨਗਰ ਕੌਂਸਲ ਅਤੇ ਸਮਰਾਲਾ ਵਿੱਚ ਆਮ ਆਦਮੀ ਪਾਰਟੀ (AAP) ਨੇ ਆਪਣਾ ਖਾਤਾ ਖੋਲ੍ਹ ਲਿਆ ਹੈ। ਉੱਥੇ ਹੀ, ਸਮਾਣਾ ਨਗਰ ਕੌਂਸਲ ਵਿੱਚ ਵੋਟਾਂ ਦੀ ਗਿਣਤੀ 35 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ।
ਸੂਬੇ ਭਰ ਵਿੱਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਹਨ, ਜਿੱਥੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਿਣਤੀ ਪ੍ਰਕਿਰਿਆ ਜਾਰੀ ਹੈ। ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕਣ ਲਈ ਸਾਰੇ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿੱਚ ਸੁਰੱਖਿਆ ਘੇਰਾਬੰਦੀ ਕੀਤੀ ਗਈ ਹੈ।