Sunday, 11th of January 2026

PSEB ਦੀ ਵੱਡੀ ਪਹਿਲਕਦਮੀ, ਹੁਣ ਅੰਗਰੇਜੀ-ਹਿੰਦੀ ਦੀਆਂ ਪਾਠ-ਪੁਸਤਕਾਂ 'ਚ ਹੋਵੇਗਾ ‘ਊੜਾ ਐੜਾ’

Reported by: Gurjeet Singh  |  Edited by: Jitendra Baghel  |  December 24th 2025 03:07 PM  |  Updated: December 24th 2025 03:07 PM
PSEB ਦੀ ਵੱਡੀ ਪਹਿਲਕਦਮੀ, ਹੁਣ ਅੰਗਰੇਜੀ-ਹਿੰਦੀ ਦੀਆਂ ਪਾਠ-ਪੁਸਤਕਾਂ 'ਚ ਹੋਵੇਗਾ ‘ਊੜਾ ਐੜਾ’

PSEB ਦੀ ਵੱਡੀ ਪਹਿਲਕਦਮੀ, ਹੁਣ ਅੰਗਰੇਜੀ-ਹਿੰਦੀ ਦੀਆਂ ਪਾਠ-ਪੁਸਤਕਾਂ 'ਚ ਹੋਵੇਗਾ ‘ਊੜਾ ਐੜਾ’

ਪੰਜਾਬ ਸਿੱਖਿਆ ਵਿਭਾਗ ਨੇ ਗੁਰਮੁਖੀ ਲਿਪੀ ਵਿੱਚ ਵਿਦਿਆਰਥੀਆਂ ਦੇ ਪੜ੍ਹਨ ਦੇ ਹੁਨਰ ਨੂੰ ਨਿਖਾਰਨ ਲਈ ਪਹਿਲੀ ਪਹਿਲਕਦਮੀ ਕੀਤੀ ਹੈ। ਜਿਸ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਦੀਆਂ ਸਾਰੀਆਂ ਕਿਤਾਬਾਂ ਵਿੱਚ ਗੁਰਮੁਖੀ ਲਿਪੀ ਦੀ ਵਰਣਮਾਲਾ ਦਾ ਇੱਕ ਪੰਨਾ ਸ਼ਾਮਲ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਨੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ 12ਵੀਂ ਕਲਾਸ ਦੇ 60 ਲੱਖ ਵਿਦਿਆਰਥੀਆਂ ਨੂੰ ਕਵਰ ਕਰਨ ਲਈ ਕਵਾਇਦ ਦਾ ਉਦੇਸ਼ ਗੁਰਮੁਖੀ ਲਿਪੀ ਪੜ੍ਹਨ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਪਾਠ-ਪੁਸਤਕਾਂ ਛਾਪੀਆਂ ਜਾ ਰਹੀਆਂ ਹਨ।

ਇਸ ਸਾਲ ਦੀ ਰਿਪੋਰਟ ਅਨੁਸਾਰ ਪਾਇਆ ਗਿਆ ਸੀ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਤੀਜੀ ਕਲਾਸ ਦੇ ਲਗਪਗ 15 ਫੀਸਦੀ ਵਿਦਿਆਰਥੀ ਸਿਰਫ਼ ਗੁਰਮੁਖੀ ਦੇ ਅੱਖਰ ਪੜ੍ਹ ਸਕਦੇ ਸਨ, ਪਰ ਸ਼ਬਦ ਨਹੀਂ ਪੜ੍ਹ ਸਕਦੇ ਸਨ, 4.6 ਫੀਸਦੀ ਵਿਦਿਆਰਥੀ ਤਾਂ ਪੰਜਾਬੀ ਦੇ ਅੱਖਰ ਵੀ ਪੜ੍ਹ ਨਹੀਂ ਸਕਦੇ ਸਨ। ਪੰਜਾਬ ਦੇ ਪਿੰਡਾਂ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ ਬਾਰੇ ਕੀਤੇ ਗਏ ਨਿਰੀਖਣ ਅਨੁਸਾਰ ਤੀਜੀ ਕਲਾਸ ਦੇ 28 ਫੀਸਦੀ ਵਿਦਿਆਰਥੀ ਪਹਿਲੀ ਕਲਾਸ ਦੇ ਪੱਧਰ ਦਾ ਪਾਠ ਪੜ੍ਹ ਸਕਦੇ ਸਨ। ਜਦੋਂ ਕਿ ਉਹਨਾਂ ਵਿੱਚੋਂ ਸਿਰਫ਼ 34 ਫੀਸਦੀ ਹੀ ਦੂਜੀ ਜਮਾਤ ਦੇ ਪੱਧਰ ਦਾ ਪਾਠ ਪੜ੍ਹ ਦੇ ਯੋਗ ਪਾਏ ਗਏ ਸਨ।  ਨਿਰੀਖਣ ਵਿੱਚ ਇਹ ਵੀ ਪਾਇਆ ਗਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਤੋਂ ਅੱਠਵੀ ਜਮਾਤ ਤੱਕ ਪੜ੍ਹਦੇ ਹਰ 100 ਵਿਦਿਆਰਥੀਆਂ ਵਿੱਚੋਂ 47 ਵਿਦਿਆਰਥੀ ਹੀ ਪੰਜਾਬੀ ਮਾਤ ਭਾਸ਼ਾ ਵਿੱਚ ਪੂਰੀ ਕਹਾਣੀ ਪੜ੍ਹ ਦੇ ਯੋਗ ਪਾਏ ਗਏ। 

ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਭਾਸ਼ਾ ਦੇ ਪੇਪਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਵਿਦਿਆਰਥੀਆਂ ਦੇ ਗੁਰਮੁਖੀ ਪੜ੍ਹਨ ਦੇ ਹੁਨਰ ਵਿੱਚ ਤੇਜ਼ੀ ਲਿਆਉਣ ਦੀ ਬਹੁਤ ਜ਼ਿਆਦਾ ਲੋੜ ਹੈ। ਜਿਸ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਪਾਠ-ਪੁਸਤਕਾਂ ਵਿੱਚ ਗੁਰਮੁਖੀ ਵਰਣਮਾਲਾ ਮੁੱਖਬੰਧ ਤੋਂ ਪਹਿਲਾਂ ਅਤੇ ਕਿਤਾਬ ਦੇ ਅਖੀਰ ਵਿੱਚ ਛਾਪੀ ਜਾਵੇਗੀ।  ਅੰਗਰੇਜ਼ੀ ਤੇ ਹਿੰਦੀ ਦੀਆਂ ਕਿਤਾਬਾਂ ਲੀ ਸਬੰਧਤ ਭਾਸ਼ਾ ਦੀ ਵਰਣਮਾਲਾ ਦੇ ਹੇਠਾਂ ਗੁਰਮੁਖੀ ਅੱਖਰ ਹੀ ਛਾਪੇ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਦਾ ਮਕਸਦ ਵਿਦਿਆਰਥੀਆਂ ਦਾ ਇਸ ਪਾਸੇ ਧਿਆਨ ਖਿੱਚਣਾ ਹੈ। ਇਸ ਸਾਲ ਆਉਣ ਵਾਲੇ ਅਕਾਦਮਿਕ ਸੈਸ਼ਨ 2026-2027 ਤੋਂ ਭਾਸ਼ਾ ਦੀਆਂ ਕਿਤਾਬਾਂ ਵਿੱਚ ਇਹ ਨਵੀਂ ਵਿਸ਼ੇਸ਼ਤਾ ਸ਼ਾਮਲ ਹੋਵੇਗੀ