Thursday, 16th of July 2026

ਪੰਜਾਬ ‘ਚ ਚਿਲਚਿਲਾਉਂਦੀ ਗਰਮੀ ਕਰ ਰਹੀ ਤੰਗ ! ਪਰ ਅੱਜ ਤੋਂ ਬਦਲੇਗਾ ਮੌਸਮ, ਕਈ ਥਾਵਾਂ 'ਤੇ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ

Edited By: Lajwinder Kaur | Updated at: April 16th 2026 09:56 AM
Trending News
ਪੰਜਾਬ ‘ਚ ਚਿਲਚਿਲਾਉਂਦੀ ਗਰਮੀ ਕਰ ਰਹੀ ਤੰਗ ! ਪਰ ਅੱਜ ਤੋਂ ਬਦਲੇਗਾ ਮੌਸਮ, ਕਈ ਥਾਵਾਂ 'ਤੇ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ

ਪੰਜਾਬ ‘ਚ ਚਿਲਚਿਲਾਉਂਦੀ ਗਰਮੀ ਕਰ ਰਹੀ ਤੰਗ ! ਪਰ ਅੱਜ ਤੋਂ ਬਦਲੇਗਾ ਮੌਸਮ, ਕਈ ਥਾਵਾਂ 'ਤੇ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ

ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਕਹਿਰ ਵਧਿਆ ਹੈ। ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਦਾ ਅਹਿਸਾਸ ਹੋਣ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪਰ ਮੌਸਮ ਵਿਭਾਗ ਵੱਲੋਂ ਅੱਜ ਵੀਰਵਾਰ ਵਾਲੇ ਦਿਨ ਨੂੰ ਲੈ ਕੇ ਮੌਸਮ ਦਾ ਤਾਜ਼ਾ ਅਪਡੇਟ ਦਿੱਤਾ ਹੈ। 16 ਅਪ੍ਰੈਲ ਤੋਂ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਪਹਾੜਾਂ 'ਤੇ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਅੱਜ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਦੌਰਾਨ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ। ਬੁੱਧਵਾਰ ਦੇ ਮੁਕਾਬਲੇ ਤਾਪਮਾਨ 1.3 ਡਿਗਰੀ ਵਧਿਆ ਹੈ, ਜੋ ਹੁਣ ਆਮ ਨਾਲੋਂ 2.6 ਡਿਗਰੀ ਜ਼ਿਆਦਾ ਹੋ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 38.3 ਡਿਗਰੀ, ਜਦਕਿ ਚੰਡੀਗੜ੍ਹ ਵਿੱਚ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਸ਼ਾਮ ਤੱਕ ਕਈ ਜ਼ਿਲ੍ਹਿਆਂ 'ਚ ਛਾਉਣਗੇ ਬੱਦਲ

ਮੌਸਮ ਵਿਭਾਗ ਅਨੁਸਾਰ, ਇਸ ਵੇਲੇ ਪੱਛਮੀ ਗੜਬੜੀ ਅਤੇ ਇੱਕ ਸਾਈਕਲੋਨਿਕ ਸਰਕੂਲੇਸ਼ਨ ਸਰਗਰਮ ਹੈ, ਜਿਸ ਕਾਰਨ ਬਣੀ 'ਟ੍ਰਫ' ਰੇਖਾ ਮੌਸਮ ਵਿੱਚ ਤਬਦੀਲੀ ਲਿਆਵੇਗੀ। ਇਸ ਦੇ ਪ੍ਰਭਾਵ ਨਾਲ ਕਈ ਜ਼ਿਲ੍ਹਿਆਂ ਵਿੱਚ ਸ਼ਾਮ ਤੱਕ ਬੱਦਲ ਛਾ ਜਾਣ ਦੀ ਉਮੀਦ ਹੈ, ਜਦਕਿ ਅੰਮ੍ਰਿਤਸਰ, ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਦਿਨ ਵੇਲੇ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਜਤਾਇਆ ਗਿਆ ਹੈ।

ਇਹ ਵਾਲੇ ਜ਼ਿਲ੍ਹੇ ਰਹੇ ਗਰਮ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਧਣ ਨਾਲ ਗਰਮੀ ਦਾ ਪ੍ਰਭਾਵ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 38.3°C ਦਰਜ ਕੀਤਾ ਗਿਆ। ਇਸ ਤੋਂ ਇਲਾਵਾ, ਹੋਰਨਾਂ ਸ਼ਹਿਰਾਂ ਵਿੱਚ ਵੀ ਪਾਰਾ ਚੜ੍ਹਿਆ ਹੈ, ਜਿਵੇਂ ਕਿ ਲੁਧਿਆਣਾ ਵਿੱਚ 37.0°C, ਫਰੀਦਕੋਟ ਵਿੱਚ 37.5°C, ਚੰਡੀਗੜ੍ਹ ਵਿੱਚ 36.8°C, ਅੰਮ੍ਰਿਤਸਰ ਵਿੱਚ 36.1°C ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 36.5°C ਤਾਪਮਾਨ ਰਿਹਾ।

ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਵਿੱਚ 36.7°C, ਫਿਰੋਜ਼ਪੁਰ ਵਿੱਚ 36.0°C, ਮੋਹਾਲੀ ਵਿੱਚ 35.8°C, ਰੋਪੜ ਵਿੱਚ 35.7°C, ਗੁਰਦਾਸਪੁਰ ਵਿੱਚ 35.5°C, ਹੁਸ਼ਿਆਰਪੁਰ ਵਿੱਚ 35.4°C ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ 35.2°C ਤਾਪਮਾਨ ਦਰਜ ਕੀਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਿਹਾ ਅਤੇ ਕਿਤੇ ਵੀ ਮੀਂਹ ਨਹੀਂ ਪਿਆ, ਜਿਸ ਕਾਰਨ ਪੂਰੇ ਪ੍ਰਦੇਸ਼ ਵਿੱਚ ਤਪਸ਼ ਮਹਿਸੂਸ ਕੀਤੀ ਗਈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 16 ਤੋਂ 17 ਅਪ੍ਰੈਲ ਦਰਮਿਆਨ ਸੂਬੇ ਦੇ ਕੁਝ ਚੋਣਵੇਂ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਆਉਣ ਵਾਲੇ ਚਾਰ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ 4 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋਣ ਦੀ ਉਮੀਦ ਜਤਾਈ ਗਈ ਹੈ। ਇਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ ਅਤੇ ਮੌਸਮ ਲਗਭਗ ਇਸੇ ਤਰ੍ਹਾਂ ਬਣਿਆ ਰਹੇਗਾ।

Punjabi Shorts

Latest News