Thursday, 28th of May 2026

ਭਾਜਪਾ ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ! ਜਾਣੋ ਕੇਵਲ ਸਿੰਘ ਢਿੱਲੋਂ ਨੇ ਕਿਵੇਂ ਸ਼ੁਰੂ ਕੀਤਾ ਸਿਆਸੀ ਸਫ਼ਰ...?

By: GTC News Desk | Edited By: Lajwinder Kaur | Updated at: May 28th 2026 04:37 PM
Trending News
ਭਾਜਪਾ ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ! ਜਾਣੋ ਕੇਵਲ ਸਿੰਘ ਢਿੱਲੋਂ ਨੇ ਕਿਵੇਂ ਸ਼ੁਰੂ ਕੀਤਾ ਸਿਆਸੀ ਸਫ਼ਰ...?

ਭਾਜਪਾ ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ! ਜਾਣੋ ਕੇਵਲ ਸਿੰਘ ਢਿੱਲੋਂ ਨੇ ਕਿਵੇਂ ਸ਼ੁਰੂ ਕੀਤਾ ਸਿਆਸੀ ਸਫ਼ਰ...?

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਵਿੱਚ ਆਪਣੀ ਲੀਡਰਸ਼ਿਪ ਵਿੱਚ ਵੱਡਾ ਬਦਲਾਅ ਕਰਦਿਆਂ ਬਰਨਾਲਾ ਦੇ ਸੀਨੀਅਰ ਆਗੂ ਅਤੇ ਉਦਯੋਗਪਤੀ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਰਾਸ਼ਟਰੀ ਅਧਿਕਾਰੀ ਨਿਤਿਨ ਨਵੀਨ ਵੱਲੋਂ ਜਾਰੀ ਕੀਤੇ ਗਏ ਪੱਤਰ ਤੋਂ ਬਾਅਦ ਇਹ ਨਿਯੁਕਤੀ ਅਧਿਕਾਰਤ ਹੋਈ ਹੈ।

ਪਾਰਟੀ ਵਰਕਰਾਂ ਵਿੱਚ ਉਤਸ਼ਾਹ

ਕੇਵਲ ਸਿੰਘ ਢਿੱਲੋਂ ਦੇ ਪ੍ਰਧਾਨ ਬਣਨ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਭਾਜਪਾ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਵਰਕਰਾਂ ਦਾ ਮੰਨਣਾ ਹੈ ਕਿ ਢਿੱਲੋਂ ਦੇ ਤਜ਼ਰਬੇ ਨਾਲ ਪਾਰਟੀ ਨੂੰ ਪੰਜਾਬ ਵਿੱਚ ਹੋਰ ਮਜ਼ਬੂਤੀ ਮਿਲੇਗੀ।

ਕੌਣ ਹਨ ਕੇਵਲ ਸਿੰਘ ਢਿੱਲੋਂ?

ਕੇਵਲ ਸਿੰਘ ਢਿੱਲੋਂ ਦਾ ਜਨਮ 16 ਮਈ 1950 ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿੱਚ ਹੋਇਆ ਸੀ। ਉਨ੍ਹਾਂ ਦੀ ਮੁੱਢਲੀ ਪੜ੍ਹਾਈ ਬਰਨਾਲਾ ਤੋਂ ਹੀ ਹੋਈ ਹੈ। ਉਹ ਇੱਕ ਸਫਲ ਕਾਰੋਬਾਰੀ ਵੀ ਹਨ ਅਤੇ 'ਢਿੱਲੋਂ ਗਰੁੱਪ' ਦੇ ਮੁਖੀ ਵਜੋਂ ਉਹ ਰੀਅਲ ਅਸਟੇਟ, ਮਲਟੀਪਲੈਕਸ ਅਤੇ ਹੋਰ ਕਾਰੋਬਾਰਾਂ ਵਿੱਚ ਵੱਡਾ ਨਾਮ ਰੱਖਦੇ ਹਨ। ਉਨ੍ਹਾਂ ਨੂੰ ਕਾਰੋਬਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 'ਡੋਨਾਲਡ ਐਮ ਕੇਂਡਲ ਬੋਤਲਰ ਆਫ ਦੀ ਈਅਰ' ਵਰਗੇ ਵੱਕਾਰੀ ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

ਕੇਵਲ ਸਿੰਘ ਢਿੱਲੋਂ ਦਾ ਪਰਿਵਾਰਕ ਅਤੇ ਵਿਦਿਅਕ ਜੀਵਨ

ਕੇਵਲ ਸਿੰਘ ਢਿੱਲੋਂ ਨੇ ਆਪਣੀ ਮੁੱਢਲੀ ਪੜ੍ਹਾਈ ਬਰਨਾਲਾ ਤੋਂ ਹੀ ਪੂਰੀ ਕੀਤੀ ਹੈ। ਉਨ੍ਹਾਂ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ 1969-70 ਦੇ ਸੈਸ਼ਨ ਦੌਰਾਨ ਬਰਨਾਲਾ ਦੇ ਐਸ.ਡੀ. ਕਾਲਜ ਤੋਂ ਬੀ.ਏ. ਭਾਗ-1 ਦੀ ਪੜ੍ਹਾਈ ਕੀਤੀ। ਉਨ੍ਹਾਂ ਦੇ ਪਿਤਾ ਦਾ ਨਾਮ ਸ੍ਰੀ ਸਾਜਨ ਸਿੰਘ ਢਿੱਲੋਂ ਹੈ ਅਤੇ ਉਨ੍ਹਾਂ ਦੀ ਪਤਨੀ ਦਾ ਨਾਮ ਸ਼੍ਰੀਮਤੀ ਮਨਜੀਤ ਕੌਰ ਹੈ। ਉਨ੍ਹਾਂ ਦੇ ਦੋ ਪੁੱਤਰ, ਕੰਵਰਿੰਦਰ ਸਿੰਘ ਢਿੱਲੋਂ ਅਤੇ ਕਰਨਇੰਦਰ ਸਿੰਘ ਢਿੱਲੋਂ ਹਨ, ਜੋ ਅੱਜ-ਕੱਲ੍ਹ ਪਰਿਵਾਰਕ ਕਾਰੋਬਾਰ ਅਤੇ ਰੀਅਲ ਅਸਟੇਟ ਦੇ ਕੰਮ ਨੂੰ ਬਾਖੂਬੀ ਸੰਭਾਲ ਰਹੇ ਹਨ।

ਸਿਆਸੀ ਸਫ਼ਰ

ਕਾਂਗਰਸ ਤੋਂ ਭਾਜਪਾ ਤੱਕ: ਕੇਵਲ ਸਿੰਘ ਢਿੱਲੋਂ ਲੰਮਾ ਸਮਾਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ 2007 ਤੋਂ 2017 ਤੱਕ ਲਗਾਤਾਰ ਦੋ ਵਾਰ ਬਰਨਾਲਾ ਤੋਂ ਵਿਧਾਇਕ (MLA) ਚੁਣੇ ਗਏ।

ਨਵੀਂ ਪਾਰੀ: 2017 ਵਿੱਚ ਹਾਰ ਤੋਂ ਬਾਅਦ ਅਤੇ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ, ਉਹ ਜੂਨ 2022 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਹੁਣ ਭਾਜਪਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ, ਸਿਆਸੀ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਕੇਵਲ ਸਿੰਘ ਢਿੱਲੋਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਪਾਰਟੀ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾਣਗੇ।

Latest News