ਅੰਮ੍ਰਿਤਸਰ: ਪੁਲਿਸ ਅਤੇ BSF ਨੇ ਪਾਕਿ ਦੀ ਨਾਪਾਕ ਸਾਜ਼ਿਸ਼ ਨੂੰ ਇੱਕ ਵਾਰ ਫਿਰ ਨਾਕਾਮ ਕੀਤਾ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਹਥਿਆਰਾਂ ਦੀ ਇੱਕ ਵੱਡੀ ਖੇਪ ਭਾਰਤ ਪਹੁੰਚਾਈ ਗਈ ਸੀ। ਇਨਪੁਟ ਮਿਲਣ ਤੋਂ ਬਾਅਦ ਪੁਲਿਸ ਨੇ BSF ਦੇ ਸਹਿਯੋਗ ਨਾਲ ਬੁੱਧਵਾਰ ਸਵੇਰੇ ਘਰਿੰਡਾ ਅਤੇ ਰਮਦਾਸ ਦੇ ਸਰਹੱਦੀ ਖੇਤਰਾਂ ’ਚ ਇੱਕ ਤਲਾਸ਼ੀ ਮੁਹਿੰਮ ਚਲਾਈ।
ਇਸ ਦੌਰਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਤਸਕਰ ਨੂੰ ISI ਵੱਲੋਂ ਸਪਲਾਈ ਕੀਤੇ ਗਏ ਚਾਰ ਗਲੌਕ ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦਾ ਇਰਾਦਾ ਮਾਝਾ ਅਤੇ ਦੋਆਬਾ ਖੇਤਰਾਂ ’ਚ ਗੈਂਗਸਟਰਾਂ ਨੂੰ ਇਹ ਹਥਿਆਰ ਸਪਲਾਈ ਕਰਨਾ ਸੀ। ਖੁਫੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਸੀ ਕਿ ISI ਨੇ ਘਰਿੰਡਾ, ਰਮਦਾਸ ਅਤੇ ਲੋਪੋਕੇ ਦੇ ਸਰਹੱਦੀ ਖੇਤਰਾਂ ਵਿੱਚ ਵਿਸਫੋਟਕਾਂ ਦੀ ਇੱਕ ਵੱਡੀ ਖੇਪ ਵੀ ਸੁੱਟੀ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਬਰਾਮਦ ਕੀਤੇ ਗਏ ਹਥਿਆਰ ISI ਵੱਲੋਂ ਸਰਹੱਦੀ ਖੇਤਰ ’ਚ ਡਰੋਨ ਰਾਹੀਂ ਸੁੱਟੇ ਗਏ ਸਨ। ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਸਰਹੱਦ ਪਾਰ ਤੋਂ ਵਿਸਫੋਟਕਾਂ ਦੀ ਇੱਕ ਖੇਪ ਵੀ ਭਾਰਤ ਭੇਜੀ ਗਈ ਸੀ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।