ਪਟਿਆਲਾ:-ਅੰਮ੍ਰਿਤਸਰ ਅਤੇ ਜਲੰਧਰ ਤੋਂ ਬਾਅਦ ਹੁਣ ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਭਰੇ ਈਮੇਲ ਸਕੂਲ ਪ੍ਰਬੰਧਕਾਂ ਨੂੰ ਭੇਜੇ ਗਏ। ਪ੍ਰਾਪਤ ਈਮੇਲਾਂ ਵਿੱਚ ਸਕੂਲਾਂ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਦੇ ਵਿਚਕਾਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਧਮਕੀ ਭਰੀ ਈਮੇਲ ਮਿਲਣ ‘ਤੇ ਸਬੰਧਤ ਸਕੂਲ ਪ੍ਰਬੰਧਨ ਨੇ ਤੁਰੰਤ ਪਟਿਆਲਾ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਕੂਲਾਂ ਵਿੱਚ ਸੁਰੱਖਿਆ ਵਿਚ ਵਾਧਾ ਕੀਤਾ ਹੈ। ਫਿਲਹਾਲ 21 ਦਸੰਬਰ ਤੋਂ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਹਨ, ਇਸ ਲਈ ਬੱਚਿਆਂ ਨੂੰ ਕੋਈ ਖ਼ਤਰਾ ਨਹੀਂ ਹੈ।
ਪਟਿਆਲਾ ਦੇ ਸਬੰਧਤ ਸਕੂਲਾਂ ਨੂੰ ਭੇਜੀ ਗਈ ਧਮਕੀ ਈਮੇਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਈਮੇਲ ਵਿੱਚ ਪਟਿਆਲਾ ਸਕੂਲ ਤੋਂ ਰੇਲਵੇ ਸਟੇਸ਼ਨ ਤੱਕ ਬੰਬ ਧਮਾਕੇ ਅਤੇ ਸਮਾਂ ਸਾਰਣੀ ਵੀ ਦਿੱਤੀ ਗਈ ਸੀ। ਈਮੇਲ ਵਿੱਚ ਇਹ ਵੀ ਸਵਾਲ ਕੀਤਾ ਗਿਆ ਹੈ ਕਿ ਹਿੰਦੁਸਤਾਨ ਦੇ ਕਬਜ਼ੇ ਵਿੱਚ ਇੱਕ ਵੱਖਰਾ ਦੇਸ਼ ਖਾਲਿਸਤਾਨ ਵੀ ਹੋਣਾ ਚਾਹੀਦਾ ਹੈ। ਆਖਿਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਧਮਕੀ ਦਿੱਤੀ ਗਈ ਹੈ।

ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਬੰਧਤ ਸਕੂਲਾਂ ਨੂੰ ਧਮਕੀ ਮਿਲਣ ਤੋਂ ਬਾਅਦ ਸਕੂਲਾਂ ਦੀ ਸੁਰੱਖਿਆਂ ਵਿੱਚ ਵਾਧਾ ਕੀਤਾ ਹੈ। ਉੱਥੇ ਹੀ ਰੇਲਵੇ ਸਟੇਸ਼ਨ ਉੱਤੇ ਵੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਵੀ ਅੰਮ੍ਰਿਤਸਰ ਅਤੇ ਜਲੰਧਰ ਦੇ ਨਾਮੀ ਸਕੂਲਾਂ ਨੂੰ ਧਮਕੀ ਭਰੀ ਈਮੇਲ ਮਿਲੀ ਸੀ, ਜਿਸ ਤੋਂ ਬਾਅਦ ਸਕੂਲ ਬੰਦ ਕਰ ਦਿੱਤੇ ਗਏ ਸਨ।