ਦਿੱਲੀ-ਐੱਨ.ਸੀ.ਆਰ. ਵਿੱਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਿਰਫ਼ ਸਰਦੀਆਂ ਦੇ ਮਹੀਨਿਆਂ ਵਿੱਚ ਹੀ ਸੁਣਵਾਈ ਨਹੀਂ ਕੀਤੀ ਜਾ ਸਕਦੀ ਅਤੇ ਇਸ ਗੰਭੀਰ ਮਾਮਲੇ ਦੇ ਪੱਕੇ ਹੱਲ ਲਈ ਮਹੀਨੇ ਵਿੱਚ ਦੋ ਵਾਰ ਸੁਣਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਦੋਸ਼ ਪੰਜਾਬ ’ਚ ਪਰਾਲੀ ਸਾੜੇ ਜਾਣ ਨੂੰ ਦਿੱਤਾ ਜਾਂਦਾ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਪਰਾਲੀ ਸਾੜਨ ਦਾ ਮੁੱਦਾ ਬੇਲੋੜਾ ਸਿਆਸੀ ਜਾਂ ਹੰਕਾਰ ਦਾ ਮੁੱਦਾ ਨਹੀਂ ਬਣਨਾ ਚਾਹੀਦਾ । ਚੀਫ ਜਸਟਿਸ ਸੂਰਿਆਕਾਂਤ ਨੇ ਦਿੱਲੀ-ਐੱਨ ਸੀ ਆਰ ਵਿੱਚ ਹਵਾ ਪ੍ਰਦੂਸ਼ਣ ਲਈ ਪਰਾਲੀ ਸਾੜਨ ਨੂੰ ਮੁੱਖ ਕਾਰਨ ਦੱਸਣ ’ਤੇ ਸਵਾਲ ਉਠਾਉਂਦਿਆਂ ਪੁੱਛਿਆ, ਕਰੋਨਾ ਦੌਰਾਨ ਪਰਾਲੀ ਸਾੜੀ ਜਾ ਰਹੀ ਸੀ ਫਿਰ ਵੀ ਲੋਕਾਂ ਨੂੰ ਸਾਫ਼ ਤੇ ਨੀਲਾ ਅਸਮਾਨ ਕਿਉਂ ਦਿਖਾਈ ਦੇ ਰਿਹਾ ਸੀ? ਇਸ ਤੋਂ ਪਤਾ ਚੱਲਦਾ ਹੈ ਕਿ ਇਸ ਪਿੱਛੇ ਹੋਰ ਕਾਰਕ ਵੀ ਹਨ।
ਚੀਫ ਜਸਟਿਸ ਨੇ ਕਿਹਾ ਅਸੀਂ ਪਰਾਲੀ ਸਾੜਨ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਕਿਉਂਕਿ ਇਸ ਦਾ ਬੋਝ ਉਨ੍ਹਾਂ ਲੋਕਾਂ ਸਿਰ ਪਾਉਣਾ ਗ਼ਲਤ ਹੈ । ਜਿਨ੍ਹਾਂ ਦੀ ਇਸ ਅਦਾਲਤ ਵਿੱਚ ਨੁਮਾਇੰਦਗੀ ਬਹੁਤ ਘੱਟ ਹੈ। ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਕਾਰਕਾਂ ਦੀ ਵੀ ਨਿਸ਼ਾਨਦੇਹੀ ਕਰ ਕੇ ਇਸ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਤੈਅ ਕੀਤੀ ਹੈ।