Wednesday, 12th of August 2026

ਪੰਜਾਬ 'ਚ ਗੈਸ ਸਿਲੰਡਰਾਂ ਲਈ ਹਾਹਾਕਾਰ: ਏਜੰਸੀਆਂ ਬਾਹਰ ਸਵੇਰੇ 4 ਵਜੇ ਤੋਂ ਲੱਗ ਰਹੀਆਂ ਲੰਬੀਆਂ ਲਾਈਨਾਂ

Edited By: Lajwinder Kaur | Updated at: March 14th 2026 12:43 PM
Trending News
ਪੰਜਾਬ 'ਚ ਗੈਸ ਸਿਲੰਡਰਾਂ ਲਈ ਹਾਹਾਕਾਰ: ਏਜੰਸੀਆਂ ਬਾਹਰ ਸਵੇਰੇ 4 ਵਜੇ ਤੋਂ ਲੱਗ ਰਹੀਆਂ ਲੰਬੀਆਂ ਲਾਈਨਾਂ

ਪੰਜਾਬ 'ਚ ਗੈਸ ਸਿਲੰਡਰਾਂ ਲਈ ਹਾਹਾਕਾਰ: ਏਜੰਸੀਆਂ ਬਾਹਰ ਸਵੇਰੇ 4 ਵਜੇ ਤੋਂ ਲੱਗ ਰਹੀਆਂ ਲੰਬੀਆਂ ਲਾਈਨਾਂ

ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦੇ ਪ੍ਰਭਾਵ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਗੈਸ ਦੀ ਕਿੱਲਤ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਵੀ ਸੂਬੇ ਵਿੱਚ ਹਾਲਾਤ ਕਾਫੀ ਚਿੰਤਾਜਨਕ ਬਣੇ ਰਹੇ। ਸੰਗਰੂਰ ਵਿੱਚ ਲੋਕ ਸਵੇਰੇ 4:30 ਵਜੇ ਤੋਂ ਹੀ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਲਾਈਨਾਂ ਵਿੱਚ ਲੱਗੇ ਹੋਏ ਦੇਖੇ ਗਏ।

ਸੰਗਰੂਰ ਦੇ ਭਵਾਨੀਗੜ੍ਹ ਵਿਖੇ ਹਾਲਾਤ ਅਜਿਹੇ ਸਨ ਕਿ ਲੋਕ ਭੁੱਖੇ-ਪਿਆਸੇ ਲਾਈਨਾਂ ਵਿੱਚ ਖੜ੍ਹੇ ਰਹੇ, ਜਿਸ ਨੂੰ ਦੇਖਦੇ ਹੋਏ ਉੱਥੇ ਚਾਹ-ਸਮੋਸੇ ਦਾ ਲੰਗਰ ਸ਼ੁਰੂ ਕਰ ਦਿੱਤਾ ਗਿਆ। ਦੂਜੇ ਪਾਸੇ, ਅੰਮ੍ਰਿਤਸਰ ਅਤੇ ਜਾਲੰਧਰ ਵਿੱਚ ਵੀ ਗੈਸ ਏਜੰਸੀਆਂ ਦੇ ਬਾਹਰ ਭਾਰੀ ਭੀੜ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਚੰਡੀਗੜ੍ਹ ਵਿੱਚ ਸਥਿਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ ਸਿਲੰਡਰਾਂ ਦੀ ਵੰਡ ਕੀਤੀ ਜਾ ਰਹੀ ਹੈ।

ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਕਈ ਗੈਸ ਏਜੰਸੀਆਂ ਦੇ ਬਾਹਰ ਸਵੇਰੇ ਤੋਂ ਹੀ ਲੰਬੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਲੋਕ ਘੰਟਿਆਂ ਇੰਤਜ਼ਾਰ ਕਰਨ ਤੋਂ ਬਾਅਦ ਗੈਸ ਸਿਲੰਡਰ ਪ੍ਰਾਪਤ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਗੈਸ ਸਿਲੰਡਰ ਲੈਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਮੁਤਾਬਕ ਪਹਿਲਾਂ ਕੰਪਨੀ ਦੇ ਨੰਬਰਾਂ ਤੇ ਸੰਪਰਕ ਕਰਕੇ ਗੈਸ ਸਿਲੰਡਰ ਬੁੱਕ ਕਰਵਾਇਆ ਜਾਂਦਾ ਸੀ, ਪਰ ਇਸ ਸਮੇਂ ਨੰਬਰ ਲਗਾਤਾਰ ਵਿਅਸਤ ਆ ਰਹੇ ਹਨ ਅਤੇ ਕਾਲ ਨਹੀਂ ਲੱਗ ਰਹੀ। ਇਸ ਕਾਰਨ ਲੋਕਾਂ ਨੂੰ ਖੁਦ ਗੈਸ ਏਜੰਸੀ ਤੱਕ ਪਹੁੰਚ ਕੇ ਪਹਿਲਾਂ ਸਿਲੰਡਰ ਬੁੱਕ ਕਰਵਾਉਣਾ ਪੈ ਰਿਹਾ ਹੈ ਅਤੇ ਫਿਰ ਲੰਬੀ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੜਕੇ ਹੀ ਏਜੰਸੀ ਤੇ ਪਹੁੰਚ ਗਏ ਸਨ ਅਤੇ ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਗੈਸ ਸਿਲੰਡਰ ਮਿਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਹਨਾਂ ਦਾ ਕਾਫੀ ਸਮਾਂ ਵੀ ਖਰਾਬ ਹੋ ਰਿਹਾ ਹੈ ਅਤੇ ਘਰੇਲੂ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਉੱਥੇ ਹੀ ਜਦੋਂ ਇੱਕ ਵੱਡੀ ਗੈਸ ਏਜੰਸੀ ਦੇ ਮਾਲਕ ਵਿਜੈ ਸੱਚਦੇਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੈਮਰੇ ਸਾਹਮਣੇ ਤਾਂ ਨਹੀਂ ਆਏ, ਪਰ ਉਹਨਾਂ ਨੇ ਦੱਸਿਆ ਕਿ ਐਲਪੀਜੀ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਸਟਾਕ ਲਗਾਤਾਰ ਆ ਰਿਹਾ ਹੈ। ਉਹਨਾਂ ਦੇ ਮੁਤਾਬਕ ਲੋਕ ਘਬਰਾਹਟ ਦੇ ਕਾਰਨ ਵੱਡੀ ਗਿਣਤੀ ਵਿੱਚ ਸਿਲੰਡਰ ਲੈਣ ਲਈ ਏਜੰਸੀਆਂ ‘ਤੇ ਪਹੁੰਚ ਰਹੇ ਹਨ ਜਿਸ ਨਾਲ ਭੀੜ ਬਣ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਗੈਸ ਸਿਲੰਡਰ ਬੁੱਕ ਕਰਵਾਉਣ ਲਈ ਘੱਟ ਸਮੇਂ ਦਾ ਅੰਤਰਾਲ ਹੁੰਦਾ ਸੀ, ਪਰ ਹੁਣ ਇਸ ਸਮੇਂ ਨੂੰ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ ਅਤੇ ਹੁਣ ਗਾਹਕ 25 ਦਿਨਾਂ ਬਾਅਦ ਹੀ ਨਵਾਂ ਸਿਲੰਡਰ ਬੁੱਕ ਕਰਵਾ ਸਕਦੇ ਹਨ।

ਗੈਸ ਸੰਕਟ ਕਾਰਨ ਹਾਲਾਤ ਗੰਭੀਰ: ਬਰਨਾਲਾ ਵਿੱਚ ਬਜ਼ੁਰਗ ਦੀ ਮੌਤ

ਸ਼ੁੱਕਰਵਾਰ ਨੂੰ ਹਾਲਾਤ ਉਦੋਂ ਹੋਰ ਵੀ ਦੁਖਦਾਈ ਹੋ ਗਏ ਜਦੋਂ ਬਰਨਾਲਾ ਵਿੱਚ ਗੈਸ ਦੀ ਲਾਈਨ ਵਿੱਚ ਖੜ੍ਹੇ ਇੱਕ ਬਜ਼ੁਰਗ ਦੀ ਹਾਰਟ ਅਟੈਕ ਪੈਣ ਕਾਰਨ ਮੌਤ ਹੋ ਗਈ। ਸੂਬੇ ਵਿੱਚ ਕਈ ਥਾਵਾਂ 'ਤੇ ਲੋਕ ਸੜਕਾਂ 'ਤੇ ਉਤਰ ਆਏ ਹਨ ਅਤੇ ਧਰਨੇ ਪ੍ਰਦਰਸ਼ਨ ਕਰਕੇ ਗੈਸ ਦੀ ਮੰਗ ਕਰ ਰਹੇ ਹਨ।

ਗੈਸ ਦੀ ਕਿੱਲਤ ਕਾਰਨ ਆਨਲਾਈਨ ਬੁਕਿੰਗ ਦਾ ਦਬਾਅ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਕੰਪਨੀਆਂ ਦੇ ਸਰਵਰ ਤੱਕ ਠੱਪ ਹੋ ਗਏ ਹਨ। ਹਾਲਾਂਕਿ ਪ੍ਰਸ਼ਾਸਨ ਲਗਾਤਾਰ ਗੈਸ ਦੀ ਕਮੀ ਤੋਂ ਇਨਕਾਰ ਕਰ ਰਿਹਾ ਹੈ, ਪਰ ਜ਼ਮੀਨੀ ਹਕੀਕਤ ਇੱਕ ਡੂੰਘੇ ਅਤੇ ਗੰਭੀਰ ਸੰਕਟ ਵੱਲ ਇਸ਼ਾਰਾ ਕਰ ਰਹੀ ਹੈ।

Punjabi Shorts

Latest News