ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਸ਼ਹਿਰ ਵਿੱਚ ਇੱਕ ਮਕਾਨ ਮਾਲਕ ਨੇ ਆਪਣੇ ਕਿਰਾਏ ਦੇ ਕਮਰੇ ਵਿੱਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਕੀਤਾ। ਮਕਾਨ ਮਾਲਕ ਨੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਕੇ 9ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਘਟਨਾ ਭਦਰਕਾਲੀ ਮੰਦਰ ਦੇ ਨੇੜੇ ਵਾਪਰੀ।
ਨੌਜਵਾਨ ਨਸ਼ੇ ਲਈ ਕਮਰੇ 'ਚ ਹੋਏ ਦਾਖਲ
ਜਾਣਕਾਰੀ ਦਿੰਦੇ ਹੋਏ ਮਕਾਨ ਮਾਲਿਕ ਮਹਿੰਦਰ ਨੇ ਦੱਸਿਆ ਕਿ ਉਸਨੇ ਆਪਣੇ ਘਰ ਵਿੱਚ ਕੁਝ ਕਮਰੇ ਕਿਰਾਏ 'ਤੇ ਦਿੱਤੇ ਸਨ। ਪਿਛਲੇ ਕੁਝ ਦਿਨਾਂ ਤੋਂ, ਆਂਢ-ਗੁਆਂਢ ਦੇ ਵਸਨੀਕਾਂ ਨੇ ਰਿਪੋਰਟ ਦਿੱਤੀ ਸੀ ਕਿ ਉਸਦੇ ਕਿਰਾਏਦਾਰ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਕਈ ਨੌਜਵਾਨ ਉੱਥੇ ਨਸ਼ੇ ਦਾ ਸੇਵਨ ਕਰਨ ਲਈ ਆ ਰਹੇ ਹਨ। ਮਹਿੰਦਰ ਪਿਛਲੇ ਤਿੰਨ ਦਿਨਾਂ ਤੋਂ ਇਸ ਗਤੀਵਿਧੀ 'ਤੇ ਨਜ਼ਰ ਰੱਖ ਰਿਹਾ ਸੀ। ਅੱਜ, ਜਦੋਂ ਕੁਝ ਨੌਜਵਾਨ ਨਸ਼ੇ ਲਈ ਕਮਰੇ ਵਿੱਚ ਦਾਖਲ ਹੋਏ, ਤਾਂ ਉਸਨੇ ਤੁਰੰਤ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ 'ਤੇ ਸਿਟੀ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਤਾਲਾ ਖੋਲ੍ਹਿਆ, ਕਮਰੇ ਵਿੱਚੋਂ 5-6 ਨੌਜਵਾਨਾਂ ਨੂੰ ਬਾਹਰ ਕੱਢਿਆ ਤੇ ਤਲਾਸ਼ੀ ਸ਼ੁਰੂ ਕੀਤੀ। ਇਸ ਦੌਰਾਨ, ਪੁਲਿਸ ਨੇ ਉੱਥੇ ਮੌਜੂਦ ਲੋਕਾਂ ਨੂੰ ਵੀਡਿਓ ਬਣਾਉਣ ਤੋਂ ਰੋਕਣ ਲਈ ਮੌਕੇ ਤੋਂ ਹਟਾ ਦਿੱਤਾ, ਜਿਸ ਨਾਲ ਲੋਕਾਂ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ। ਜਨਤਾ ਦੇ ਗੁੱਸੇ ਨੂੰ ਵਧਦਾ ਦੇਖ ਕੇ, ਪੁਲਿਸ ਨੇ ਸਾਰੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਮਾਮਲੇ ਦੀ ਜਾਂਚ 'ਚ ਜੁਟੀ ਪੁਲਿਸ
ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਕੁੱਲ 9 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਚੋਂ ਕੁਝ ਨੌਜਵਾਨ ਇੱਕੋ ਘਰ ਵਿੱਚ ਕਿਰਾਏ 'ਤੇ ਰਹਿ ਰਹੇ ਸਨ, ਜਦੋਂ ਕਿ ਬਾਕੀ ਨੇੜਲੇ ਇਲਾਕਿਆਂ ਦੇ ਦੱਸੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਤੇ ਖੁਲਾਸੇ ਕੀਤੇ ਜਾਣਗੇ।