ਲੁਧਿਆਣਾ ਦੇ ਸਲੇਮ ਟਾਬਰੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਜਲੰਧਰ ਬਾਈਪਾਸ ਨੇੜੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਖਾਲੀ ਪਲਾਟ ਵਿੱਚ ਕਈ ਟੁਕੜਿਆਂ ਵਿੱਚ ਕੱਟੀ ਹੋਈ ਲਾਸ਼ ਬਰਾਮਦ ਹੋਈ। ਇਸ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਲਾਸ਼ ਦੇ ਧੜ ਨੂੰ ਸਰੀਰ ਦੇ ਹੋਰ ਹਿੱਸਿਆਂ ਤੋਂ ਵੱਖ ਕਰਕੇ ਵੱਖ-ਵੱਖ ਟੁਕੜਿਆਂ ਵਿੱਚ ਸੁੱਟਿਆ ਗਿਆ ਸੀ। ਮ੍ਰਿਤਕ ਦਾ ਅੱਧਾ ਸਰੀਰ ਸੜਿਆ ਹੋਇਆ ਹੈ, ਜਦਕਿ ਬਾਕੀ ਅੱਧਾ ਡਰੰਮ ਵਿੱਚੋਂ ਮਿਲਿਆ। ਸਵੇਰੇ ਜਦੋਂ ਨੇੜਲੇ ਇਲਾਕੇ ਦੇ ਲੋਕਾਂ ਦੀ ਨਜ਼ਰ ਲਾਸ਼ ਦੇ ਟੁਕੜਿਆਂ ‘ਤੇ ਪਈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਸਲੇਮ ਟਾਬਰੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਮ੍ਰਿਤਕ ਦੀ ਪਹਿਚਾਣ 30 ਸਾਲਾ ਦਵਿੰਦਰ ਸਿੰਘ, ਵਸਨੀਕ ਪਿੰਡ ਭੋਰੇ ਵਜੋਂ ਕੀਤੀ ਗਈ ਹੈ। ਮੌਕੇ ‘ਤੇ ਪਹੁੰਚੇ ਸਲੇਮ ਟਾਬਰੀ ਥਾਣੇ ਦੇ SHO ਹਰਸ਼ਵੀਰ ਸਿੰਘ ਨੇ ਦੱਸਿਆ ਕਿ ਲਾਸ਼ ਕਈ ਟੁਕੜਿਆਂ ਵਿੱਚ ਮਿਲੀ ਹੈ ਅਤੇ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਮ੍ਰਿਤਕ ਦੇ ਰਿਸ਼ਤੇਦਾਰ ਚਰਨਦਾਸ ਨੇ ਦੱਸਿਆ ਕਿ ਦਵਿੰਦਰ ਕੁਮਾਰ ਕੁੱਝ ਦਿਨ ਪਹਿਲਾਂ ਕੰਮ ਦੇ ਸਿਲਸਿਲੇ ਵਿੱਚ ਮੁੰਬਈ ਗਿਆ ਹੋਇਆ ਸੀ ਅਤੇ ਪਰਸੋਂ ਹੀ ਵਾਪਸ ਆਇਆ ਸੀ। ਵਾਪਸੀ ਤੋਂ ਬਾਅਦ ਉਸਨੇ ਪਰਿਵਾਰ ਨਾਲ ਵਧੇਰੇ ਗੱਲਬਾਤ ਨਹੀਂ ਕੀਤੀ ਅਤੇ ਘਰੋਂ ਬਾਹਰ ਜਾਣ ਮਗਰੋਂ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰ ਵੱਲੋਂ ਉਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਪੁਲਿਸ ਕੋਲ ਗੁਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਦਵਿੰਦਰ ਨਿਟਿੰਗ ਦਾ ਕੰਮ ਕਰਦਾ ਸੀ ਅਤੇ ਉਸਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ। ਪਰਿਵਾਰ ਨੇ ਇਸ ਬੇਰਹਿਮੀ ਨਾਲ ਕੀਤੇ ਕਤਲ ਦੀ ਉੱਚ ਪੱਧਰੀ ਜਾਂਚ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਫਿਲਹਾਲ ਪੁਲਿਸ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।