ਜਲੰਧਰ ਦੇ ਬੂਟਾ ਮੰਡੀ ਰਿਹਾਇਸ਼ੀ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਲੱਕੜ ਦੇ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਸਵੇਰੇ ਕਰੀਬ 5 ਵਜੇ ਵਾਪਰੀ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਅੱਗ ਲੱਗਣ ਤੋਂ ਬਾਅਦ ਲਪਟਾਂ ਨੇ ਤੇਜ਼ੀ ਨਾਲ ਭਿਆਨਕ ਰੂਪ ਧਾਰ ਲਿਆ। ਗੋਦਾਮ ਵਿੱਚ ਵੱਡੀ ਮਾਤਰਾ ਵਿੱਚ ਲੱਕੜ ਹੋਣ ਕਾਰਨ ਅੱਗ ਬੇਕਾਬੂ ਹੋ ਗਈ ਅਤੇ ਧੂੰਏਂ ਦੇ ਗੁੱਬਾਰ ਮੀਲਾਂ ਦੂਰ ਤੱਕ ਨਜ਼ਰ ਆਏ। ਅੱਗ ਅਤੇ ਧੂੰਏਂ ਨੂੰ ਦੇਖ ਕੇ ਆਸ-ਪਾਸ ਦੀਆਂ ਗਲੀਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਸਥਾਨਕ ਵਸਨੀਕਾਂ ਨੇ ਤੁਰੰਤ ਆਪਣੇ ਘਰਾਂ ਤੋਂ ਪਾਣੀ ਦੀਆਂ ਬਾਲਟੀਆਂ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀ ਤੀਬਰਤਾ ਦੇ ਚਲਦੇ ਉਹ ਕਾਮਯਾਬ ਨਾ ਹੋ ਸਕੇ। ਇਸ ਤੋਂ ਬਾਅਦ ਫਾਇਰ ਵਿਭਾਗ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ। ਗੋਦਾਮ ਵਿੱਚ ਲੱਕੜ ਹੋਣ ਕਾਰਨ ਫਾਇਰ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਗੋਦਾਮ ਵਿੱਚ ਸਟੋਰ ਕੀਤੀ ਸਾਰੀ ਲੱਕੜ ਸੜ ਕੇ ਸੁਆਹ ਹੋ ਗਈ ਹੈ, ਜਿਸ ਨਾਲ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਇਆ ਹੈ।