Saturday, 10th of January 2026

ਹੁਸ਼ਿਆਰਪੁਰ: ਕੰਦੀ ਕਨਾਲ 'ਚ ਇੱਕ ਨੌਜਵਾਨ ਦੀ ਮੌਤ, ਜਾਣੋ ਕੀ ਹੈ ਪੂਰਾ ਮਾਮਲਾ

Reported by: Ajeet Singh  |  Edited by: Jitendra Baghel  |  January 09th 2026 02:02 PM  |  Updated: January 09th 2026 02:02 PM
ਹੁਸ਼ਿਆਰਪੁਰ: ਕੰਦੀ ਕਨਾਲ 'ਚ ਇੱਕ ਨੌਜਵਾਨ ਦੀ ਮੌਤ, ਜਾਣੋ ਕੀ ਹੈ ਪੂਰਾ ਮਾਮਲਾ

ਹੁਸ਼ਿਆਰਪੁਰ: ਕੰਦੀ ਕਨਾਲ 'ਚ ਇੱਕ ਨੌਜਵਾਨ ਦੀ ਮੌਤ, ਜਾਣੋ ਕੀ ਹੈ ਪੂਰਾ ਮਾਮਲਾ

ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ ਅਧੀਨ ਪੈਂਦੀ ਕੰਦੀ ਕਨਾਲ ਵਿੱਚ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਹਿਚਾਣ ਪਿੰਡ ਬੱਸੀ ਵਾਹਿਦ ਖਾਣ ਦੇ ਰਹਿਣ ਵਾਲੇ ਅਰੁਣ ਕੁਮਾਰ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਅਰੁਣ ਕੁਮਾਰ ਆਪਣੀ ਜੈਂਟਸ ਗਾਰਮੈਂਟਸ ਦੀ ਦੁਕਾਨ, ਜੋ ਕਿ ਕਸਬਾ ਭੂੰਗਾ ਵਿੱਚ ਸਥਿਤ ਹੈ, ਅਰੁਣ ਕੁਮਾਰ ਦੇਰ ਸ਼ਾਮ ਦੁਕਾਨ ਨੂੰ ਬੰਦ ਕਰਕੇ ਆਪਣੇ ਘਰ ਵਾਪਸ ਆ ਰਿਹਾ ਸੀ। ਪਰ ਜਦੋਂ ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੂੰ ਚਿੰਤਾ ਹੋਈ ਅਤੇ ਉਸਦੀ ਭਾਲ ਸ਼ੁਰੂ ਕੀਤੀ ਗਈ।

ਭਾਲ ਦੌਰਾਨ ਸਥਾਨਕ ਲੋਕਾਂ ਦੀ ਮਦਦ ਨਾਲ ਅਰੁਣ ਕੁਮਾਰ ਦੀ ਸਕੂਟੀ ਕੰਦੀ ਨਹਿਰ ਵਿੱਚੋਂ ਬਰਾਮਦ ਹੋਈ। ਸਕੂਟੀ ਮਿਲਣ ਨਾਲ ਪਰਿਵਾਰ ਦੀ ਚਿੰਤਾ ਹੋਰ ਵੱਧ ਗਈ, ਪਰ ਅਰੁਣ ਕੁਮਾਰ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਬੀਤੀ ਸ਼ਾਮ ਤੋਂ ਹੀ ਆਪਣੇ ਤੌਰ ‘ਤੇ ਨਹਿਰ ਵਿੱਚ ਭਾਲ ਸ਼ੁਰੂ ਕਰ ਦਿੱਤੀ। ਸਾਰੀ ਰਾਤ ਲੋਕ ਨਹਿਰ ਦੇ ਕਿਨਾਰਿਆਂ ‘ਤੇ ਅਰੁਣ ਨੂੰ ਲੱਭਦੇ ਰਹੇ, ਪਰ ਕੋਈ ਸਫਲਤਾ ਨਹੀਂ ਮਿਲੀ।

18 ਘੰਟਿਆਂ ਬਾਅਦ ਮਿਲੀ ਲਾਸ਼ 

ਅੱਜ ਸਵੇਰੇ ਗੋਤਾਖੋਰਾਂ ਅਤੇ ਕੈਮਰਿਆਂ ਦੀ ਮਦਦ ਨਾਲ ਮੁੜ ਤੋਂ ਭਾਲ ਸ਼ੁਰੂ ਕੀਤੀ। ਲਗਭਗ 18 ਘੰਟਿਆਂ ਦੀ ਲੰਬੀ ਜੱਦੋਜਹਿਦ ਤੋਂ ਬਾਅਦ ਆਖ਼ਿਰਕਾਰ ਅਰੁਣ ਕੁਮਾਰ ਦਾ ਸ਼ਵ ਕੰਦੀ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਨੌਜਵਾਨ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਅਤੇ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ 'ਤੇ ਜਤਾਈ ਨਾਰਾਜ਼ਗੀ

ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਪ੍ਰਤੀ ਭਾਰੀ ਨਾਰਾਜ਼ਗੀ ਜਤਾਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਹ ਕੱਲ੍ਹ ਸ਼ਾਮ ਤੋਂ ਹੀ ਅਰੁਣ ਦੀ ਤਲਾਸ਼ ਕਰ ਰਹੇ ਸਨ, ਪਰ ਨਾ ਤਾਂ ਪੁਲਿਸ ਵੱਲੋਂ ਸਮੇਂ ‘ਤੇ ਕੋਈ ਢੰਗ ਦੀ ਮਦਦ ਦਿੱਤੀ ਗਈ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਰੈਸਕਿਊ ਕਾਰਵਾਈ ਸ਼ੁਰੂ ਹੋ ਜਾਂਦੀ ਤਾਂ ਸ਼ਾਇਦ ਅਰੁਣ ਦੀ ਜਾਨ ਬਚ ਸਕਦੀ ਸੀ।

ਪੁਲਿਸ ਵੱਲੋਂ ਮਾਮਲਾ ਦਰਜ, ਜਾਂਚ ਜਾਰੀ 

ਪਰਿਵਾਰ ਨੇ ਇਹ ਵੀ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਲੈ ਕੇ ਸ਼ਵ ਮਿਲਣ ਤੱਕ ਪੁਲਿਸ ਦੀ ਕੋਈ ਵੱਡੀ ਭੂਮਿਕਾ ਨਜ਼ਰ ਨਹੀਂ ਆਈ, ਜਿਸ ਕਾਰਨ ਉਹ ਅੰਤ ਤੱਕ ਪ੍ਰਸ਼ਾਸਨ ਤੋਂ ਨਾਰਾਜ਼ ਰਹੇ। ਫਿਲਹਾਲ ਪੁਲਿਸ ਨੇ ਸ਼ਵ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

TAGS