Friday, 9th of October 2026

ਹੁਸ਼ਿਆਰਪੁਰ ਜੇਲ੍ਹ 'ਚੋਂ ਵਾਇਰਲ ਹੋਈ ਵੀਡੀਓ ਦਾ ਮਾਮਲਾ: ਡਿਪਟੀ ਸੁਪਰਡੈਂਟ ਹਰਭਜਨ ਸਿੰਘ ਗ੍ਰਿਫ਼ਤਾਰ

Edited By: Lajwinder Kaur | Updated at:
ਹੁਸ਼ਿਆਰਪੁਰ ਜੇਲ੍ਹ 'ਚੋਂ ਵਾਇਰਲ ਹੋਈ ਵੀਡੀਓ ਦਾ ਮਾਮਲਾ: ਡਿਪਟੀ ਸੁਪਰਡੈਂਟ ਹਰਭਜਨ ਸਿੰਘ ਗ੍ਰਿਫ਼ਤਾਰ

ਹੁਸ਼ਿਆਰਪੁਰ ਜੇਲ੍ਹ 'ਚੋਂ ਵਾਇਰਲ ਹੋਈ ਵੀਡੀਓ ਦਾ ਮਾਮਲਾ: ਡਿਪਟੀ ਸੁਪਰਡੈਂਟ ਹਰਭਜਨ ਸਿੰਘ ਗ੍ਰਿਫ਼ਤਾਰ

ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿੱਚ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੇ ਦੋਸ਼ਾਂ ਵਿੱਚ ਜੇਲ੍ਹ ਪ੍ਰਸ਼ਾਸਨ 'ਤੇ ਵੱਡੀ ਕਾਰਵਾਈ ਹੋਈ ਹੈ। ਹੁਸ਼ਿਆਰਪੁਰ ਪੁਲਿਸ ਨੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਕੀ ਹੈ ਮਾਮਲਾ?

ਪਿਛਲੇ ਦਿਨੀਂ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਮਨਪ੍ਰੀਤ ਸਿੰਘ ਮੰਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਗੈਂਗਸਟਰ ਮੰਨਾ ਨੇ ਜੇਲ੍ਹ ਅੰਦਰ ਨਸ਼ਾ ਵੇਚਣ, ਮੋਬਾਈਲ ਫੋਨ ਉਪਲਬਧ ਕਰਾਉਣ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰਕੇ ਪੈਸਿਆਂ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਸੀ।

ਪੁਲਿਸ ਦੀ ਜਾਂਚ

ਹੁਸ਼ਿਆਰਪੁਰ ਦੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੇਲ੍ਹ ਦੇ ਕੁਝ ਕਰਮਚਾਰੀ ਗੈਂਗਸਟਰਾਂ ਨੂੰ ਨਸ਼ਾ ਅਤੇ ਮੋਬਾਈਲ ਸਪਲਾਈ ਕਰਦੇ ਸਨ। ਇਸ ਮਾਮਲੇ ਵਿੱਚ ਹੁਣ ਤੱਕ 12 ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ, ਜਿਸ ਵਿੱਚ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਅਤੇ ਇੱਕ ਵਾਰਡਨ ਦੀ ਗ੍ਰਿਫ਼ਤਾਰੀ ਮੁੱਖ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।