ਬੀਤੀ ਦੇਰ ਰਾਤ ਗੁਰਦਾਸਪੁਰ–ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਚਾਏ ਚੂਰੀ ਰੈਸਟੋਰੈਂਟ ਵਿੱਚ ਇੱਕ ਗੰਭੀਰ ਘਟਨਾ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਰੈਸਟੋਰੈਂਟ ਦੇ ਮਾਲਕ ਮਨਪ੍ਰੀਤ ਸਿੰਘ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਅਤੇ ਥਾਣਾ ਸਦਰ ਦੇ ਐਸਐਚਓ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜਖ਼ਮੀ ਨੌਜਵਾਨ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ l ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸੀ ਹੈ।
ਡੀਐਸਪੀ ਸਿਟੀ ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਰੈਸਟੋਰੈਂਟ ਵਿੱਚ ਗੋਲੀ ਚੱਲਣ ਬਾਰੇ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚ ਕੇ ਪਤਾ ਲੱਗਿਆ ਕਿ ਰੈਸਟੋਰੈਂਟ ਦੇ ਮਾਲਕ ਮਨਪ੍ਰੀਤ ਸਿੰਘ ਦੇ ਮੋਢੇ ’ਤੇ ਗੋਲੀ ਲੱਗੀ ਹੋਈ ਸੀ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਪੁਲਿਸ ਅਧਿਕਾਰੀਆਂ ਮੁਤਾਬਕ, ਆਸ-ਪਾਸ ਮੌਜੂਦ ਲੋਕਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਦੇ ਆਧਾਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਘਟਨਾ ਆਪਣੇ ਆਪ ਵਾਪਰਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਪਰ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗੋਲੀ ਕਿਵੇਂ ਚੱਲੀ ਅਤੇ ਘਟਨਾ ਦੇ ਅਸਲ ਕਾਰਨ ਕੀ ਸਨ।
ਫਿਲਹਾਲ ਪੁਲਿਸ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਜਾਂਚ ਜਾਰੀ ਹੈ। ਹਸਪਤਾਲ ਵਿੱਚ ਜਖ਼ਮੀ ਦੀ ਸਿਹਤ ’ਤੇ ਡਾਕਟਰ ਨਜ਼ਰ ਬਣਾਈ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਸਹੀ ਤਸਵੀਰ ਸਪਸ਼ਟ ਹੋ ਸਕੇਗੀ।