ਗੁਰਦਾਸਪੁਰ:- ਨਵੇਂ ਸਾਲ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਕਿਸਮਤ ਚਮਕੀ ਗਈ। ਨੌਜਵਾਨ ਦੀ 1 ਕਰੋੜ 50 ਰੁਪਏ ਦੀ ਲਾਟਰੀ ਨਿਕਲੀ ਹੈ। ਗੁਰਦਾਸਪੁਰ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਸਿਰਫ਼ 200 ਰੁਪਏ ਦੀ ਲਾਟਰੀ ਖਰੀਦੀ ਸੀ, ਜਿਸ ’ਤੇ ਉਸਨੂੰ 1 ਕਰੋੜ 50 ਲੱਖ ਰੁਪਏ ਦਾ ਵੱਡਾ ਇਨਾਮ ਨਿਕਲ ਆਇਆ। ਇਸ ਖ਼ਬਰ ਤੋਂ ਬਾਅਦ ਨਾ ਸਿਰਫ਼ ਸੰਦੀਪ ਸਿੰਘ ਦੇ ਘਰ, ਸਗੋਂ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਕ ਸੰਦੀਪ ਸਿੰਘ ਖੇਤੀਬਾੜੀ ਨਾਲ ਸੰਬੰਧਿਤ ਕੰਮ ਕਰਦਾ ਹੈ ਅਤੇ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ। ਦੱਸਿਆ ਜਾ ਰਿਹਾ ਹੈ ਕਿ ਲਾਟਰੀ ਖਰੀਦਦੇ ਸਮੇਂ ਉਹ ਅਸਲ ਵਿੱਚ ਲਾਟਰੀ ਲੈਣ ਦਾ ਮਨ ਨਹੀਂ ਰੱਖਦਾ ਸੀ, ਪਰ ਦੁਕਾਨਦਾਰ ਵੱਲੋਂ ਜ਼ੋਰ ਦੇ ਕੇ ਉਸਨੂੰ 200 ਰੁਪਏ ਦੀ ਲਾਟਰੀ ਦਿੱਤੀ ਗਈ। ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਲਾਟਰੀ ਉਸਦੀ ਕਿਸਮਤ ਦਾ ਦਰਵਾਜ਼ਾ ਖੋਲ੍ਹ ਦੇਵੇਗੀ।
ਨਵੇਂ ਸਾਲ ਦੇ ਦਿਨ ਜਦੋਂ ਲਾਟਰੀ ਦੇ ਨਤੀਜੇ ਐਲਾਨੇ ਗਏ ਤਾਂ ਸੰਦੀਪ ਸਿੰਘ ਦੇ ਟਿਕਟ ਨੰਬਰ ’ਤੇ 1.50 ਕਰੋੜ ਰੁਪਏ ਦਾ ਇਨਾਮ ਨਿਕਲਿਆ। ਪਹਿਲਾਂ ਤਾਂ ਉਸਨੂੰ ਆਪਣੇ ਕੰਨਾਂ ’ਤੇ ਯਕੀਨ ਨਹੀਂ ਆਇਆ, ਪਰ ਜਦੋਂ ਦੁਬਾਰਾ ਜਾਂਚ ਕੀਤੀ ਗਈ ਤਾਂ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਇਸ ਵੱਡੀ ਜਿੱਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ।
ਲਾਟਰੀ ਨਿਕਲਣ ਤੋਂ ਬਾਅਦ ਸੰਦੀਪ ਸਿੰਘ ਵੱਲੋਂ ਲਾਟਰੀ ਸਟਾਲ ’ਤੇ ਜਾ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਢੋਲ ਵਜਾਏ ਗਏ ਅਤੇ ਲੋਕਾਂ ਵਿੱਚ ਲੱਡੂ ਵੰਡੇ ਗਏ। ਇਲਾਕੇ ਦੇ ਲੋਕਾਂ ਅਤੇ ਦੋਸਤਾਂ ਨੇ ਉਸਨੂੰ ਵਧਾਈਆਂ ਦਿੱਤੀਆਂ ਅਤੇ ਉਸਦੀ ਖੁਸ਼ੀ ਵਿੱਚ ਸ਼ਾਮਲ ਹੋਏ। ਪੂਰੇ ਪਰਿਵਾਰ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਸੀ।
ਸੰਦੀਪ ਸਿੰਘ ਨੇ ਕਿਹਾ ਕਿ ਇਹ ਰੱਬ ਦੀ ਬਖ਼ਸ਼ਿਸ਼ ਹੈ ਅਤੇ ਉਹ ਇਸ ਰਕਮ ਨੂੰ ਸੋਚ-ਵਿਚਾਰ ਕੇ ਵਰਤਣਾ ਚਾਹੁੰਦਾ ਹੈ। ਉਸਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਭਵਿੱਖ ਲਈ ਕੋਈ ਢੰਗ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਿਸਮਤ ਕਦੋਂ ਤੇ ਕਿਵੇਂ ਬਦਲ ਜਾਵੇ, ਕਿਸੇ ਨੂੰ ਪਤਾ ਨਹੀਂ ਹੁੰਦਾ।