Sunday, 27th of September 2026

Gas Cylinder: ਪੰਜਾਬ 'ਚ ਸਿਲੰਡਰਾਂ ਲਈ ਹਾਹਾਕਾਰ: OTP ਦੇ ਚੱਕਰ 'ਚ ਉਲਝੀ ਬੁਕਿੰਗ, ਏਜੰਸੀਆਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ, ਹੁਣ ਕਿਵੇਂ ਮਿਲੇਗੀ ਰਸੋਈ ਗੈਸ?

Edited By: Lajwinder Kaur | Updated at:
Gas Cylinder: ਪੰਜਾਬ 'ਚ ਸਿਲੰਡਰਾਂ ਲਈ ਹਾਹਾਕਾਰ: OTP ਦੇ ਚੱਕਰ 'ਚ ਉਲਝੀ ਬੁਕਿੰਗ, ਏਜੰਸੀਆਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ, ਹੁਣ ਕਿਵੇਂ ਮਿਲੇਗੀ ਰਸੋਈ ਗੈਸ?

Gas Cylinder: ਪੰਜਾਬ 'ਚ ਸਿਲੰਡਰਾਂ ਲਈ ਹਾਹਾਕਾਰ: OTP ਦੇ ਚੱਕਰ 'ਚ ਉਲਝੀ ਬੁਕਿੰਗ, ਏਜੰਸੀਆਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ, ਹੁਣ ਕਿਵੇਂ ਮਿਲੇਗੀ ਰਸੋਈ ਗੈਸ?

Gas Cylinder Update: ਮਿਡਲ ਈਸਟ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਪੰਜਾਬ ਅਤੇ ਚੰਡੀਗੜ੍ਹ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵਪਾਰਕ ਸਿਲੰਡਰਾਂ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ, ਜਦਕਿ ਘਰੇਲੂ ਸਿਲੰਡਰਾਂ ਦੀ ਬੁਕਿੰਗ ਵਿੱਚ ਵੀ ਭਾਰੀ ਦਿੱਕਤਾਂ ਆ ਰਹੀਆਂ ਹਨ। ਸਰਵਰ ਡਾਊਨ ਹੋਣ ਕਾਰਨ ਖਪਤਕਾਰਾਂ ਨੂੰ OTP ਨਹੀਂ ਮਿਲ ਰਿਹਾ।

ਲੰਬੀਆਂ ਕਤਾਰਾਂ 'ਚ ਖੜ੍ਹੇ ਹੋਏ ਲੋਕ

ਹਾਲਾਤ ਇਹ ਹਨ ਕਿ ਪਹਿਲਾਂ ਜਿਹੜੇ ਸਿਲੰਡਰ ਘਰਾਂ ਵਿੱਚ ਡਿਲੀਵਰ ਹੁੰਦੇ ਸਨ, ਹੁਣ ਲੋਕ ਉਨ੍ਹਾਂ ਲਈ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਹਨ। ਇੰਨਾ ਇੰਤਜ਼ਾਰ ਕਰਨ ਦੇ ਬਾਵਜੂਦ ਲੋਕਾਂ ਨੂੰ ਗੈਸ ਨਹੀਂ ਮਿਲ ਰਹੀ। ਦੂਜੇ ਪਾਸੇ, ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਐਲ.ਪੀ.ਜੀ. (LPG) ਦੀ ਕੋਈ ਕਿੱਲਤ ਨਹੀਂ ਹੈ ਅਤੇ ਉਨ੍ਹਾਂ ਕੋਲ ਗੈਸ ਦਾ ਲੋੜੀਂਦਾ ਭੰਡਾਰ ਮੌਜੂਦ ਹੈ।

ਚੰਡੀਗੜ੍ਹ ਅਤੇ ਮੁਹਾਲੀ ਵਿੱਚ ਗੈਸ ਸਪਲਾਈ ਦਾ ਸੰਕਟ: ਏਜੰਸੀਆਂ 'ਤੇ ਪੁਲਿਸ ਹੋਵੇਗੀ ਤਾਇਨਾਤ

ਚੰਡੀਗੜ੍ਹ ਦੇ ਸੈਕਟਰ-38 ਵਿੱਚ ਤੀਜੇ ਦਿਨ ਗੈਸ ਦੀ ਸਪਲਾਈ ਪਹੁੰਚੀ ਹੈ, ਜਿਸ ਕਾਰਨ ਏਜੰਸੀ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹੁਣ ਇੱਕ ਸਿਲੰਡਰ ਲੈਣ ਤੋਂ ਬਾਅਦ ਦੂਜੇ ਸਿਲੰਡਰ ਦੀ ਬੁਕਿੰਗ ਲਈ ਸਮਾਂ ਸੀਮਾ ਵਧਾ ਦਿੱਤੀ ਗਈ ਹੈ। ਮੁਹਾਲੀ ਵਿੱਚ 25 ਦਿਨ ਅਤੇ ਚੰਡੀਗੜ੍ਹ ਵਿੱਚ 30 ਦਿਨਾਂ ਬਾਅਦ ਅਗਲੀ ਬੁਕਿੰਗ ਹੋ ਰਹੀ ਹੈ।

ਇਸ ਦੇ ਨਾਲ ਹੀ, ਸਾਰੇ ਘਰਾਂ ਨੂੰ ਸਿਲੰਡਰ ਮਿਲ ਸਕੇ, ਇਸ ਦੇ ਲਈ ਗੈਸ ਏਜੰਸੀਆਂ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਉਹ ਇਹ ਯਕੀਨੀ ਬਣਾਉਣਗੇ ਕਿ ਸਾਰੇ ਗਾਹਕਾਂ ਨੂੰ ਸੁਚਾਰੂ ਢੰਗ ਨਾਲ ਗੈਸ ਮਿਲ ਸਕੇ।

ਐਲ.ਪੀ.ਜੀ. ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਗੁਪਤਾ ਨੇ ਕਿਹਾ ਹੈ ਕਿ ਘਰੇਲੂ ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ ਅਤੇ ਹਰ ਏਜੰਸੀ ਕੋਲ ਲੋੜੀਂਦੇ ਸਿਲੰਡਰ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਪੋਰਟਲ ਵਿੱਚ ਬੁਕਿੰਗ ਨਾ ਦਿਖਣ ਕਾਰਨ ਸਿਲੰਡਰਾਂ ਦੀ ਡਿਲਿਵਰੀ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ 'ਜ਼ਰੂਰੀ ਵਸਤਾਂ ਐਕਟ' (Essential Commodities Act) ਲਾਗੂ ਹੈ, ਜਿਸ ਕਾਰਨ ਬੁਕਿੰਗ ਦੀ ਪੁਸ਼ਟੀ ਕੀਤੇ ਬਿਨਾਂ ਕਿਸੇ ਵੀ ਗਾਹਕ ਨੂੰ ਸਿਲੰਡਰ ਨਹੀਂ ਭੇਜਿਆ ਜਾ ਸਕਦਾ।

DC ਨੇ ਲੋਕਾਂ ਨੂੰ ਨਾ ਘਬਰਾਉਣ ਦੀ ਕੀਤੀ ਅਪੀਲ

ਹਰ ਜ਼ਿਲ੍ਹੇ ਦੇ ਡੀਸੀ ਸਾਹਿਬਾਨਾਂ ਵੱਲੋਂ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਗੈਸ ਏਜੰਸੀਆਂ ਨੇ ਆਰਜ਼ੀ ਤੌਰ 'ਤੇ ਇੱਕ ਗਾਹਕ ਲਈ ਮਹੀਨੇ ਵਿੱਚ ਸਿਰਫ਼ ਇੱਕ ਹੀ ਐਲ.ਪੀ.ਜੀ. (LPG) ਸਿਲੰਡਰ ਦੀ ਵਿਵਸਥਾ ਬਣਾਈ ਹੈ, ਤਾਂ ਜੋ ਸਾਰੇ ਗਾਹਕਾਂ ਨੂੰ ਬਰਾਬਰ ਰੂਪ ਵਿੱਚ ਗੈਸ ਮਿਲ ਸਕੇ ਅਤੇ ਕੋਈ ਵੀ ਸਟਾਕ ਜਮ੍ਹਾਂ ਨਾ ਕਰ ਸਕੇ।

ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ਵਿੱਚ ਆ ਕੇ ਬੇਲੋੜੀ ਖਰੀਦਦਾਰੀ ਨਾ ਕਰਨ। ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਜ਼ਰੂਰੀ ਵਸਤਾਂ ਦਾ ਲੋੜੀਂਦਾ ਭੰਡਾਰ ਮੌਜੂਦ ਹੈ।

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਘਰੇਲੂ ਗੈਸ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਭਾਰਤ ਪੈਟਰੋਲੀਅਮ ਅਤੇ ਹੋਰ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੈਟਰੋਲ ਅਤੇ ਗੈਸ ਦੀ ਜਮ੍ਹਾਖੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।