ਸਸਪੈਂਡ DIG ਭੁੱਲਰ ਮੁੜ ਤੋਂ ਸੁਰਖੀਆਂ ਦੇ ਵਿੱਚ ਬਣ ਗਏ ਹਨ। ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ (DIG) ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਸੋਮਵਾਰ ਯਾਨੀਕਿ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਛਾਪਾ ਮਾਰਿਆ। ਈਡੀ ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੇ ਤਹਿਤ ਭੁੱਲਰ ਅਤੇ ਹੋਰਨਾਂ ਦੇ ਖ਼ਿਲਾਫ਼ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
11 ਟਿਕਾਣਿਆਂ 'ਤੇ ਤਲਾਸ਼ੀ ਲਈ
ਈਡੀ ਵੱਲੋਂ ਪੀ.ਐਮ.ਐਲ.ਏ. (PMLA) ਦੀ ਧਾਰਾ 17 ਦੇ ਤਹਿਤ ਕੁੱਲ 11 ਟਿਕਾਣਿਆਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਇਹਨਾਂ ਵਿੱਚ ਚੰਡੀਗੜ੍ਹ (2), ਲੁਧਿਆਣਾ ਜ਼ਿਲ੍ਹਾ (5), ਪਟਿਆਲਾ (2), ਨਾਭਾ (1) ਅਤੇ ਜਲੰਧਰ (1) ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਟਿਕਾਣੇ ਮੁਲਜ਼ਮ, ਉਸ ਦੇ ਸਾਥੀਆਂ ਅਤੇ ਸ਼ੱਕੀ ਬੇਨਾਮੀ ਵਿਅਕਤੀਆਂ ਨਾਲ ਜੁੜੇ ਹੋਏ ਹਨ। ਇਸ ਸਰਚ ਆਪ੍ਰੇਸ਼ਨ ਦਾ ਮੁੱਖ ਉਦੇਸ਼ ਅਪਰਾਧ ਰਾਹੀਂ ਕਮਾਈ ਗਈ ਦੌਲਤ (ਪ੍ਰੋਸੀਡਜ਼ ਆਫ਼ ਕ੍ਰਾਈਮ) ਦਾ ਪਤਾ ਲਗਾਉਣਾ, ਬੇਨਾਮੀ ਸੰਪਤੀਆਂ ਦੀ ਪਛਾਣ ਕਰਨਾ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਸਬੂਤ ਇਕੱਠੇ ਕਰਨਾ ਹੈ। ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਭਾਰੀ ਮਾਤਰਾ ‘ਚ ਨਕਦੀ ਅਤੇ ਕੀਮਤੀ ਸਾਮਾਨ ਬਰਾਮਦ
ਇਸ ਤੋਂ ਪਹਿਲਾਂ ਸੀ.ਬੀ.ਆਈ. (CBI) ਦੀ ਛਾਪੇਮਾਰੀ ਦੌਰਾਨ ਭੁੱਲਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅਤੇ ਫਾਰਮ ਹਾਊਸ ਤੋਂ ਭਾਰੀ ਮਾਤਰਾ ਵਿੱਚ ਨਕਦੀ ਅਤੇ ਕੀਮਤੀ ਸਾਮਾਨ ਮਿਲਿਆ ਸੀ। ਬਰਾਮਦਗੀ ਵਿੱਚ ਲਗਭਗ 7.36 ਕਰੋੜ ਰੁਪਏ ਦੀ ਨਕਦੀ, 2.5 ਕਿਲੋ ਸੋਨਾ, ਚਾਂਦੀ ਦੇ ਗਹਿਣੇ (ਕੀਮਤ ਲਗਭਗ 2.32 ਕਰੋੜ ਰੁਪਏ) ਅਤੇ 26 ਲਗਜ਼ਰੀ ਘੜੀਆਂ (ਰੋਲੇਕਸ ਅਤੇ ਰਾਡੋ ਵਰਗੇ ਬ੍ਰਾਂਡ) ਸ਼ਾਮਲ ਸਨ। ਇਸ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰ ਦੇ ਨਾਂ 'ਤੇ 50 ਤੋਂ ਵੱਧ ਅਚੱਲ ਸੰਪਤੀਆਂ ਦੇ ਦਸਤਾਵੇਜ਼, ਮਰਸਡੀਜ਼ ਅਤੇ ਆਡੀ ਵਰਗੀਆਂ ਆਲੀਸ਼ਾਨ ਕਾਰਾਂ, ਚਾਰ ਹਥਿਆਰ ਅਤੇ ਵਿਦੇਸ਼ੀ ਸ਼ਰਾਬ ਦੀਆਂ 108 ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਸਨ।
ਜ਼ਮਾਨਤ ਪਟੀਸ਼ਨ ਖਾਰਜ
ਹਾਲ ਹੀ ਵਿੱਚ ਸੁਪਰੀਮ ਕੋਰਟ (10 ਅਪ੍ਰੈਲ 2026) ਨੇ ਭੁੱਲਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹਾਲਾਂਕਿ, ਅਦਾਲਤ ਨੇ ਉਨ੍ਹਾਂ ਨੂੰ ਇਹ ਛੋਟ ਦਿੱਤੀ ਹੈ ਕਿ ਜੇਕਰ ਅਗਲੇ ਦੋ ਮਹੀਨਿਆਂ ਤੱਕ ਕੇਸ ਦਾ ਟ੍ਰਾਇਲ ਸ਼ੁਰੂ ਨਹੀਂ ਹੁੰਦਾ, ਤਾਂ ਉਹ ਦੁਬਾਰਾ ਹਾਈ ਕੋਰਟ ਤੱਕ ਪਹੁੰਚ ਕਰ ਸਕਦੇ ਹਨ।
ਡੀਆਈਜੀ ਭੁੱਲਰ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 16 ਅਕਤੂਬਰ 2025 ਨੂੰ ਮੋਹਾਲੀ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਇੱਕ ਕਬਾੜ ਕਾਰੋਬਾਰੀ (ਆਕਾਸ਼ ਬੱਤਾ) ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 5 ਲੱਖ ਰੁਪਏ ਲੈਣ ਦੇ ਮਾਮਲੇ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ।
ਕਾਰੋਬਾਰੀ ਦਾ ਦੋਸ਼ ਸੀ ਕਿ ਭੁੱਲਰ ਉਨ੍ਹਾਂ ਦੇ ਖ਼ਿਲਾਫ਼ 2023 ਵਿੱਚ ਦਰਜ ਇੱਕ ਪੁਰਾਣੀ ਐਫ.ਆਈ.ਆਰ. ਨੂੰ 'ਨਿਪਟਾਉਣ' ਅਤੇ ਭਵਿੱਖ ਵਿੱਚ ਸੁਰੱਖਿਆ ਦੇਣ ਦੇ ਬਦਲੇ ਮਹੀਨਾਵਾਰ 'ਸੇਵਾ-ਪਾਣੀ' (ਰਿਸ਼ਵਤ) ਦੀ ਮੰਗ ਕਰ ਰਹੇ ਸਨ। ਉਨ੍ਹਾਂ 'ਤੇ ਭਾਰਤੀ ਨਿਆ ਸੰਹਿਤਾ (BNS) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸੰਪਤੀਆਂ ਦੀ ਜਾਂਚ ਸੀ.ਬੀ.ਆਈ. ਵੱਲੋਂ ਕੀਤੀ ਗਈ
ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀਆਂ ਸੰਪਤੀਆਂ ਦੀ ਜਾਂਚ ਸੀ.ਬੀ.ਆਈ. ਵੱਲੋਂ ਕੀਤੀ ਗਈ ਸੀ। 29 ਅਕਤੂਬਰ, 2025 ਨੂੰ ਉਨ੍ਹਾਂ ਖ਼ਿਲਾਫ਼ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦਾ ਦੂਜਾ ਮਾਮਲਾ ਦਰਜ ਕੀਤਾ ਗਿਆ। ਭੁੱਲਰ 17 ਅਕਤੂਬਰ 2025 ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ (ਮਾਡਲ ਜੇਲ੍ਹ) ਵਿੱਚ ਨਿਆਂਇਕ ਹਿਰਾਸਤ ਵਿੱਚ ਹਨ। ਸਮੇਂ-ਸਮੇਂ 'ਤੇ ਅਦਾਲਤ ਵੱਲੋਂ ਉਨ੍ਹਾਂ ਦੀ ਹਿਰਾਸਤ ਦੀ ਮਿਆਦ ਵਧਾਈ ਗਈ ਹੈ।