ਪਟਿਆਲਾ: ਪੰਜਾਬ ਪੁਲਿਸ ਦੇ ਸਾਬਕਾ IG ਅਮਰ ਸਿੰਘ ਚਾਹਲ ਨਾਲ ਸਬੰਧਤ ਸਾਈਬਰ ਧੋਖਾਧੜੀ ਮਾਮਲੇ ’ਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਮਹਾਂਰਾਸ਼ਟਰ ਤੋਂ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜਲਦ ਹੀ ਪਟਿਆਲਾ ਲਿਆਂਦਾ ਜਾਵੇਗਾ।
ਮੁਲਜ਼ਮਾਂ ਦੀ ਪਛਾਣ ਚੰਦਰਕਾਂਤ, ਲਖਨ ਸ਼੍ਰੀ ਚੰਦ, ਰਣਜੀਤ ਨੰਬਰਦਾਰ, ਪ੍ਰਤੀਕ ਉੱਤਮ, ਅਸ਼ੀਸ਼ ਕੁਮਾਰ, ਸ਼ੇਰਾ ਅਤੇ ਮੁਹੰਮਦ ਹਸਰੀ ਵਜੋਂ ਹੋਈ ਹੈ। ਉਨ੍ਹਾਂ ਤੋਂ ਬਰਾਮਦ ਕੀਤੇ ਗਏ ਸਿਮ ਕਾਰਡਾਂ ਅਤੇ ਮੋਬਾਈਲ ਫੋਨਾਂ ਦੀ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕਿ ਕੁੱਝ ਸਮਾਂ ਪਹਿਲਾਂ ਸਾਬਕਾ IG ਅਮਰ ਸਿੰਘ ਚਾਹਲ ਨਾਲ 8.10 ਕਰੋੜ ਰੁਪਏ ਦੀ ਧੋਖਾਧੜੀ ਹੋਈ ਸੀ। ਇਸ ਤੋਂ ਦੁਖੀ ਹੋ ਕੇ, ਚਾਹਲ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲਣ ਨਾਲ ਉਨ੍ਹਾਂ ਦੀ ਜਾਨ ਬਚ ਗਈ ਸੀ। ਪਟਿਆਲਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਸਾਈਬਰ ਸੈੱਲ ਕੋਲ ਕੇਸ ਦਰਜ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਵਿਸ਼ੇਸ਼ ਟੀਮਾਂ ਬਣਾਉਣ ਅਤੇ ਤਕਨੀਕੀ ਜਾਂਚ ਕਰਨ ਅਤੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਨੂੰ ਮਹਾਰਾਸ਼ਟਰ ਨਾਲ ਸਬੰਧਾਂ ਦਾ ਪਤਾ ਲੱਗਿਆ।
ਪੁਲਿਸ ਟੀਮਾਂ ਨੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਪੁਲਿਸ ਹਿਰਾਸਤ ਤੋਂ ਬਚਣ ਲਈ ਜਾਅਲੀ ਬੈਂਕ ਖਾਤਿਆਂ ਦੀ ਵਰਤੋਂ ਕੀਤੀ। ਉਨ੍ਹਾਂ ਦੀ ਗ੍ਰਿਫਤਾਰੀ ਦੌਰਾਨ, ਪੁਲਿਸ ਨੇ ਮੋਬਾਈਲ ਫੋਨ, ਸਿਮ ਕਾਰਡ ਅਤੇ ਕਈ ਕਈ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।