ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਇੰਟਰਵਿਊ ਦੌਰਾਨ ਵੱਡੇ ਅਤੇ ਬੇਬਾਕ ਖ਼ੁਲਾਸੇ ਕੀਤੇ ਹਨ। ਉਨ੍ਹਾਂ ਸਾਫ਼ ਆਖਿਆ ਹੈ ਕਿ ਭਾਜਪਾ ਨਾਲ ਜੁੜਨ ਤੋਂ ਬਾਅਦ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ‘ਅਸਲ ਵਿੱਚ ਕੁਝ ਵੀ ਹਾਸਲ ਨਹੀਂ ਹੋਇਆ’।
‘ਮੈਂ ਚਾਰ ਸਾਲਾਂ ‘ਚ ਕੁੱਝ ਵੀ ਨਹੀਂ ਖੱਟਿਆ ’-ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਕਿ ਕੁੱਝ ਵੀ ਨਹੀਂ ਖੱਟਿਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਹਲਚਲ ਮੱਚ ਗਈ ਹੈ।
ਜਾਣੋ ਹੋਰ ਕੀ-ਕੀ ਬੋਲੇ ਕੈਪਟਨ ਸਾਬ੍ਹ…
ਭਾਜਪਾ ਤੋਂ ਨਿਰਾਸ਼ਾ: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਕੋਈ ਆਗੂ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਹ ਉਮੀਦ ਕਰਦਾ ਹੈ ਕਿ ਉਸ ਨਾਲ ਸਲਾਹ ਕੀਤੀ ਜਾਵੇਗੀ, ਖ਼ਾਸਕਰ ਉਸ ਵਿਅਕਤੀ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਵਿੱਚ ਆਪਣੀ ਜ਼ਿੰਦਗੀ ਦੇ ਲਗਪਗ 60 ਸਾਲ ਬਿਤਾਏ ਹੋਣ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਇਸ ਫ਼ੈਸਲੇ ’ਤੇ ਕੋਈ ਅਫ਼ਸੋਸ ਨਹੀਂ ਹੈ।
ਕਾਂਗਰਸ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਖ਼ਤਮ: ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਮੈਂ ਅਕਾਲੀ ਦਲ ਵਿੱਚ ਨਹੀਂ ਜਾ ਸਕਦਾ ਅਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵੀ ਮੈਨੂੰ ਵਾਪਸ ਲਵੇਗੀ।
ਚੋਣ ਰਾਜਨੀਤੀ ਤੋਂ ਕਿਨਾਰਾ: 84 ਸਾਲਾ ਆਗੂ ਨੇ ਐਲਾਨ ਕੀਤਾ ਹੈ ਕਿ ਹੁਣ ਚੋਣਾਂ ਲੜਨ ਦੇ ਉਨ੍ਹਾਂ ਦੇ ਦਿਨ ਅਸਰਦਾਰ ਢੰਗ ਨਾਲ ਖ਼ਤਮ ਹੋ ਚੁੱਕੇ ਹਨ।
2027 ਦੀਆਂ ਚੋਣਾਂ ਅਤੇ ਸਿਆਸੀ ਸਮੀਕਰਨ: ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਵੇਲੇ 'ਆਪ' (AAP) ਅਤੇ ਕਾਂਗਰਸ ਵਿਚਕਾਰ ਮੁਕਾਬਲਾ ਬਣਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸਰਕਾਰ ਦੀ ਕੋਈ ਭਰੋਸੇਯੋਗਤਾ ਨਹੀਂ ਬਚੀ ਹੈ।
ਭਾਜਪਾ-ਅਕਾਲੀ ਗੱਠਜੋੜ ਦੀ ਵਕਾਲਤ: ਕੈਪਟਨ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ, ਤਾਂ ਉਸ ਨੂੰ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਗੱਠਜੋੜ ਕਰਨਾ ਚਾਹੀਦਾ ਹੈ।