Trending:
ਸੰਗਰੂਰ ਪੁਲਿਸ ਨੇ ਕੈਨੇਡਾ ਵਿੱਚ ਇੱਕ ਨੌਜਵਾਨ ਕੁੜੀ ਦੀ ਹੱਤਿਆ ਕਰਕੇ ਭਾਰਤ ਭੱਜ ਆਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ 20 ਅਕਤੂਬਰ 2025 ਨੂੰ ਕੈਨੇਡਾ ਵਿੱਚ ਵਾਪਰੀ ਇਸ ਹੱਤਿਆ ਦੇ ਮਾਮਲੇ ਨੂੰ ਸੰਗਰੂਰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਇੰਦਰਜੀਤ ਸਿੰਘ ਪੁੱਤਰ ਚੰਨਣ ਸਿੰਘ, ਵਾਸੀ ਪ੍ਰੇਮ ਬਸਤੀ ਸੰਗਰੂਰ ਵੱਲੋਂ ਇੱਕ ਅਰਜ਼ੀ ਦੇ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਦੀਆਂ ਦੋ ਧੀਆਂ—ਗੁਰਸਿਮਰਨ ਕੌਰ ਅਤੇ ਅਮਨਪ੍ਰੀਤ ਕੌਰ—ਕੈਨੇਡਾ ਵਿੱਚ ਰਹਿੰਦੀਆਂ ਹਨ। ਅਮਨਪ੍ਰੀਤ ਕੌਰ ਟੋਰਾਂਟੋ ਦੇ ਈਸਟ ਯਾਰਕ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ ਅਤੇ ਇੱਕ ਹਸਪਤਾਲ ਵਿੱਚ ਪਰਸਨਲ ਸਪੋਰਟ ਵਰਕਰ ਵਜੋਂ ਕੰਮ ਕਰਦੀ ਸੀ। 21 ਅਕਤੂਬਰ ਨੂੰ ਅਮਨਪ੍ਰੀਤ ਡਿਊਟੀ ਲਈ ਘਰੋਂ ਨਿਕਲੀ ਪਰ ਨਾ ਤਾਂ ਡਿਊਟੀ ‘ਤੇ ਪਹੁੰਚੀ ਅਤੇ ਨਾ ਹੀ ਵਾਪਸ ਘਰ ਆਈ।
ਗੁਰਸਿਮਰਨ ਕੌਰ ਨੂੰ ਕੈਨੇਡੀਆਨ ਪੁਲਿਸ ਵੱਲੋਂ ਫ਼ੋਨ ਰਾਹੀਂ ਸੂਚਨਾ ਮਿਲੀ ਕਿ ਅਮਨਪ੍ਰੀਤ ਕੌਰ ਦੀ ਲਾਸ਼ ਬਰਾਮਦ ਹੋਈ ਹੈ। ਕੈਨੇਡੀਆਨ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਟੈਕਸੀ ਡਰਾਈਵਰ ਮਨਪ੍ਰੀਤ ਸਿੰਘ ਨੇ ਅਮਨਪ੍ਰੀਤ ਕੌਰ ਦੀ ਹੱਤਿਆ ਕੀਤੀ ਹੈ ਅਤੇ ਵਾਰਦਾਤ ਤੋਂ ਬਾਅਦ ਭਾਰਤ ਭੱਜ ਆਇਆ।
ਮੁਲਜ਼ਮ ਮਨਪ੍ਰੀਤ ਸਿੰਘ ਨੇ ਗੁਰਸਿਮਰਨ ਕੌਰ ਨੂੰ ਧਮਕੀਆਂ ਦਿੰਦਿਆਂ ਕਿਹਾ ਸੀ ਕਿ ਉਹ ਸੰਗਰੂਰ ਵਿੱਚ ਰਹਿੰਦੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਇਕ ਦਿਨ ਮਨਪ੍ਰੀਤ ਹੱਥ ਵਿੱਚ ਹੰਸੀਆ ਲੈ ਕੇ ਇੰਦਰਜੀਤ ਸਿੰਘ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਪਰਿਵਾਰ ਨੂੰ ਜਾਨੋਂ ਮਾਰਣ ਦੀ ਧਮਕੀ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਇੰਦਰਜੀਤ ਸਿੰਘ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਪੁਲਿਸ ਨੂੰ ਸੌਂਪੀ।
ਇਸ ਤੋਂ ਇਲਾਵਾ ਮੁਲਜ਼ਮ ਨੇ ਇੰਸਟਾਗ੍ਰਾਮ ‘ਤੇ ਫ਼ਰਜ਼ੀ ਅਕਾਊਂਟ ਬਣਾਕੇ ਅਮਨਪ੍ਰੀਤ ਕੌਰ ਦੀਆਂ ਆਪੱਤੀਜਨਕ ਤਸਵੀਰਾਂ ਵੀ ਵਾਇਰਲ ਕਰ ਦਿੱਤੀਆਂ। ਪੁਲਿਸ ਨੇ 14 ਜਨਵਰੀ ਨੂੰ ਇੰਦਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਸ਼ੁੱਕਰਵਾਰ ਨੂੰ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਅੱਗੇ ਹੋਰ ਜਾਂਚ ਜਾਰੀ ਹੈ।