ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਆਰੋਪੀ ਦਾ ਐਨਕਾਊਂਟਰ ਕੀਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਆਰੋਪੀ ਗੁਰਪ੍ਰੀਤ ਸਿੰਘ ਲਾਲ ਨੂੰ ਹਥਿਆਰ ਦੀ ਰਿਕਵਰੀ ਲਈ ਬਟਾਲਾ ਰੋਡ ਦੀ ਬੈਂਕ ਸਾਈਡ ਲੈ ਕੇ ਗਈ ਸੀ, ਜਿੱਥੇ ਮੁਲਜ਼ਮ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮੁਲਜ਼ਮ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਨੇ ਹਥਿਆਰ ਬਰਾਮਦ ਕਰਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਬੀਤੀ 11 ਅਪ੍ਰੈਲ 2025 ਦੀ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ ਮਕਬੂਲਪੁਰਾ ਪੁਲਿਸ ਸਟੇਸ਼ਨ ਦੇ ਨੇੜੇ ਕਰੀਏਟਿਵ ਵ੍ਹੀਲਜ਼ ਸ਼ੋਅਰੂਮ 'ਤੇ 3 ਰਾਊਂਡ ਫਾਇਰਿੰਗ ਕੀਤੀ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਸਨਸਿਟੀ, ਬਟਾਲਾ ਰੋਡ ਦੇ ਪਿੱਛੇ ਛੁਪਾਏ ਸਨ। ਜਦੋਂ ਪੁਲਿਸ ਟੀਮ ਹਥਿਆਰ ਬਰਾਮਦ ਕਰਨ ਲਈ ਮੌਕੇ 'ਤੇ ਪਹੁੰਚੀ, ਤਾਂ ਇੱਕ ਮੁਲਜ਼ਮ ਨੇ ਮੌਕਾ ਸੰਭਾਲਦਿਆਂ ਪੁਲਿਸ ਟੀਮ 'ਤੇ ਗੋਲੀਬਾਰੀ ਕਰ ਦਿੱਤੀ।
ਇਕਦਮ ਹੋਈ ਗੋਲੀਬਾਰੀ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਪੁਲਿਸ ਨੇ ਆਪਣੇ ਬਚਾਅ ਲਈ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਪ੍ਰਭ ਦਾਸੂਵਾਲ ਗੈਂਗ ਦਾ ਇੱਕ ਸ਼ੂਟਰ ਜ਼ਖਮੀ ਹੋ ਗਿਆ। ਜ਼ਖਮੀ ਆਰੋਪੀ ਨੂੰ ਤੁਰੰਤ ਫੜ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੌਕੇ ਤੋਂ ਹਥਿਆਰ ਵੀ ਬਰਾਮਦ ਕੀਤੇ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਦੌਰਾਨ ਬੋਹੜ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ, ਜਦੋਂ ਕਿ ਗੁਰਪ੍ਰੀਤ ਸਿੰਘ ਉਰਫ਼ ਲਾਲ ਨੇ ਸ਼ੋਅਰੂਮ 'ਤੇ ਗੋਲੀਆਂ ਚਲਾਈਆਂ। ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਨੇ ਭੱਜਣ ਅਤੇ ਹੋਰ ਵੀ ਮਦਦ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਪ੍ਰਭ ਦਾਸੂਵਾਲ ਕਾਰੋਬਾਰੀਆਂ ਤੋਂ ਫਿਰੌਤੀ ਲੈਣ ਲਈ ਗੋਲੀਬਾਰੀ ਕਰਵਾ ਰਿਹਾ ਸੀ।