Sunday, 11th of January 2026

ਪੁਲਿਸ ਦੀ ਕਾਰਵਾਈ, ਪੰਜਾਬ 'ਚੋਂ ਦੇਸ਼ ਦੇ 2 ਗੱਦਾਰ ਕਾਬੂ

Reported by: Sukhwinder Sandhu  |  Edited by: Jitendra Baghel  |  December 18th 2025 01:16 PM  |  Updated: December 18th 2025 01:16 PM
ਪੁਲਿਸ ਦੀ ਕਾਰਵਾਈ, ਪੰਜਾਬ 'ਚੋਂ ਦੇਸ਼ ਦੇ 2 ਗੱਦਾਰ ਕਾਬੂ

ਪੁਲਿਸ ਦੀ ਕਾਰਵਾਈ, ਪੰਜਾਬ 'ਚੋਂ ਦੇਸ਼ ਦੇ 2 ਗੱਦਾਰ ਕਾਬੂ

ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੇਸ਼ ਦੇ ਗੱਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ 'ਤੇ ਇਲਜ਼ਾਮ ਨੇ ਕਿ ਇਹ ਲੋਕ ਪਾਕਿਸਤਾਨ ਨੂੰ ਭਾਰਤ ਦੀਆਂ ਖੂਫੀਆ ਜਾਣਕਾਰੀਆਂ ਦਿੰਦੇ ਸਨ। ਪੁਲਿਸ ਨੇ ਜੇਲ ਵਿਚ ਬੰਦ ਤਰਨਤਾਰਨ ਦੇ ਚੋਹਲਾ ਸਾਹਿਬ ਦੇ ਵਸਨੀਕ ਅੰਮ੍ਰਿਤਪਾਲ ਸਿੰਘ (ਫ਼ੌਜੀ) ਤੇ ਮਾਨਸਾ ਦੇ ਸਰਦੂਲੇਵਾਲ ਪਿੰਡ ਦੇ ਵਸਨੀਕ ਸੰਦੀਪ ਸਿੰਘ (ਨਾਇਕ) ਨੂੰ ਫ਼ਤਿਹਪੁਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਸ਼ਾਮ ਨੂੰ ਜੱਜ ਗਰਿਮਾ ਗੁਪਤਾ ਦੇ ਸਾਹਮਣੇ ਪੇਸ਼ ਕੀਤਾ ਗਿਆ।

ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿਤਾ ਹੈ। ਸੁਰੱਖਿਆ ਅਧਿਕਾਰੀਆਂ ਨੇ ਦੋਵਾਂ ਮੁਲਜ਼ਮਾਂ ਨੂੰ ਪੁਛਗਿਛ ਲਈ ਮਾਲ ਮੰਡੀ ਦੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਵਿਚ ਲਿਆਂਦਾ। ਇਹ ਦਸਿਆ ਜਾਂਦਾ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਇਸ ਸਾਲ ਮਾਰਚ ਵਿਚ ਦਰਜ ਕੀਤੀ ਗਈ ਇਕ ਐਫ਼ਆਈਆਰ ਦੇ ਸਬੰਧ ਵਿਚ ਪੁਛਗਿਛ ਲਈ ਜੇਲ ਤੋਂ ਲਿਆਂਦਾ ਗਿਆ ਸੀ।

ਇਹ ਐਫ਼ਆਈਆਰ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਦੇ ਨਾਲ-ਨਾਲ ਪਾਕਿਸਤਾਨ ਵਿਚ ਸਥਿਤ ਅਤਿਵਾਦੀ ਰਿੰਦਾ ਦੇ ਕਾਰਕੁੰਨਾਂ ਨਾਲ ਸਬੰਧਤ ਹੈ। ਐਫ਼ਆਈਆਰ ਵਿਚ ਕੁੱਲ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਤੋਂ ਵਿਸਫੋਟਕ, ਹਥਿਆਰ ਅਤੇ ਹੈਰੋਇਨ ਬਰਾਮਦ ਕੀਤੀ ਗਈ ਸੀ।

ਹੁਣ ਜਿਵੇਂ ਹੀ ਮਾਮਲੇ ਦੀਆਂ ਪਰਤਾਂ ਖੁਲ੍ਹਣ ਲੱਗੀਆਂ, ਦੋਵਾਂ ਜਾਸੂਸਾਂ ਦੇ ਨਾਂ ਇਕ ਵਾਰ ਫਿਰ ਸਾਹਮਣੇ ਆਏ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਲੇਹ ਵਿਚ ਉਨ੍ਹਾਂ ਦੀ ਰੈਜੀਮੈਂਟ ਵਿਚ ਤਾਇਨਾਤ ਸੰਦੀਪ ਸਿੰਘ ਅਤੇ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ, ਮਾਧਵ ਸ਼ਰਮਾ, ਰਾਜਬੀਰ ਸਿੰਘ ਅਤੇ ਮਨਦੀਪ, ਰਾਜਸਥਾਨ ਦੇ ਡੂੰਗਰਗੜ੍ਹ ਜ਼ਿਲ੍ਹੇ ਦੇ ਗੁਸਾਈਂਸਰ ਮੁਹੱਲਾ ਦੇ ਰਹਿਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਕਬਜ਼ੇ ’ਚੋਂ ਦਸ ਲੱਖ ਰੁਪਏ ਦੀ ਡਰੱਗ ਮਨੀ, ਇਕ ਵਿਦੇਸ਼ੀ ਪਿਸਤੌਲ ਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।

ਜਾਂਚ ਤੋਂ ਪਤਾ ਲੱਗਾ ਹੈ ਕਿ ਸੰਦੀਪ ਸਿੰਘ ਅਤੇ ਅੰਮ੍ਰਿਤਪਾਲ ਪਾਕਿਸਤਾਨ ਵਿਚ ਸਥਿਤ ਆਈਐੱਸਆਈ ਏਜੰਟ ਅਬਦੁੱਲਾ ਦੇ ਸੰਪਰਕ ਵਿਚ ਹਨ। ਉਹ ਫ਼ੌਜੀ ਜਾਣਕਾਰੀ, ਨਕਸ਼ੇ ਅਤੇ ਹੋਰ ਗੁਪਤ ਟਿਕਾਣੇ ਭੇਜ ਰਹੇ ਸਨ। ਮੁਲਜ਼ਮਾਂ ਨੇ ਆਪ੍ਰੇਸ਼ਨ ਸਿੰਦੂਰ ਤੋਂ ਪਹਿਲਾਂ ਇਹ ਸਾਰੀ ਜਾਣਕਾਰੀ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਭੇਜੀ ਸੀ। ਬਦਲੇ ਵਿਚ ਆਈਐਸਆਈ ਏਜੰਟ ਨੇ ਹਵਾਲਾ ਰਾਹੀਂ ਦੋਵਾਂ ਮੁਲਜ਼ਮਾਂ ਨੂੰ ਪੈਸਿਆਂ ਦਾ ਭੁਗਤਾਨ ਵੀ ਕੀਤਾ ਸੀ।