ਅੰਮ੍ਰਿਤਸਰ:- ਨਿੱਤ ਦਿਨ ਵਾਪਰ ਰਹੀਆਂ ਕਤਲ ਅਤੇ ਗੋਲੀਬਾਰੀ ਵਰਗੀਆਂ ਗੰਭੀਰ ਵਾਰਦਾਤਾਂ ਪੰਜਾਬ ’ਚ ਵਿਗੜਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ AAP ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਮ੍ਰਿਤਕ ਦੀ ਪਛਾਣ ਜਰਮਲ ਸਿੰਘ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਰਮਲ ਸਿੰਘ ਤਰਨਤਾਰਨ ਦੇ ਖੇਮਕਰਨ ਹਲਕੇ ਦੇ ਪਿੰਡ ਵਲਟੋਹਾ ਦਾ ਮੌਜੂਦਾ ਸਰਪੰਚ ਸੀ, ਜੋ ਅੰਮ੍ਰਿਤਸਰ ’ਚ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਪਹੁੰਚਿਆ ਸੀ। ਜਾਣਕਾਰੀ ਮੁਤਾਬਕ, ਬਾਹਰੋਂ ਆਏ 2 ਹਮਲਾਵਰਾਂ ਨੇ ਜਰਮਲ 'ਤੇ ਗੋਲੀਬਾਰੀ ਕੀਤੀ ਅਤੇ ਮੌਕੇ ’ਤੋਂ ਫਰਾਰ ਹੋ ਗਏ।
ਜ਼ਿਕਰਯੋਗ ਹੈ ਕਿ ਮਾਰਚ 2025 ’ਚ ਵੀ ਜਰਮਲ ਸਿੰਘ ਨੂੰ ਵਲਟੋਹਾ ਪਿੰਡ ਨੇੜੇ ਤਿੰਨ ਮੋਟਰਸਾਈਕਲ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਸੀ, ਜਿਸ ਦੌਰਾਨ ਜਰਮਲ ਅਤੇ ਉਸਦਾ ਡਰਾਈਵਰ ਜ਼ਖਮੀ ਹੋ ਗਏ ਸਨ। ਵਲਟੋਹਾ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਉਸ ਨੇ ਕਿਹਾ ਸੀ ਕਿ ਉਸਨੂੰ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਗੈਂਗਸਟਰ ਪ੍ਰਭਜੀਤ ਸਿੰਘ ਉਰਫ਼ ਪ੍ਰਭ ਦਾਸੂਵਾਲ ਵੱਲੋਂ ਫਿਰੌਤੀ ਮੰਗਣ ਈ ਫੋਨ ਆ ਰਹੇ ਸਨ।
ਗੈਂਗਸਟਰ ਫਿਰੌਤੀ ਵਜੋਂ 30 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਜਰਮਲ ਸਿੰਘ ਵੱਲੋਂ ਦਰਜ ਸ਼ਿਕਾਇਤ ’ਚ ਉਸ ਨੇ ਦੱਸਿਆ ਸੀ ਕਿ ਉਹ ਆਪਣੇ ਡਰਾਈਵਰ ਨਾਲ ਆਪਣੀ ਕਾਰ ’ਚ ਘਰ ਵਾਪਸ ਜਾ ਰਿਹਾ ਸੀ, ਜਦੋਂ ਤਿੰਨ ਮੋਟਰਸਾਈਕਲ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਉਸ 'ਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਦੌਰਾਨ ਉਹ ਅਤੇ ਡਰਾਈਵਰ ਜ਼ਖਮੀ ਹੋ ਗਏ ਸਨ।

ਮਾਰਚ 2025 ’ਚ ਵਾਪਰੀ ਇਸ ਘਟਨਾ ਤੋਂ ਬਾਅਦ, DGP ਪੰਜਾਬ ਗੌਰਵ ਯਾਦਵ ਨੇ ਅਪ੍ਰੈਲ ’ਚ ਇੱਕ X ਪੋਸਟ ਕੀਤਾ ਸੀ ਅਤੇ ਸਰਪੰਚ ’ਤੇ ਫਾਇਰਿੰਗ ਮਾਮਲੇ ’ਚ ਨਾਬਾਲਗ ਸਣੇ 2 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਵੀ ਸਾਂਝੀ ਕੀਤੀ ਸੀ।