ਅਜਨਾਲਾ ਦੇ ਪਿੰਡ ਤਲਵੰਡੀ ਰਾਏਦਾਦੂ ਵਿੱਚ ਰਾਤ ਦੇ ਵੇਲੇ ਮਾਹੌਲ ਕਾਫ਼ੀ ਹਫੜਾ-ਦਫੜੀ ਵਾਲਾ ਬਣ ਗਿਆ ਜਦੋਂ ਇੱਕ ਘਰ ਵਿੱਚ ਸ਼ਰਾਰਤੀ ਤੱਤਾਂ ਵੱਲੋਂ ਅੱਗ ਲਾ ਦਿੱਤੀ ਗਈ। ਇਸ ਹਾਦਸੇ ਵਿੱਚ ਘਰ ਦੇ ਵਿਆਹ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਮੁਤਾਬਕ, ਘਰ ਵਿੱਚ ਰਹਿ ਰਹੀ ਇੱਕ ਔਰਤ ਨੂੰ, ਜੋ ਤਿੰਨ ਬੱਚਿਆਂ ਦੀ ਮਾਂ, ਇੱਕ ਨੌਜਵਾਨ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਔਰਤ ਦੇ ਰਿਸ਼ਤੇਦਾਰ ਨੌਜਵਾਨ ਦੇ ਘਰ ਪਹੁੰਚ ਕੇ ਅੱਗ ਲਾ ਦਿੱਤੀ। ਇਸ ਦੌਰਾਨ ਨੌਜਵਾਨ ਨੂੰ ਸੱਟਾਂ ਵੀ ਮਾਰੀਆਂ ਗਈਆਂ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜਖਮੀ ਹੋ ਗਿਆ।
ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਘਰ ਨੂੰ ਅੱਗ ਲਾਉਣ ਨਾਲ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਅਤੇ ਉਹਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੋਨ ਕਾਲ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ ਅਤੇ ਘਰ ਵਿੱਚ ਸਾਰੇ ਨੁਕਸਾਨ ਦਾ ਨਿਰੀਖਣ ਕੀਤਾ। ਪੁਲਿਸ ਨੇ ਪੁਸ਼ਟੀ ਕੀਤੀ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਬਾਰੇ ਵਿਰੋਧੀ ਧਿਰ ਨੇ ਕਿਹਾ ਕਿ ਉਨਾਂ ‘ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਤੇ ਉਨ੍ਹਾਂ ਨੂੰ ਜਾਣ-ਬੁਝ ਕੇ ਤੰਗ ਕੀਤਾ ਜਾ ਰਿਹਾ ਹੈ। ਘਟਨਾ ਨੇ ਪਿੰਡ ਵਿੱਚ ਚਰਚਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਇਸ ਹਾਦਸੇ ਨੇ ਸਥਾਨਕ ਲੋਕਾਂ ਵਿਚ ਚਿੰਤਾ ਫੈਲਾ ਦਿੱਤੀ ਹੈ ਅਤੇ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਘਟਨਾ ਦੀ ਗੰਭੀਰਤਾ ਨਾਲ ਨਿਪਟਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।