ਪਟਿਆਲਾ: ਇੱਕ ਸਥਾਨਕ ਅਦਾਲਤ ਵੱਲੋਂ ਨੂੰ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਰੇਪ ਕੇਸ ’ਚ ਭਗੌੜਾ ਅਪਰਾਧੀ ਐਲਾਨ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਜ਼ਿਲ੍ਹਾ ਪੁਲਿਸ ਵੱਲੋਂ ਪਹਿਲਾਂ ਹੀ ਸਨੌਰ ਦੇ ਵਿਧਾਇਕ ਖ਼ਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਪਠਾਨਮਾਜਰਾ ਖਿਲਾਫ ਜ਼ੀਰਕਪੁਰ ਦੀ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ 1 ਸਤੰਬਰ ਨੂੰ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ’ਚ ਬਲਾਤਕਾਰ, ਧੋਖਾਧੜੀ ਅਤੇ ਧਮਕਾਉਣ ਦਾ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਉਹ 2 ਸਤੰਬਰ ਤੋਂ ਫਰਾਰ ਹੈ। ਨਵੰਬਰ ’ਚ, ਪਠਾਨਮਾਜਰਾ ਇੱਕ ਆਸਟ੍ਰੇਲੀਆ-ਅਧਾਰਤ ਵੈੱਬ ਚੈਨਲ ਨਾਲ ਇੱਕ ਵੀਡੀਓ ਇੰਟਰਵਿਊ ’ਚ ਦਾਅਵਾ ਕੀਤਾ ਸੀ ਕਿ ਉਹ "ਜ਼ਮਾਨਤ ਮਿਲਣ ਤੋਂ ਬਾਅਦ ਹੀ ਘਰ ਵਾਪਸ ਆਉਣਗੇ।" ਇਸ ਦੇ ਨਾਲ ਹੀ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ, ਵਿਧਾਇਕ ਨੇ ਇਸ ਮਾਮਲੇ ਨੂੰ "ਰਾਜਨੀਤਿਕ ਸਾਜ਼ਿਸ਼" ਕਰਾਰ ਦਿੱਤਾ
ਆਪਣੇ ਹੁਕਮ ’ਚ, ਅਦਾਲਤ ਨੇ ਕਿਹਾ ਕਿ ਪ੍ਰੋਕਲਾਮੇਸ਼ਨ ਵਾਰੰਟ ਲਈ 30 ਦਿਨਾਂ ਦੀ ਮਿਆਦ ਪਹਿਲਾਂ ਹੀ ਖਤਮ ਹੋ ਚੁੱਕੀ ਹੈ ਅਤੇ ਪਠਾਨਮਾਜਰਾ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਹੈ।
ਪਠਾਨਮਾਜਰਾ 2 ਸਤੰਬਰ ਨੂੰ ਉਸ ਸਮੇਂ ਫਰਾਰ ਹੋ ਗਿਆ ਸੀ, ਜਦੋਂ ਪੰਜਾਬ ਪੁਲਿਸ ਉਸਨੂੰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਾਬਰੀ ਪਿੰਡ ਵਿੱਚ ਗ੍ਰਿਫਤਾਰ ਕਰਨ ਗਈ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਵਿਧਾਇਕ ਦੇ ਸਮਰਥਕਾਂ ਵੱਲੋਂ ਪੁਲਿਸ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਪੱਥਰ ਮਾਰੇ ਗਏ। ਹਾਲਾਂਕਿ, ਪਠਾਣਮਾਜਰਾ ਨੇ ਪੁਲਿਸ 'ਤੇ ਗੋਲੀਬਾਰੀ ’ਚ ਸ਼ਾਮਲ ਹੋਣ ਦੇ ਪੁਲਿਸ ਦੇ ਦਾਅਵਿਆਂ ਨੂੰ ਨਕਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਇਹ ਜਾਣਨ ਤੋਂ ਬਾਅਦ ਭੱਜ ਗਿਆ ਸੀ ਕਿ ਉਸਨੂੰ "ਜਾਅਲੀ ਮੁਕਾਬਲੇ" ’ਚ ਮਾਰ ਦਿੱਤਾ ਜਾਵੇਗਾ।