‘84 ਦਾ ਦੋਸ਼ੀ’ ਸੱਜਣ ਕੁਮਾਰ ਦੀ ਮੌਤ ‘ਤੇ ਕਰਨੈਲ ਸਿੰਘ ਪੀਰ ਮੁਹੰਮਦ ਬੋਲੇ- ‘ਅਖੀਰ ਆਪਣੇ ਪਾਪਾਂ ਦੀ ਸਜ਼ਾ ਭੋਗਦਾ ਗਿਆ, ਅਜਿਹੇ ਜ਼ਾਲਮਾਂ ਨੂੰ ...’
ਨਵੰਬਰ 1984 ਦੇ ਸਿੱਖ ਨਸਲਕੁਸ਼ੀ ਕਾਂਡ ਦੇ ਮੁੱਖ ਦੋਸ਼ੀ ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਮੌਤ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ: "ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਆਖਰ ਸੱਜਣਾ ਵੀ ਮਰ ਜਾਣਾ..."
ਭਾਵੇਂ ਸਾਡੇ ਵਿਰਸੇ ਵਿੱਚ ਇਹ ਕਹਾਵਤ ਹੈ ਕਿ ਦੁਸ਼ਮਣ ਦੀ ਮੌਤ 'ਤੇ ਖੁਸ਼ੀ ਨਹੀਂ ਮਨਾਈਦੀ, ਪਰ ਜਿਸ ਦਰਿੰਦੇ ਸੱਜਣ ਕੁਮਾਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸ ਨੇ ਨਵੰਬਰ 1984 ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਨਸਲਕੁਸ਼ੀ ਕਰਨ ਵਿੱਚ ਸਭ ਤੋਂ ਮੋਹਰੀ ਹੋ ਕੇ ਜ਼ਾਲਮਾਨਾ ਭੂਮਿਕਾ ਨਿਭਾਈ ਸੀ।
ਦਰਿੰਦਿਆਂ ਦੀ ਇੱਕ ਲੰਮੀ ਲਿਸਟ-ਕਰਨੈਲ ਸਿੰਘ ਪੀਰ ਮੁਹੰਮਦ
ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸੱਜਣ ਕੁਮਾਰ ਵਰਗੇ ਦਰਿੰਦਿਆਂ ਨੇ ਦਿੱਲੀ ਦੀਆਂ ਸੜਕਾਂ 'ਤੇ ਨਿਰਦੋਸ਼ ਸਿੱਖਾਂ ਨੂੰ ਜਿਊਂਦੇ ਜਲਾਇਆ, ਗੁਰਧਾਮਾਂ ਦੀ ਬੇਅਦਬੀ ਕੀਤੀ ਅਤੇ ਸਿੱਖ ਪਰਿਵਾਰਾਂ ਨੂੰ ਉਜਾੜ ਕੇ ਅਜਿਹਾ ਭਿਆਨਕ ਕਤਲੇਆਮ ਕਰਵਾਇਆ ਜਿਸ ਦੀ ਮਿਸਾਲ ਇਤਿਹਾਸ ਵਿੱਚ ਨਹੀਂ ਮਿਲਦੀ। ਉਹ ਅੱਜ ਇਸ ਦੁਨੀਆ ਤੋਂ ਸਦਾ ਲਈ ਚਲਾ ਗਿਆ ਹੈ, ਪਰ ਉਸ ਵੱਲੋਂ ਛੱਡੀਆਂ ਕੌੜੀਆਂ ਯਾਦਾਂ ਅਤੇ ਜ਼ੁਲਮ ਦੀਆਂ ਦਾਸਤਾਨਾਂ ਸਿੱਖ ਮਾਨਸਿਕਤਾ ਵਿੱਚ ਹਮੇਸ਼ਾ ਰਾਵਣ ਅਤੇ ਹੋਰ ਇਤਿਹਾਸਕ ਅੱਤਿਆਚਾਰੀਆਂ ਵਾਂਗ ਯਾਦ ਰੱਖੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਸੱਜਣ ਕੁਮਾਰ ਇਕੱਲਾ ਨਹੀਂ ਸੀ; ਉਸ ਦੇ ਨਾਲ ਜਗਦੀਸ਼ ਟਾਈਟਲਰ, ਕਮਲਨਾਥ, ਐਚ.ਕੇ.ਐਲ. ਭਗਤ, ਧਰਮਦਾਸ ਸ਼ਾਸਤਰੀ, ਬਲਵਾਨ ਖੋਖਰ, ਕ੍ਰਿਸ਼ਨ ਖੋਖਰ, ਭਾਗਮਲ ਵਰਗੇ ਦਰਿੰਦਿਆਂ ਦੀ ਇੱਕ ਲੰਮੀ ਲਿਸਟ ਸੀ ਜਿਨ੍ਹਾਂ ਨੇ ਸਰਕਾਰੀ ਪੁਸ਼ਤਪਨਾਹੀ ਹੇਠ ਸਿੱਖਾਂ 'ਤੇ ਕਹਿਰ ਢਾਹਿਆ।
ਲਗਾਤਾਰ ਜਨਤਕ ਸੰਘਰਸ਼ ਅਤੇ ਅਦਾਲਤੀ ਲੜਾਈ
ਕੜਕੜਡੂਮਾ ਤੋਂ ਸੁਪਰੀਮ ਕੋਰਟ ਤੱਕ ਧਰਨੇ: ਪੀਰ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੜਕੜਡੂਮਾ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸੈਂਕੜੇ ਧਰਨੇ, ਮੁਜ਼ਾਹਰੇ ਅਤੇ ਜਨਤਕ ਸੰਘਰਸ਼ ਲੜੇ।
ਉਹਨਾਂ ਕਿਹਾ ਕਿ ਜਿਸ ਦਿਨ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕੀਤਾ, ਉਸ ਦਿਨ ਵੀ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਜੁੱਤੀ ਸੁੱਟ ਕੇ ਰੋਸ ਪ੍ਰਗਟਾਇਆ ਗਿਆ। ਪੀੜਤਾਂ ਨੂੰ ਹੌਂਸਲਾ ਦੇ ਕੇ ਅਦਾਲਤਾਂ 'ਚ ਗਵਾਹ ਪੇਸ਼ ਕੀਤੇ ਗਏ।
ਪੀਰ ਮੁਹੰਮਦ ਨੇ ਕਿਹਾ ਕਿ ਲਗਾਤਾਰ ਅਦਾਲਤੀ ਲੜਾਈ ਦੇ ਨਤੀਜੇ ਵਜੋਂ ਹੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਮਿਸਾਲੀ ਸਜ਼ਾ ਹੋਈ ਅਤੇ ਉਸ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਅਪਣਾ ਅੰਤ ਦੇਖਣਾ ਪਿਆ।
ਅਜਿਹੇ ਜ਼ਾਲਮਾਂ ਨੂੰ ਇਤਿਹਾਸ ਵਿੱਚ ਹਮੇਸ਼ਾ ਇੱਕ ਕਲੰਕ ਵਜੋਂ ਦੇਖਿਆ ਜਾਵੇ-ਕਰਨੈਲ ਸਿੰਘ
ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਜਦੋਂ ਅੱਤਿਆਚਾਰੀ ਆਪਣੇ ਹੰਕਾਰ ਵਿੱਚ ਹੁੰਦੇ ਹਨ ਤਾਂ ਉਹ ਸਮਝਦੇ ਹਨ ਕਿ ਉਹ ਕਾਨੂੰਨ ਤੋਂ ਉੱਪਰ ਹਨ, ਪਰ ਵਾਹਿਗੁਰੂ ਦੀ ਅਦਾਲਤ ਵਿੱਚ ਦੇਰ ਹੈ ਅੰਧੇਰ ਨਹੀਂ। ਸੱਜਣ ਕੁਮਾਰ ਨੂੰ ਆਪਣੀ ਜ਼ਿੰਦਗੀ ਵਿੱਚ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਸਿੱਖ ਕੌਮ ਨੇ ਉਸ ਦਾ ਖਹਿੜਾ ਨਹੀਂ ਛੱਡਿਆ ਅਤੇ ਉਸ ਨੂੰ ਅਦਾਲਤਾਂ ਰਾਹੀਂ ਉਸ ਦੇ ਗੁਨਾਹਾਂ ਦੀ ਸਜ਼ਾ ਦੁਆ ਕੇ ਹੀ ਸਾਹ ਲਿਆ।
ਉਨ੍ਹਾਂ ਅੰਤ ਵਿੱਚ ਕਿਹਾ, "ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਅਜਿਹੇ ਜ਼ਾਲਮਾਂ ਨੂੰ ਇਤਿਹਾਸ ਵਿੱਚ ਹਮੇਸ਼ਾ ਇੱਕ ਕਲੰਕ ਵਜੋਂ ਦੇਖਿਆ ਜਾਵੇ ਅਤੇ ਜਿਊਂਦੇ ਜੀਅ ਉਨ੍ਹਾਂ ਨੂੰ ਉਨ੍ਹਾਂ ਦੇ ਜ਼ੁਲਮਾਂ ਦਾ ਭੁਗਤਾਨ ਕਰਨਾ ਪਵੇ। ਬਾਕੀ ਬਚਦੇ ਦੋਸ਼ੀਆਂ ਨੂੰ ਵੀ ਅਦਾਲਤਾਂ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਵਾਉਣ ਤੱਕ ਸਿੱਖ ਕੌਮ ਦਾ ਸੰਘਰਸ਼ ਜਾਰੀ ਰਹੇਗਾ।"