Sunday, 27th of September 2026

ਪਟਿਆਲਾ ਦੇ ਸਨੌਰ ਹਲਕੇ ‘ਚ ਖੂਨੀ ਝੜਪ: 27 ਸਾਲਾ ਨੌਜਵਾਨ ਦਾ ਕਤਲ, ਇੱਕ ਗੰਭੀਰ ਜ਼ਖ਼ਮੀ

ਪਟਿਆਲਾ ਦੇ ਸਨੌਰ ਕਸਬੇ ਵਿੱਚ ਪੁਰਾਣੀ ਰੰਜਿਸ਼ ਕਾਰਨ 24 ਸਾਲਾ ਨੌਜਵਾਨ ਜਸ਼ਨ ਵਿਰਕ ਦਾ ਤੇਜ਼ਧਾਰ ਹਥਿਆਰਾਂ ਨਾਲ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ।

Edited By: Lajwinder Kaur | Updated at:
ਪਟਿਆਲਾ ਦੇ ਸਨੌਰ ਹਲਕੇ ‘ਚ ਖੂਨੀ ਝੜਪ: 27 ਸਾਲਾ ਨੌਜਵਾਨ ਦਾ ਕਤਲ, ਇੱਕ ਗੰਭੀਰ ਜ਼ਖ਼ਮੀ

ਪਟਿਆਲਾ ਦੇ ਸਨੌਰ ਹਲਕੇ ‘ਚ ਖੂਨੀ ਝੜਪ: 27 ਸਾਲਾ ਨੌਜਵਾਨ ਦਾ ਕਤਲ, ਇੱਕ ਗੰਭੀਰ ਜ਼ਖ਼ਮੀ

ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਵਿੱਚ ਰੰਜਿਸ਼ ਦੇ ਚਲਦਿਆਂ ਇੱਕ 24 ਸਾਲਾ ਨੌਜਵਾਨ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸ਼ਨ ਵਿਰਕ ਵਜੋਂ ਹੋਈ ਹੈ। ਇਸ ਦੇ ਨਾਲ ਹੀ, ਹਮਲੇ ਵਿੱਚ ਜਸ਼ਨ ਨੂੰ ਬਚਾਉਣ ਆਏ ਬਲਦੇਵ ਸਿੰਘ ਨਾਮਕ ਵਿਅਕਤੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਰਾਜਿੰਦਰਾ ਹਸਪਤਾਲ ਵਿੱਚ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਜਸ਼ਨ ਵਿਰਕ ਦੀ ਕੁਝ ਨੌਜਵਾਨਾਂ ਨਾਲ ਰੰਜਿਸ਼ ਚੱਲ ਰਹੀ ਸੀ। ਸੋਮਵਾਰ ਨੂੰ ਜਦੋਂ ਜਸ਼ਨ ਇੱਕ ਥਾਂ 'ਤੇ ਮੌਜੂਦ ਸੀ, ਤਾਂ ਉੱਥੇ ਉਨ੍ਹਾਂ ਨੌਜਵਾਨਾਂ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੇਖਦਿਆਂ ਹੀ ਦੇਖਦਿਆਂ ਇਹ ਵਿਵਾਦ ਇੰਨਾ ਵੱਧ ਗਿਆ ਕਿ ਹਮਲਾਵਰਾਂ ਨੇ ਤੈਸ਼ ਵਿੱਚ ਆ ਕੇ ਜਸ਼ਨ 'ਤੇ ਚਾਕੂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ।

ਬਚਾਅ ਕਰਨ ਵਾਲੇ 'ਤੇ ਵੀ ਵਾਰ

ਵਾਰਦਾਤ ਦੌਰਾਨ ਉੱਥੇ ਮੌਜੂਦ ਬਲਦੇਵ ਸਿੰਘ ਨੇ ਜਦੋਂ ਹਮਲਾਵਰਾਂ ਨੂੰ ਰੋਕਣ ਅਤੇ ਜਸ਼ਨ ਨੂੰ ਬਚਾਉਣ ਦਾ ਯਤਨ ਕੀਤਾ, ਤਾਂ ਬੇਖੌਫ਼ ਮੁਲਜ਼ਮਾਂ ਨੇ ਉਨ੍ਹਾਂ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਲਹੂ-ਲੁਹਾਨ ਹਾਲਤ ਵਿੱਚ ਦੋਵਾਂ ਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਜਸ਼ਨ ਵਿਰਕ ਨੂੰ ਮ੍ਰਿਤਕ ਐਲਾਨ ਦਿੱਤਾ। ਬਲਦੇਵ ਸਿੰਘ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।

ਇਲਾਕੇ ਵਿੱਚ ਦਹਿਸ਼ਤ, ਪੁਲਿਸ ਖ਼ਿਲਾਫ਼ ਫੁੱਟਿਆ ਗੁੱਸਾ

ਇਸ ਅੰਨ੍ਹੇ ਕਤਲਕਾਂਡ ਤੋਂ ਬਾਅਦ ਸਨੌਰ ਕਸਬੇ ਵਿੱਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਗੁੰਡਾਗਰਦੀ ਅਤੇ ਕਾਨੂੰਨ-ਵਿਵਸਥਾ ਵਿਗੜਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਪਰ ਪੁਲਿਸ ਵੱਲੋਂ ਅਸਮਾਜਿਕ ਅਨਸਰਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ।

ਪੁਲਿਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕੀਤੀ ਜਾ ਰਹੀ ਛਾਪੇਮਾਰੀ 

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।