Tuesday, 21st of April 2026

ਅੱਤਵਾਦ ਦੀ 'ਗਲੋਬਲ ਫੈਕਟਰੀ' ਬਣਿਆ ਪਾਕਿਸਤਾਨ, ਪਹਿਲਗਾਮ ਤੋਂ ਨਿਊਯਾਰਕ ਤੱਕ ਫੈਲਿਆ ਦਹਿਸ਼ਤ ਦਾ ਜਾਲ

By: GTC News Desk | Edited By: Lajwinder Kaur | Updated at: April 21st 2026 03:18 PM
ਅੱਤਵਾਦ ਦੀ 'ਗਲੋਬਲ ਫੈਕਟਰੀ' ਬਣਿਆ ਪਾਕਿਸਤਾਨ, ਪਹਿਲਗਾਮ ਤੋਂ ਨਿਊਯਾਰਕ ਤੱਕ ਫੈਲਿਆ ਦਹਿਸ਼ਤ ਦਾ ਜਾਲ

ਅੱਤਵਾਦ ਦੀ 'ਗਲੋਬਲ ਫੈਕਟਰੀ' ਬਣਿਆ ਪਾਕਿਸਤਾਨ, ਪਹਿਲਗਾਮ ਤੋਂ ਨਿਊਯਾਰਕ ਤੱਕ ਫੈਲਿਆ ਦਹਿਸ਼ਤ ਦਾ ਜਾਲ

ਠੀਕ ਇੱਕ ਸਾਲ ਪਹਿਲਾਂ 22 ਅਪ੍ਰੈਲ ਨੂੰ ਕਸ਼ਮੀਰ ਦੀ ਬੈਸਰਨ ਘਾਟੀ ‘ਚ ਅੱਤਵਾਦੀਆਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦਿਆਂ ਸੈਲਾਨੀਆਂ ਦਾ ਧਰਮ ਪੁੱਛ ਕੇ ਉਨ੍ਹਾਂ ਦਾ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਸੀ। ਪਹਿਲਗਾਮ ਦੇ ਇਸ ਭਿਆਨਕ ਅੱਤਵਾਦੀ ਹਮਲੇ ਨੇ 26 ਪਰਿਵਾਰਾਂ ਦੀਆਂ ਖੁਸ਼ੀਆਂ ਹਮੇਸ਼ਾ ਲਈ ਖੋਹ ਲਈਆਂ ਅਤੇ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਜਿਨ੍ਹਾਂ ਲੋਕਾਂ ਦੇ ਆਪਣੇ ਇਨ੍ਹਾਂ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ, ਉਹ ਅੱਜ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਉਸ ਖ਼ੌਫ਼ਨਾਕ ਮੰਜ਼ਰ ਨੂੰ ਭੁੱਲ ਨਹੀਂ ਸਕੇ ਹਨ। ਪੀੜਤ ਪਰਿਵਾਰਾਂ ਦੇ ਮਨਾਂ ‘ਚ ਅੱਜ ਵੀ ਉਹ ਦਰਦ ਅਤੇ ਦਹਿਸ਼ਤ ਬਰਕਰਾਰ ਹੈ।

ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀ ਸੰਗਠਨ 'ਦ ਰੇਜ਼ਿਸਟੈਂਸ ਫਰੰਟ' (TRF), ਜੋ ਕਿ ਲਸ਼ਕਰ-ਏ-ਤੋਇਬਾ (LeT) ਦੀ ਹੀ ਇੱਕ ਸ਼ਾਖਾ ਹੈ, ਜਿਸ ਨੇ 26 ਨਿਰਦੋਸ਼ ਸੈਲਾਨੀਆਂ ਦੇ ਕਤਲੇਆਮ ਵਿੱਚ ਆਪਣਾ ਕਰੂਰ ਚਿਹਰਾ ਦਿਖਾਇਆ ਹੈ। ਇਹਨਾਂ ਅੱਤਵਾਦੀਆਂ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਸੈਲਾਨੀਆਂ ਨੂੰ ਉਹਨਾਂ ਦੇ ਧਰਮ ਦੇ ਅਧਾਰ 'ਤੇ ਵੱਖ ਕੀਤਾ ਅਤੇ ਫਿਰ ਇੱਕ ਵਿਦੇਸ਼ੀ ਨਾਗਰਿਕ ਸਮੇਤ ਸਾਰੇ 26 ਲੋਕਾਂ ਨੂੰ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਣਯੋਗ ਹੈ ਕਿ TRF ਇੱਕ ਅਮਰੀਕਾ ਵੱਲੋਂ ਘੋਸ਼ਿਤ ਵਿਦੇਸ਼ੀ ਅੱਤਵਾਦੀ ਸੰਗਠਨ (FTO) ਹੈ, ਜੋ ਲਗਾਤਾਰ ਖੇਤਰ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਿਹਾ ਹੈ। ਅਜਿਹੀਆਂ ਵਾਰਦਾਤਾਂ ਪਾਕਿਸਤਾਨੀ ਸਪਾਂਸਰਡ ਅੱਤਵਾਦ ਦੇ ਖ਼ਤਰਨਾਕ ਮਨਸੂਬਿਆਂ ਨੂੰ ਜਗ-ਜ਼ਾਹਰ ਕਰਦੀਆਂ ਹਨ।

ਮਕਸਦ ਜੰਮੂ-ਕਸ਼ਮੀਰ ਦਾ ਮਾਹੌਲ ਖਰਾਬ ਕਰਨਾ ਸੀ 

ਇਹ ਹਮਲੇ ਜੰਮੂ-ਕਸ਼ਮੀਰ ਵਿੱਚ ਕਰਵਾਈਆਂ ਗਈਆਂ ਸਫਲ ਚੋਣਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋ ਰਹੀ ਨਿਰੰਤਰ ਆਰਥਿਕ ਤਰੱਕੀ ਅਤੇ ਵਿਕਾਸ ਦੇ ਮਾਹੌਲ ਦੌਰਾਨ ਕੀਤੇ ਗਏ ਹਨ। ਅੱਤਵਾਦੀਆਂ ਵੱਲੋਂ ਅਜਿਹੀ ਘਿਨਾਉਣੀ ਕਾਰਵਾਈ ਦਾ ਮੁੱਖ ਮਕਸਦ ਖੇਤਰ ਵਿੱਚ ਮੁੜ ਪਰਤ ਰਹੀ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦੀ ਪ੍ਰਕਿਰਿਆ ਵਿੱਚ ਵਿਘਨ ਪਾਉਣਾ ਹੈ।

ਜੰਮੂ-ਕਸ਼ਮੀਰ ਵਿੱਚ ਹੋ ਰਹੀ ਆਰਥਿਕ ਤਰੱਕੀ ਅਤੇ ਵਿਕਾਸ ਦੀ ਲਹਿਰ ਦੇ ਵਿਚਕਾਰ ਵਾਪਰੇ ਇਸ ਹਮਲੇ ਵਿੱਚ ਪਾਕਿਸਤਾਨੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਮਿਲੇ ਹਨ। ਪਹਿਲਗਾਮ ਕਤਲੇਆਮ ਵਿੱਚ ਪਾਕਿਸਤਾਨੀ ਸਥਾਪਨਾ (Establishment) ਦਾ ਹੱਥ ਹੋਣਾ ਪੂਰੀ ਤਰ੍ਹਾਂ ਸਪੱਸ਼ਟ ਹੈ, ਜਿਸ ਦੀ ਪੁਸ਼ਟੀ 28 ਜੁਲਾਈ, 2025 ਨੂੰ ਸ੍ਰੀਨਗਰ ਦੇ ਬਾਹਰਵਾਰ ਮਾਰੇ ਗਏ ਤਿੰਨ ਪਾਕਿਸਤਾਨੀ ਅੱਤਵਾਦੀਆਂ ਤੋਂ ਹੋਈ ਹੈ। ਇਹ ਅੱਤਵਾਦੀ ਪਹਿਲਗਾਮ ਦੇ ਕਤਲੇਆਮ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸਨ।

ਤਾਰ ਸਿੱਧੇ ਪਾਕਿਸਤਾਨ ਨਾਲ ਜੁੜੇ

ਉਨ੍ਹਾਂ ਕੋਲੋਂ ਮਿਲੇ ਸ਼ਨਾਖਤੀ ਕਾਰਡਾਂ (ID Cards) ਤੋਂ ਖੁਲਾਸਾ ਹੋਇਆ ਕਿ ਹਮਲਾਵਰਾਂ ਵਿੱਚੋਂ ਇੱਕ ਹਬੀਬ ਤਾਹਿਰ ਸੀ, ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਦੇ ਖੈਗਾਲਾ ਨੇੜਲੇ ਪਿੰਡ ਕੋਈਆਂ ਦਾ ਰਹਿਣ ਵਾਲਾ ਸੀ। ਦੂਜੇ ਹਮਲਾਵਰ ਦੀ ਪਛਾਣ ਬਿਲਾਲ ਅਫਜ਼ਲ ਵਜੋਂ ਹੋਈ ਹੈ। ਇਹ ਤੱਥ ਇਸ ਗੱਲ ਦਾ ਅਟੱਲ ਸਬੂਤ ਹਨ ਕਿ ਇਸ ਖ਼ੂਨੀ ਖੇਡ ਦੀਆਂ ਤਾਰਾਂ ਸਿੱਧੀਆਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ।

ਭਾਰਤ ਵਿਰੁੱਧ ਗੈਰ-ਰਾਜਕੀ ਅਨਸਰਾਂ (non-state actors) ਦੀ ਵਰਤੋਂ ਕਰਨ ਦੀ ਪਾਕਿਸਤਾਨ ਦੀ ਨੀਤੀ ਲਗਾਤਾਰ ਜਾਰੀ ਹੈ। ਤਾਜ਼ਾ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀ ਫੰਡਿੰਗ ਦੇ ਤਰੀਕੇ ਹੁਣ ਕਾਫੀ ਬਦਲ ਚੁੱਕੇ ਹਨ। ਅੱਤਵਾਦੀ ਸੰਗਠਨ ਹੁਣ ਫੜੇ ਜਾਣ ਤੋਂ ਬਚਣ ਲਈ ਡਿਜੀਟਲ ਵਾਲਿਟ ਅਤੇ ਕ੍ਰਿਪਟੋਕਰੰਸੀ ਰਾਹੀਂ ਐਨਕ੍ਰਿਪਟਡ ਲੈਣ-ਦੇਣ ਦਾ ਸਹਾਰਾ ਲੈ ਰਹੇ ਹਨ। ਫੰਡਿੰਗ ਦਾ ਇਹ ਆਧੁਨਿਕ ਰੂਪ ਸੁਰੱਖਿਆ ਏਜੰਸੀਆਂ ਲਈ ਇੱਕ ਨਵੀਂ ਚੁਣੌਤੀ ਬਣ ਗਿਆ ਹੈ, ਜੋ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਦਿੱਤੀ ਜਾ ਰਹੀ ਤਕਨੀਕੀ ਅਤੇ ਵਿੱਤੀ ਹੱਲਾਸ਼ੇਰੀ ਨੂੰ ਦਰਸਾਉਂਦਾ ਹੈ।

ਪਾਕਿ ਦੀ ਧਰਤੀ ‘ਤੇ ਘੜੀਆਂ ਜਾਂਦੀਆਂ ਭਾਰਤ ਵਿਰੁੱਧ ਸਾਜ਼ਿਸ਼ਾਂ

ਪਾਕਿਸਤਾਨ ਵਿੱਚ ਅੱਤਵਾਦੀ ਜਥੇਬੰਦੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ। ਜੈਸ਼-ਏ-ਮੁਹੰਮਦ ਨੇ ਆਪਣੀ ਭਰਤੀ ਮੁਹਿੰਮ ਦਾ ਵਿਸਥਾਰ ਕਰਦਿਆਂ ਖਾਸ ਤੌਰ 'ਤੇ ਔਰਤਾਂ ਲਈ 'ਜਮਾਤ-ਉਲ-ਮੋਮਿਨਾਤ' ਨਾਮ ਦਾ ਇੱਕ ਵੱਖਰਾ ਵਿੰਗ ਸਥਾਪਿਤ ਕੀਤਾ ਹੈ। ਦੂਜੇ ਪਾਸੇ, ਲਸ਼ਕਰ-ਏ-ਤੋਇਬਾ (LeT) ਨੇ ਆਪਣੇ ਸਿਖਲਾਈ ਮਾਡਿਊਲਾਂ ਨੂੰ ਵਧਾਉਂਦੇ ਹੋਏ ਇੱਕ 'ਵਾਟਰ ਵਿੰਗ' (Water Wing) ਤਿਆਰ ਕੀਤਾ ਹੈ, ਤਾਂ ਜੋ ਅੱਤਵਾਦੀਆਂ ਨੂੰ ਸਮੁੰਦਰੀ ਰਸਤੇ ਹਮਲੇ ਕਰਨ ਦੇ ਦਾਅ-ਪੇਚ ਸਿਖਾਏ ਜਾ ਸਕਣ। ਪਾਕਿਸਤਾਨੀ ਧਰਤੀ 'ਤੇ ਭਾਰਤ ਵਿਰੁੱਧ ਭਰਤੀ ਮੁਹਿੰਮਾਂ, ਭੜਕਾਊ ਰੈਲੀਆਂ, ਸਿਖਲਾਈ ਕੈਂਪ ਅਤੇ ਨਫ਼ਰਤ ਭਰੇ ਭਾਸ਼ਣਾਂ ਦਾ ਸਿਲਸਿਲਾ ਬਿਨਾਂ ਕਿਸੇ ਰੋਕ-ਟੋਕ ਦੇ ਲਗਾਤਾਰ ਜਾਰੀ ਹੈ।

ਗਲੋਬਲ ਟੈਰੋਰਿਜ਼ਮ ਇੰਡੈਕਸ ‘ਤੇ ਪਾਕਿਸਤਾਨ ਟੌਪ ‘ਤੇ

ਪਾਕਿਸਤਾਨ ਲਗਾਤਾਰ ਅੱਤਵਾਦ ਦੇ ਵਿਸ਼ਵ ਕੇਂਦਰ ਵਜੋਂ ਕੰਮ ਕਰ ਰਿਹਾ ਹੈ ਅਤੇ ਗਲੋਬਲ ਟੈਰੋਰਿਜ਼ਮ ਇੰਡੈਕਸ 2026 ਵਿੱਚ ਸਿਖਰਲੇ ਸਥਾਨ 'ਤੇ ਹੈ। ਅਮਰੀਕੀ ਕਾਂਗਰਸ ਦੀ ਖੋਜ ਸੇਵਾ (CRS) ਦੀ 25 ਮਾਰਚ, 2026 ਦੀ ਰਿਪੋਰਟ ਸਪੱਸ਼ਟ ਤੌਰ 'ਤੇ ਪਾਕਿਸਤਾਨ ਦੀ ਪਛਾਣ ਕਈ ਲੰਮੇ ਸਮੇਂ ਤੋਂ ਸਰਗਰਮ ਅੱਤਵਾਦੀ ਸਮੂਹਾਂ ਦੇ ਸੰਚਾਲਨ ਅੱਡੇ (base of operations) ਵਜੋਂ ਕਰਦੀ ਹੈ। ਇਹ ਰਿਪੋਰਟ ਸਾਬਤ ਕਰਦੀ ਹੈ ਕਿ ਪਾਕਿਸਤਾਨੀ ਧਰਤੀ ਅੱਜ ਵੀ ਅੰਤਰਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ ਬਣੀ ਹੋਈ ਹੈ।

ਪੂਰੀ ਦੁਨੀਆ ‘ਚ ਫੈਲਿਆ ਹੋਇਆ ਪਾਕਿਸਤਾਨ ਅੱਤਵਾਦ ਦਾ ਜਾਲ

ਅੱਤਵਾਦ ਅਜੇ ਵੀ ਪਾਕਿਸਤਾਨ ਦੀ ਮੁੱਖ 'ਐਕਸਪੋਰਟ' (ਨਿਰਯਾਤ) ਬਣਿਆ ਹੋਇਆ ਹੈ। 6 ਮਾਰਚ, 2026 ਨੂੰ ਆਸਿਫ਼ ਮਰਚੈਂਟ (47) ਨਾਮਕ ਇੱਕ ਪਾਕਿਸਤਾਨੀ ਵਿਅਕਤੀ ਨੂੰ ਅਮਰੀਕੀ ਸਿਆਸਤਦਾਨਾਂ ਅਤੇ ਅਧਿਕਾਰੀਆਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ। ਇਸੇ ਤਰ੍ਹਾਂ, ਇੱਕ ਹੋਰ ਪਾਕਿਸਤਾਨੀ ਮੂਲ ਦੇ ਨੌਜਵਾਨ ਮੁਹੰਮਦ ਸ਼ਾਹਜ਼ੇਬ ਖ਼ਾਨ (21) ਨੇ ਨਿਊਯਾਰਕ, ਅਮਰੀਕਾ ਵਿੱਚ ਇੱਕ ਯਹੂਦੀ ਕੇਂਦਰ 'ਤੇ ISIS ਤੋਂ ਪ੍ਰੇਰਿਤ ਹਮਲੇ ਦੀ ਕੋਸ਼ਿਸ਼ ਕਰਨ ਦਾ ਜੁਰਮ ਕਬੂਲਿਆ ਹੈ। ਇਸ ਤੋਂ ਇਲਾਵਾ, 8 ਅਗਸਤ, 2025 ਨੂੰ ਦੱਖਣੀ ਕੋਰੀਆ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ 'ਤੇ ਲਸ਼ਕਰ-ਏ-ਤੋਇਬਾ (LeT) ਦਾ ਮੈਂਬਰ ਹੋਣ ਦਾ ਦੋਸ਼ ਹੈ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਪਾਕਿਸਤਾਨੀ ਅੱਤਵਾਦ ਦਾ ਜਾਲ ਹੁਣ ਪੂਰੀ ਦੁਨੀਆ ਵਿੱਚ ਫੈਲ ਚੁੱਕਾ ਹੈ।

ਦੁਨੀਆ ਭਰ ਵਿੱਚ ਵਾਪਰੀਆਂ ਇਹ ਘਟਨਾਵਾਂ ਸਪੱਸ਼ਟ ਰੂਪ ਵਿੱਚ ਇਸ਼ਾਰਾ ਕਰਦੀਆਂ ਹਨ ਕਿ ਪਾਕਿਸਤਾਨ ਲਗਾਤਾਰ ਅੱਤਵਾਦ ਦੇ ਵਿਸ਼ਵ ਕੇਂਦਰ ਅਤੇ ਇਸਦੀ 'ਫੈਕਟਰੀ' ਵਜੋਂ ਕੰਮ ਕਰ ਰਿਹਾ ਹੈ। ਇਹ ਨਾ ਸਿਰਫ਼ ਦੱਖਣੀ ਏਸ਼ੀਆ ਲਈ, ਸਗੋਂ ਸਮੁੱਚੇ ਅੰਤਰਰਾਸ਼ਟਰੀ ਭਾਈਚਾਰੇ ਲਈ ਇੱਕ ਗੰਭੀਰ ਅਤੇ ਨਿਰੰਤਰ ਚੁਣੌਤੀ ਬਣਿਆ ਹੋਇਆ ਹੈ। ਪਾਕਿਸਤਾਨੀ ਸਰਜ਼ਮੀਂ ਤੋਂ ਫੈਲ ਰਿਹਾ ਅੱਤਵਾਦ ਅੱਜ ਪੂਰੀ ਦੁਨੀਆ ਦੀ ਅਮਨ-ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ ਹੈ।

Latest News