Saturday, 13th of June 2026

ਹਿਮਾਚਲ ਦੇ ਲੋਕ ਸਾਵਧਾਨ! ਅੱਜ ਫਲੈਸ਼ ਫਲੱਡ ਦਾ ਖ਼ਤਰਾ, ਅਗਲੇ 5 ਦਿਨਾਂ ਲਈ ਮੌਸਮ ਵਿਭਾਗ ਦੀ ਚਿਤਾਵਨੀ

Edited By: Lajwinder Kaur | Updated at: June 13th 2026 02:25 PM
Trending News
ਹਿਮਾਚਲ ਦੇ ਲੋਕ ਸਾਵਧਾਨ! ਅੱਜ ਫਲੈਸ਼ ਫਲੱਡ ਦਾ ਖ਼ਤਰਾ, ਅਗਲੇ 5 ਦਿਨਾਂ ਲਈ ਮੌਸਮ ਵਿਭਾਗ ਦੀ ਚਿਤਾਵਨੀ

ਹਿਮਾਚਲ ਦੇ ਲੋਕ ਸਾਵਧਾਨ! ਅੱਜ ਫਲੈਸ਼ ਫਲੱਡ ਦਾ ਖ਼ਤਰਾ, ਅਗਲੇ 5 ਦਿਨਾਂ ਲਈ ਮੌਸਮ ਵਿਭਾਗ ਦੀ ਚਿਤਾਵਨੀ

ਸੂਬੇ ਦੇ ਮੈਦਾਨੀ ਅਤੇ ਮੱਧ ਪਹਾੜੀ ਇਲਾਕਿਆਂ ਨੂੰ, ਜੋ ਭਿਆਨਕ ਗਰਮੀ ਅਤੇ ਲੂ ਦੀ ਮਾਰ ਝੱਲ ਰਹੇ ਸਨ, ਪੱਛਮੀ ਗੜਬੜੀ (Western Disturbance) ਅਤੇ ਸਰਗਰਮ ਚੱਕਰਵਾਤੀ ਗੇੜ ਨੇ ਵੱਡੀ ਰਾਹਤ ਦਿੱਤੀ ਹੈ। ਅੱਜ ਵੀ ਰਾਜਧਾਨੀ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਕਾਂਗੜਾ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ ਹੈ। ਦੇਸ਼ ਵਿੱਚ ਪ੍ਰੀ-ਮਾਨਸੂਨ ਦੀ ਸਰਗਰਮੀ ਕਾਰਨ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ ਅਤੇ ਠੰਢੀਆਂ ਹਵਾਵਾਂ ਨੇ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਚਿਪਚਿਪੀ ਤੇ ਤੇਜ਼ ਧੁੱਪ ਤੋਂ ਨਿਜਾਤ ਦਿਵਾਈ ਹੈ।

ਰਾਜ ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਦੇ ਅਨੁਸਾਰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਕੁਝ ਖੇਤਰਾਂ ਵਿੱਚ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ, ਰਾਜ ਦੀਆਂ ਉੱਚੀਆਂ ਚੋਟੀਆਂ 'ਤੇ ਹੋਈ ਹਲਕੀ ਬਰਫ਼ਬਾਰੀ ਕਾਰਨ ਪੂਰੇ ਸੂਬੇ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦੇ ਚਲਦਿਆਂ ਗਰਮੀ ਨਾਲ ਤਪ ਰਹੇ ਊਨਾ ਵਿੱਚ ਵੱਧ ਤੋਂ ਵੱਧ ਤਾਪਮਾਨ ਡਿੱਗ ਕੇ 29 ਡਿਗਰੀ ਅਤੇ ਰਾਜਧਾਨੀ ਸ਼ਿਮਲਾ ਵਿੱਚ 22.5 ਡਿਗਰੀ ਸੈਲਸੀਅਸ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਸੀ।

ਸੁਹਾਵਣੇ ਮੌਸਮ ਦੇ ਵਿਚਕਾਰ ਮੌਸਮ ਵਿਭਾਗ ਨੇ ਖਤਰੇ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ। ਆਉਣ ਵਾਲੇ 24 ਘੰਟਿਆਂ ਦੌਰਾਨ ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਕੁਝ ਸੰਵੇਦਨਸ਼ੀਲ ਜਲਗ੍ਰਹਿਣ ਖੇਤਰਾਂ (catchment areas) ਅਤੇ ਹੇਠਲੇ ਇਲਾਕਿਆਂ ਵਿੱਚ ਘੱਟ ਤੋਂ ਦਰਮਿਆਨੇ ਪੱਧਰ ਦੇ ਫਲੈਸ਼ ਫਲੱਡ (ਅਚਾਨਕ ਹੜ੍ਹ) ਦਾ ਖਤਰਾ ਜਤਾਇਆ ਗਿਆ ਹੈ। ਇਸ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਨਦੀਆਂ-ਨਾਲਿਆਂ ਦੇ ਨੇੜੇ ਬਿਲਕੁਲ ਨਾ ਜਾਣ ਦੀ ਸਖ਼ਤ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਅੱਜ ਲਾਹੌਲ-ਸਪੀਤੀ ਅਤੇ ਕਿੰਨੌਰ ਨੂੰ ਛੱਡ ਕੇ ਸੂਬੇ ਦੇ ਬਾਕੀ 10 ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ, ਬਿਜਲੀ ਕੜਕਣ ਅਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 18 ਜੂਨ ਤੱਕ ਪੂਰੇ ਸੂਬੇ ਵਿੱਚ ਮੌਸਮ ਖਰਾਬ ਰਹਿਣ ਦਾ ਅਨੁਮਾਨ ਲਗਾਇਆ ਹੈ। ਮੌਸਮ ਵਿਭਾਗ ਅਨੁਸਾਰ 14 ਤੋਂ 18 ਜੂਨ ਦੀ ਇਸ ਮਿਆਦ ਦੌਰਾਨ ਸੂਬੇ ਦੇ ਉੱਚੇ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਕਈ ਥਾਵਾਂ 'ਤੇ ਅਤੇ ਮੈਦਾਨੀ ਇਲਾਕਿਆਂ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਦਾ ਦੌਰ ਜਾਰੀ ਰਹੇਗਾ। ਇਸ ਦੇ ਨਾਲ ਹੀ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ ਦਾ ਸਿਲਸਿਲਾ ਵੀ ਬਣੇ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਆਉਣ ਵਾਲੇ ਕੁਝ ਦਿਨਾਂ ਤੱਕ ਸੂਬੇ ਵਾਸੀਆਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Latest News