Thursday, 16th of April 2026

ਗੁਰੂਗ੍ਰਾਮ ‘ਚ ਸਸਤਾ ਸੋਨਾ ਵੇਚਣ ਦੇ ਨਾਂ 'ਤੇ ਧੋਖਾਧੜੀ, ਬਾਲੀਵੁੱਡ ਸਟਾਰ ਨਾਲ ਵੀ ਹੋਈ ਠੱਗੀ, 4 ਮੁਲਜ਼ਮ ਗ੍ਰਿਫ਼ਤਾਰ, ਗਹਿਣੇ ਅਤੇ ਨਕਦੀ ਬਰਾਮਦ

By: GTC News Desk | Edited By: Lajwinder Kaur | Updated at: April 16th 2026 04:01 PM
ਗੁਰੂਗ੍ਰਾਮ ‘ਚ ਸਸਤਾ ਸੋਨਾ ਵੇਚਣ ਦੇ ਨਾਂ 'ਤੇ ਧੋਖਾਧੜੀ, ਬਾਲੀਵੁੱਡ ਸਟਾਰ ਨਾਲ ਵੀ ਹੋਈ ਠੱਗੀ, 4 ਮੁਲਜ਼ਮ ਗ੍ਰਿਫ਼ਤਾਰ, ਗਹਿਣੇ ਅਤੇ ਨਕਦੀ ਬਰਾਮਦ

ਗੁਰੂਗ੍ਰਾਮ ‘ਚ ਸਸਤਾ ਸੋਨਾ ਵੇਚਣ ਦੇ ਨਾਂ 'ਤੇ ਧੋਖਾਧੜੀ, ਬਾਲੀਵੁੱਡ ਸਟਾਰ ਨਾਲ ਵੀ ਹੋਈ ਠੱਗੀ, 4 ਮੁਲਜ਼ਮ ਗ੍ਰਿਫ਼ਤਾਰ, ਗਹਿਣੇ ਅਤੇ ਨਕਦੀ ਬਰਾਮਦ

ਗੁਰੂਗ੍ਰਾਮ ਵਿੱਚ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਸਸਤੇ ਭਾਅ 'ਤੇ ਸੋਨੇ ਦੇ ਸਿੱਕੇ ਵੇਚਣ ਦਾ ਲਾਲਚ ਦੇ ਕੇ ਠੱਗੀ ਮਾਰਦਾ ਸੀ। ਪੁਲਿਸ ਨੇ ਇਸ ਅੰਤਰਰਾਜੀ ਗਿਰੋਹ ਦੇ ਮਾਸਟਰਮਾਈਂਡ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਰੀਬ 2.30 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਲਗਭਗ 678 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।

ਬਾਲੀਵੁੱਡ ਸਿਤਾਰਿਆਂ ਨੂੰ ਵੀ ਬਣਾ ਚੁੱਕਿਆ ਸ਼ਿਕਾਰ

ਡੀਸੀਪੀ ਕ੍ਰਾਈਮ ਹਿਤੇਸ਼ ਯਾਦਵ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਅਸਲੀ ਸੋਨਾ ਦਿਖਾ ਕੇ ਲੋਕਾਂ ਦਾ ਭਰੋਸਾ ਜਿੱਤਦੇ ਸਨ ਅਤੇ ਫਿਰ ਸੋਨੇ ਦੇ ਨਕਲੀ (ਪਿੱਤਲ ਦੇ) ਸਿੱਕੇ ਦੇ ਕੇ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗਿਰੋਹ ਬਾਲੀਵੁੱਡ ਸਿਤਾਰਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਚੁੱਕਾ ਹੈ, ਜਿਨ੍ਹਾਂ ਵਿੱਚ ਆਦਿਤਿਆ ਪੰਚੋਲੀ ਅਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦੇ ਪੀਏ (PA) ਦੇ ਨਾਂ ਵੀ ਸ਼ਾਮਲ ਹਨ।

ਗੁਰੂਗ੍ਰਾਮ ਦੇ ਰਹਿਣ ਵਾਲੇ ਇੱਕ ਐਕਸਪੋਰਟਰ ਨੇ 1 ਅਪ੍ਰੈਲ ਨੂੰ ਥਾਣਾ ਸੁਸ਼ਾਂਤ ਲੋਕ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ 13 ਫਰਵਰੀ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਉਸਨੂੰ ਸਸਤੇ ਭਾਅ 'ਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਵੇਚਣ ਦਾ ਲਾਲਚ ਦਿੱਤਾ ਸੀ। ਉਸ ਵਿਅਕਤੀ ਨੇ ਭਰੋਸਾ ਜਿੱਤਣ ਲਈ ਐਕਸਪੋਰਟਰ ਨੂੰ ਕੁਝ ਸਿੱਕੇ ਦਿੱਤੇ, ਜਿਨ੍ਹਾਂ ਨੂੰ ਜਦੋਂ ਸੁਨਿਆਰੇ ਦੀ ਦੁਕਾਨ ਤੋਂ ਚੈੱਕ ਕਰਵਾਇਆ ਗਿਆ ਤਾਂ ਉਹ ਅਸਲੀ ਨਿਕਲੇ। ਪੀੜਤ ਨੇ ਦੱਸਿਆ ਕਿ ਇਸੇ ਭਰੋਸੇ ਦੇ ਆਧਾਰ 'ਤੇ ਉਸ ਨਾਲ ਲੱਖਾਂ ਦੀ ਠੱਗੀ ਮਾਰੀ ਗਈ।

ਇਸ ਤੋਂ ਬਾਅਦ ਉਸ ਵਿਅਕਤੀ ਨੇ ਇੱਕ ਵਾਰ ਫਿਰ ਉਸਨੂੰ ਕੁਝ ਹੋਰ ਸਿੱਕੇ ਦਿੱਤੇ, ਜੋ ਕਿ ਅਸਲੀ ਸਨ। ਇਸ ਨਾਲ ਐਕਸਪੋਰਟਰ ਦਾ ਉਸ ਵਿਅਕਤੀ 'ਤੇ ਭਰੋਸਾ ਹੋਰ ਪੱਕਾ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਵੱਡੀ ਮਾਤਰਾ ਵਿੱਚ ਸੋਨੇ ਦੇ ਸਿੱਕੇ ਵੇਚਣ ਦਾ ਝਾਂਸਾ ਦੇ ਕੇ 2 ਮਾਰਚ ਨੂੰ ਉਸ ਦੇ ਸੁਸ਼ਾਂਤ ਲੋਕ ਸਥਿਤ ਘਰ ਤੋਂ ਲਗਭਗ 2.49 ਕਰੋੜ ਰੁਪਏ ਨਕਦ (ਜੋ ਪੀੜਤ ਨੇ ਵਿਆਜ 'ਤੇ ਲਏ ਸਨ) ਅਤੇ ਕਰੀਬ 50 ਤੋਲੇ ਸੋਨਾ ਲੈ ਲਿਆ ਅਤੇ ਬਦਲੇ ਵਿੱਚ ਉਸਨੂੰ ਨਕਲੀ (ਪਿੱਤਲ ਦੇ) ਸਿੱਕੇ ਫੜਾ ਦਿੱਤੇ।

ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਾਰਵਾਈ ਸ਼ੁਰੂ ਕੀਤੀ। ਸੁਸ਼ਾਂਤ ਲੋਕ ਥਾਣੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਜਾਂਚ ਕ੍ਰਾਈਮ ਬ੍ਰਾਂਚ-43 ਨੂੰ ਸੌਂਪੀ ਗਈ ਸੀ। ਪੁਲਿਸ ਨੇ ਗੁਜਰਾਤ ਵਿੱਚ ਛਾਪੇਮਾਰੀ ਕਰਕੇ ਮਾਸਟਰਮਾਈਂਡ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਲੰਕੀ ਪ੍ਰਭੂ ਭਾਈ ਗੁਲਸ਼ਨਭਾਈ ਉਰਫ਼ ਕਲਪੇਸ਼ ਉਰਫ਼ ਰਵੀ (ਵਾਸੀ ਵਡੋਦਰਾ), ਪੰਕਜ ਸ਼ਰਮਾ (ਵਾਸੀ ਨਿਹਾਲ ਵਿਹਾਰ ਨਾਂਗਲੋਈ, ਦਿੱਲੀ), ਮਨੀਸ਼ ਕਮਲੇਸ਼ ਸ਼ਾਹ (ਵਾਸੀ ਕਰੇਲੀ ਬਾਗ, ਜ਼ਿਲ੍ਹਾ ਵਡੋਦਰਾ) ਅਤੇ ਈਸ਼ਵਰ ਮਾਰਵਾੜੀ (ਵਾਸੀ ਰਾਮਦੇਵ ਨਗਰ ਖੋਡੀਆ ਨਗਰ, ਜ਼ਿਲ੍ਹਾ ਵਡੋਦਰਾ, ਗੁਜਰਾਤ) ਵਜੋਂ ਹੋਈ ਹੈ।

ਵੱਖ-ਵੱਖ ਥਾਵਾਂ ਤੋਂ ਮੁਲਜ਼ਮ ਨੂੰ ਕੀਤਾ ਗਿਆ ਕਾਬੂ 

ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ; ਮੁਲਜ਼ਮ ਸੋਲੰਕੀ ਪ੍ਰਭੂਭਾਈ ਉਰਫ਼ ਕਲਪੇਸ਼ ਉਰਫ਼ ਰਵੀ ਅਤੇ ਪੰਕਜ ਸ਼ਰਮਾ ਨੂੰ ਗੁਰੂਗ੍ਰਾਮ ਤੋਂ, ਜਦਕਿ ਮਨੀਸ਼ ਕਮਲੇਸ਼ ਸ਼ਾਹ ਅਤੇ ਈਸ਼ਵਰ ਮਾਰਵਾੜੀ ਨੂੰ ਗੁਜਰਾਤ ਤੋਂ ਕਾਬੂ ਕੀਤਾ ਗਿਆ ਹੈ।

ਪੁਲਿਸ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਮੁਲਜ਼ਮ ਲਾਲਚ ਦੇ ਕੇ ਪੜ੍ਹੇ-ਲਿਖੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪ੍ਰਭੂਭਾਈ ਗੈਂਗ ਦੇ ਜ਼ਿਆਦਾਤਰ ਮੈਂਬਰ ਅਨਪੜ੍ਹ ਹਨ, ਜੋ ਗਰੀਬ ਮਜ਼ਦੂਰਾਂ ਦਾ ਭੇਸ ਬਣਾ ਕੇ ਘੁੰਮਦੇ ਸਨ। ਉਹ ਆਪਣੇ ਕੋਲ 5-6 ਅਸਲੀ ਸੋਨੇ-ਚਾਂਦੀ ਦੇ ਸਿੱਕੇ ਰੱਖਦੇ ਸਨ ਅਤੇ ਅਮੀਰ ਲੋਕਾਂ ਨੂੰ ਦਿਖਾ ਕੇ ਕਹਿੰਦੇ ਸਨ ਕਿ ਇਹ ਉਨ੍ਹਾਂ ਨੂੰ ਜ਼ਮੀਨ ਦੀ ਖੁਦਾਈ ਦੌਰਾਨ ਮਿਲੇ ਹਨ। ਉਹ ਲੋਕਾਂ ਨੂੰ ਆਪਣਾ ਨੰਬਰ ਦੇ ਦਿੰਦੇ ਸਨ ਅਤੇ ਕਹਿੰਦੇ ਸਨ ਕਿ "ਤੁਸੀਂ ਇਨ੍ਹਾਂ ਨੂੰ ਚੈੱਕ ਕਰਵਾ ਕੇ ਸਾਨੂੰ ਦੱਸ ਦਿਓ ਕਿ ਇਨ੍ਹਾਂ ਦੀ ਕੀਮਤ ਕਿੰਨੀ ਹੈ; ਅਸੀਂ ਗਰੀਬ ਮਜ਼ਦੂਰ ਹਾਂ, ਜੇ ਅਸੀਂ ਚੈੱਕ ਕਰਵਾਉਣ ਗਏ ਤਾਂ ਪੁਲਿਸ ਸਾਨੂੰ ਫੜ ਲਵੇਗੀ।" ਇਸ ਤਰ੍ਹਾਂ ਉਹ ਭੋਲੇ ਬਣ ਕੇ ਲੋਕਾਂ ਦਾ ਭਰੋਸਾ ਜਿੱਤਦੇ ਸਨ।

ਜਦੋਂ ਪੀੜਤ ਇਨ੍ਹਾਂ ਸਿੱਕਿਆਂ ਨੂੰ ਚੈੱਕ ਕਰਵਾਉਂਦਾ ਤਾਂ ਉਹ ਸੋਨੇ ਦੇ ਨਿਕਲਦੇ, ਜਿਸ ਤੋਂ ਬਾਅਦ ਮੁਲਜ਼ਮ 25 ਤੋਂ 30 ਲੱਖ ਰੁਪਏ ਕਿਲੋ ਦੇ ਭਾਅ 'ਤੇ ਸੌਦਾ ਤੈਅ ਕਰ ਲੈਂਦੇ ਸਨ। ਇੰਨਾ ਮੋਟਾ ਮੁਨਾਫ਼ਾ ਦੇਖ ਕੇ ਲੋਕਾਂ ਦੇ ਮਨ ਵਿੱਚ ਲਾਲਚ ਆ ਜਾਂਦਾ ਸੀ ਅਤੇ ਮੁਲਜ਼ਮ ਇਸੇ ਲਾਲਚ ਦਾ ਫ਼ਾਇਦਾ ਉਠਾ ਕੇ ਸੋਨੇ ਦਾ ਪਾਣੀ ਚੜ੍ਹਾਏ ਹੋਏ ਤਾਂਬੇ ਦੇ ਸਿੱਕੇ ਫੜਾ ਕੇ ਹਜ਼ਾਰਾਂ ਕਿਲੋਮੀਟਰ ਦੂਰ ਫ਼ਰਾਰ ਹੋ ਜਾਂਦੇ ਸਨ।

ਗੈਂਗ ਦਾ ਸਰਗਣਾ ਪ੍ਰਭੂ ਭਾਈ ਪਿਛਲੇ 25 ਸਾਲਾਂ ਤੋਂ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਮੁੰਬਈ ਅਤੇ ਗੁਜਰਾਤ ਨਾਲ ਸਬੰਧਤ ਹਨ। ਠੱਗੀ ਦੇ ਪੈਸਿਆਂ ਨਾਲ ਮੁਲਜ਼ਮ ਨੇ ਦਿੱਲੀ-ਮੁੰਬਈ ਰੋਡ 'ਤੇ ਕਰਜਨ ਲਕੋਦਰਾ ਵਿਖੇ ਇੱਕ 'Hotel PM' ਵੀ ਖਰੀਦਿਆ ਹੋਇਆ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਰੀਬ 15 ਸਾਲ ਪਹਿਲਾਂ ਉਸ ਨੇ ਬਾਲੀਵੁੱਡ ਅਦਾਕਾਰ ਆਦਿਤਿਆ ਪੰਚੋਲੀ ਨਾਲ 25 ਲੱਖ ਰੁਪਏ ਅਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦੇ ਪੀਏ (PA) ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ ਸੀ।

ਠੱਗੀ ਦੇ ਪੈਸਿਆਂ ਦੀ ਬਦੌਲਤ ਮੁਲਜ਼ਮ ਪ੍ਰਭੂ ਨੇ ਚਾਰ ਵਿਆਹ ਕੀਤੇ ਹੋਏ ਹਨ ਅਤੇ ਉਹ ਇੱਕ "ਲਵ ਯੂ" ਨਾਂ ਦੀ ਗੁਜਰਾਤੀ ਫ਼ਿਲਮ ਵੀ ਬਣਾ ਚੁੱਕਾ ਹੈ। ਇੰਨਾ ਹੀ ਨਹੀਂ, ਪ੍ਰਭੂਭਾਈ ਗੁਜਰਾਤ ਨਗਰ ਪਾਲਿਕਾ ਕੌਂਸਲਰ ਦੀ ਚੋਣ ਵਿੱਚ ਆਪਣੀ ਪਤਨੀ ਪਾਰਵਤੀ ਸੋਲੰਕੀ ਨੂੰ ਟਿਕਟ ਦਿਵਾ ਕੇ ਅਤੇ ਨਾਮਜ਼ਦਗੀ ਭਰਵਾ ਕੇ ਰਾਜਨੀਤੀ ਵਿੱਚ ਵੀ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਸੀ।

ਮੁਲਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕਰਨ 'ਤੇ ਪਤਾ ਲੱਗਾ ਹੈ ਕਿ ਸੋਲੰਕੀ ਪ੍ਰਭੂਭਾਈ ਗੁਲਸ਼ਨਭਾਈ ਵਿਰੁੱਧ ਪਹਿਲਾਂ ਵੀ ਧੋਖਾਧੜੀ ਦੇ ਦੋ ਮਾਮਲੇ ਮਹਾਰਾਸ਼ਟਰ ਵਿੱਚ ਅਤੇ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 7 ਮਾਮਲੇ ਗੁਜਰਾਤ ਵਿੱਚ ਦਰਜ ਹਨ। ਇਸ ਕੇਸ ਵਿੱਚ ਪੁਲਿਸ ਦੋ ਮਹਿਲਾਵਾਂ ਨੂੰ ਵੀ ਗ੍ਰਿਫ਼ਤਾਰ ਕਰੇਗੀ, ਜੋ ਫਿਲਹਾਲ ਕੋਟਾ ਜੇਲ੍ਹ ਵਿੱਚ ਬੰਦ ਹਨ। ਇਨ੍ਹਾਂ ਵਿੱਚੋਂ ਇੱਕ ਮਹਿਲਾ ਨੂੰ ਪ੍ਰਭੂ ਸੋਲੰਕੀ ਆਪਣੀ ਭੈਣ ਦੱਸਦਾ ਸੀ।

Latest News