Sunday, 11th of October 2026

ਪੰਜਾਬ ਸਿਆਸਤ 'ਚ ਵੱਡੀ ਹਲਚਲ! 'ਭਾਜਪਾ' ਨੇ ਇੱਕ ਝਟਕੇ ‘ਚ 4 ਆਗੂਆਂ ਨੂੰ ਕੱਢਿਆ ਪਾਰਟੀ 'ਚੋਂ ਬਾਹਰ, ਜਾਣੋ ਕਿਸ ਵਜ੍ਹਾ ਕਰਕੇ ਡਿੱਗੀ ਗਾਜ਼…

Edited By: Lajwinder Kaur | Updated at:
ਪੰਜਾਬ ਸਿਆਸਤ 'ਚ ਵੱਡੀ ਹਲਚਲ! 'ਭਾਜਪਾ' ਨੇ ਇੱਕ ਝਟਕੇ ‘ਚ 4 ਆਗੂਆਂ ਨੂੰ ਕੱਢਿਆ ਪਾਰਟੀ 'ਚੋਂ ਬਾਹਰ, ਜਾਣੋ ਕਿਸ ਵਜ੍ਹਾ ਕਰਕੇ ਡਿੱਗੀ ਗਾਜ਼…

ਪੰਜਾਬ ਸਿਆਸਤ 'ਚ ਵੱਡੀ ਹਲਚਲ! 'ਭਾਜਪਾ' ਨੇ ਇੱਕ ਝਟਕੇ ‘ਚ 4 ਆਗੂਆਂ ਨੂੰ ਕੱਢਿਆ ਪਾਰਟੀ 'ਚੋਂ ਬਾਹਰ, ਜਾਣੋ ਕਿਸ ਵਜ੍ਹਾ ਕਰਕੇ ਡਿੱਗੀ ਗਾਜ਼…

ਪੰਜਾਬ ਭਾਜਪਾ ਦੇ ਅੰਦਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ ਭਾਰਤੀ ਜਨਤਾ ਪਾਰਟੀ (BJP) ਦੀ ਫਿਰੋਜ਼ਪੁਰ ਜ਼ਿਲ੍ਹਾ ਇਕਾਈ ਨੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਇੱਕ ਸਖ਼ਤ ਕਦਮ ਚੁੱਕਦਿਆਂ ਪਾਰਟੀ ਦੇ 4 ਪ੍ਰਮੁੱਖ ਆਗੂਆਂ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਫੈਸਲਾ ਭਾਜਪਾ ਦੀ ਜ਼ਿਲ੍ਹਾ ਕੋਰ ਕਮੇਟੀ, ਜ਼ਿਲ੍ਹਾ ਟੀਮ ਅਤੇ ਅਨੁਸ਼ਾਸਨੀ ਕਮੇਟੀ ਦੀ ਇੱਕ ਸਾਂਝੀ ਮੀਟਿੰਗ ਦੌਰਾਨ ਲਿਆ ਗਿਆ ਹੈ।

ਇਨ੍ਹਾਂ ਆਗੂਆਂ ‘ਤੇ ਡਿੱਗੀ ਗਾਜ਼

ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਆਗੂਆਂ ਉੱਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਰਜੇਸ਼ ਕੁਮਾਰ ਨਿੰਦੀ, ਰਿਤੂ ਧਵਨ, ਚਰਨਪ੍ਰੀਤ ਅਤੇ ਅਸ਼ਵਨੀ ਗਰੋਵਰ ਸ਼ਾਮਲ ਹਨ। ਇਨ੍ਹਾਂ ਆਗੂਆਂ 'ਤੇ ਦੋਸ਼ ਹੈ ਕਿ ਨਗਰ ਕੌਂਸਲ ਚੋਣਾਂ ਦੌਰਾਨ ਇਨ੍ਹਾਂ ਨੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਜੋ ਕਿ ਸਿੱਧੇ ਤੌਰ 'ਤੇ ਪਾਰਟੀ ਵਿਰੋਧੀ ਗਤੀਵਿਧੀ ਹੈ।

ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ: ਸਰਬਜੀਤ ਸਿੰਘ ਬਾਠ

ਸਰਬਜੀਤ ਸਿੰਘ ਬਾਠ ਨੇ ਸਪੱਸ਼ਟ ਕੀਤਾ ਕਿ ਭਾਜਪਾ ਇੱਕ ਅਨੁਸ਼ਾਸਨਬੱਧ ਪਾਰਟੀ ਹੈ ਅਤੇ ਇੱਥੇ ਪਾਰਟੀ ਦੇ ਫੈਸਲਿਆਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਮਜ਼ਬੂਤ ਕਰਨ ਲਈ ਇਹ ਕਾਰਵਾਈ ਕਰਨੀ ਬੇਹੱਦ ਜ਼ਰੂਰੀ ਸੀ। ਮੀਟਿੰਗ ਵਿੱਚ ਮੌਜੂਦ ਹੋਰ ਸੀਨੀਅਰ ਆਗੂਆਂ ਨੇ ਵੀ ਇਸ ਫੈਸਲੇ ਦਾ ਸਮਰਥਨ ਕਰਦਿਆਂ ਕਿਹਾ ਕਿ ਪਾਰਟੀ ਦੀ ਮਰਿਆਦਾ ਨੂੰ ਕਾਇਮ ਰੱਖਣਾ ਹਰ ਵਰਕਰ ਅਤੇ ਆਗੂ ਦੀ ਜ਼ਿੰਮੇਵਾਰੀ ਹੈ।

ਸਿਆਸੀ ਗਲਿਆਰਿਆਂ ਵਿੱਚ ਹਲਚਲ

ਇਸ ਸਖ਼ਤ ਕਾਰਵਾਈ ਤੋਂ ਬਾਅਦ ਫਿਰੋਜ਼ਪੁਰ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚ ਗਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਆਉਣ ਵਾਲੇ ਸਮੇਂ ਵਿੱਚ ਸਥਾਨਕ ਰਾਜਨੀਤੀ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਫਿਲਹਾਲ, ਇਸ ਕਾਰਵਾਈ ਨੇ ਪਾਰਟੀ ਦੇ ਅੰਦਰੂਨੀ ਹਿੱਸਿਆਂ ਵਿੱਚ ਇੱਕ ਸਾਫ਼ ਸੰਦੇਸ਼ ਭੇਜ ਦਿੱਤਾ ਹੈ ਕਿ ਅਨੁਸ਼ਾਸਨਹੀਣਤਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।