ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਸਿਆਸੀ ਪਾਰਾ ਗਰਮਾਉਂਦਾ ਜਾ ਰਿਹਾ ਹੈ। ਹਰ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਹਰ ਤਰ੍ਹਾਂ ਦਾ ਜੋੜ-ਤੋੜ ਲਗਾ ਰਹੀ ਹੈ। ਫਿਰੋਜ਼ਪੁਰ ਜ਼ਿਲ੍ਹੇ ਦੀ ਸਿਆਸਤ ਵਿੱਚ ਇੱਕ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਸਾਬਕਾ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਫਿਰੋਜ਼ਪੁਰ (ਜੀਰਾ) ਫੇਰੀ ਦੌਰਾਨ ਇਹ ਵੱਡਾ ਸਿਆਸੀ ਕਦਮ ਸਾਹਮਣੇ ਆਇਆ ਹੈ, ਜਿੱਥੇ ਮੁੱਖ ਮੰਤਰੀ ਨੇ ਖ਼ੁਦ ਉਨ੍ਹਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। ਇਸ ਘਟਨਾ ਨਾਲ ਖ਼ਾਸ ਕਰਕੇ ਜੀਰਾ ਵਿਧਾਨ ਸਭਾ ਹਲਕੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲਣ ਦੀ ਚਰਚਾ ਛਿੜ ਗਈ ਹੈ।
ਕੌਣ ਹਨ ਗੁਰਪ੍ਰੀਤ ਸਿੰਘ ਸੇਖੋਂ?
ਗੁਰਪ੍ਰੀਤ ਸਿੰਘ ਸੇਖੋਂ ਪੰਜਾਬ ਦੇ ਬਹੁਤ ਚਰਚਿਤ ਚਿਹਰਿਆਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਦਾ ਨਾਂ ਸਾਲ 2016 ਦੇ ਬਹੁਤ ਚਰਚਿਤ ਨਾਭਾ ਜੇਲ੍ਹ ਬ੍ਰੇਕ ਕਾਂਡ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਕੁਝ ਹਥਿਆਰਬੰਦ ਵਿਅਕਤੀਆਂ ਨੇ ਜੇਲ੍ਹ ਤੋੜ ਕੇ ਕਈ ਹਾਈ-ਪ੍ਰੋਫਾਈਲ ਕੈਦੀਆਂ ਨੂੰ ਭਜਾ ਦਿੱਤਾ ਸੀ। ਹਾਲਾਂਕਿ, ਲੰਮਾ ਸਮਾਂ ਜੇਲ੍ਹ ਵਿੱਚ ਬਿਤਾਉਣ ਅਤੇ ਕਾਨੂੰਨੀ ਪ੍ਰਕਿਰਿਆਵਾਂ ਤੋਂ ਬਾਅਦ, ਸੇਖੋਂ ਨੇ ਆਪਣਾ ਅਪਰਾਧਿਕ ਅਤੀਤ ਪਿੱਛੇ ਛੱਡ ਕੇ ਮੁੱਖ ਮੰਤਰੀ ਅਤੇ ਸਮਾਜਿਕ ਜੀਵਨ ਵਿੱਚ ਮੋੜਾ ਕੱਟਣ ਦਾ ਦਾਅਵਾ ਕੀਤਾ ਹੈ।
ਇਲਾਕੇ ਵਿੱਚ ਲਗਾਤਾਰ ਵਧ ਰਹੀ ਹੈ ਸਿਆਸੀ ਪੈਂਠ
ਛਲੇ ਕੁਝ ਮਹੀਨਿਆਂ ਤੋਂ ਗੁਰਪ੍ਰੀਤ ਸਿੰਘ ਸੇਖੋਂ ਜੀਰਾ ਹਲਕੇ ਵਿੱਚ ਆਪਣੀ ਸਿਆਸੀ ਹੋਂਦ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸਰਗਰਮ ਸਨ। ਉਨ੍ਹਾਂ ਨੇ ਹਾਲ ਹੀ ਵਿੱਚ ਜੀਰਾ ਵਿਖੇ ਆਪਣਾ ਨਵਾਂ ਸਿਆਸੀ ਦਫ਼ਤਰ ਵੀ ਖੋਲ੍ਹਿਆ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਚੋਣ ਲੜਨ ਦੀ ਇੱਛਾ ਜਤਾਈ ਸੀ। ਇਸ ਤੋਂ ਇਲਾਵਾ, ਹਾਲੀਆ ਨਗਰ ਪੰਚਾਇਤ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਚੰਗਾ ਪ੍ਰਭਾਵ ਛੱਡਿਆ ਹੈ, ਜਿਸ ਨਾਲ ਇਲਾਕੇ ਵਿੱਚ ਉਨ੍ਹਾਂ ਦਾ ਅਧਾਰ ਹੋਰ ਮਜ਼ਬੂਤ ਹੋਇਆ ਹੈ।
ਸਿਆਸੀ ਹਲਕਿਆਂ ਵਿੱਚ ਚਰਚਾਵਾਂ ਦਾ ਦੌਰ ਤੇਜ਼ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪਾਰਟੀ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਸੇਖੋਂ ਦੇ 'ਆਪ' ਵਿੱਚ ਜਾਣ ਨਾਲ ਸੱਤਾਧਾਰੀ ਪਾਰਟੀ ਨੂੰ ਸਰਹੱਦੀ ਖੇਤਰ ਵਿੱਚ ਕਿਹੋ ਜਿਹਾ ਲਾਭ ਮਿਲਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਫ਼ਿਲਹਾਲ ਇਸ ਫ਼ੈਸਲੇ ਨੇ ਪੰਜਾਬ ਦੀ ਸਿਆਸਤ ਵਿੱਚ ਗਰਮਾਹਟ ਜ਼ਰੂਰ ਲਿਆ ਦਿੱਤੀ ਹੈ।