Friday, 7th of August 2026

ਕੀ 4 ਮਈ ਨੂੰ ਆਵੇਗਾ 12ਵੀਂ ਦਾ ਨਤੀਜਾ? ਜਾਣੋ 10ਵੀਂ ਦੇ ਰਿਜ਼ਲਟ ਬਾਰੇ ਵੀ ਤਾਜ਼ਾ ਅਪਡੇਟ

Edited By: Lajwinder Kaur | Updated at: May 02nd 2026 03:18 PM
Trending News
ਕੀ 4 ਮਈ ਨੂੰ ਆਵੇਗਾ 12ਵੀਂ ਦਾ ਨਤੀਜਾ? ਜਾਣੋ 10ਵੀਂ ਦੇ ਰਿਜ਼ਲਟ ਬਾਰੇ ਵੀ ਤਾਜ਼ਾ ਅਪਡੇਟ

ਕੀ 4 ਮਈ ਨੂੰ ਆਵੇਗਾ 12ਵੀਂ ਦਾ ਨਤੀਜਾ? ਜਾਣੋ 10ਵੀਂ ਦੇ ਰਿਜ਼ਲਟ ਬਾਰੇ ਵੀ ਤਾਜ਼ਾ ਅਪਡੇਟ

ਪ੍ਰੀਖਿਆਵਾਂ ਤੋਂ ਬਾਅਦ ਹੁਣ ਬੋਰਡ ਵਾਲੀ ਜਮਾਤਾਂ ਦੇ ਨਤੀਜੇ ਆਉਣ ਲੱਗ ਪਏ ਹਨ। ਜੀ ਹਾਂ ਕਈ ਸੂਬਿਆਂ ਵੱਲੋਂ ਬੋਰਡ ਦੀਆਂ ਕਲਾਸਾਂ 10ਵੀਂ ਅਤੇ 12ਵੀਂ ਦੇ ਨਤੀਜੇ ਨਸ਼ਰ ਕਰ ਦਿੱਤੇ ਗਏ ਹਨ ਅਤੇ ਕਈ ਰਾਜਾਂ ਤੋਂ ਨਤੀਜੇ ਆਉਣੇ ਅਜੇ ਬਾਕੀ ਹਨ। ਦੱਸ ਦਈਏ ਗੁਜਰਾਤ ਸੈਕੰਡਰੀ ਅਤੇ ਹਾਇਰ ਸੈਕੰਡਰੀ ਸਿੱਖਿਆ ਬੋਰਡ (GSHSEB) ਦੇ 10ਵੀਂ ਅਤੇ 12ਵੀਂ ਦੇ 15.3 ਲੱਖ ਵਿਦਿਆਰਥੀਆਂ ਲਈ ਅਗਲੇ ਕੁਝ ਦਿਨ ਬਹੁਤ ਮਹੱਤਵਪੂਰਨ ਹੋਣ ਵਾਲੇ ਹਨ। ਰਾਜ ਦੇ ਲਗਭਗ 15.3 ਲੱਖ ਵਿਦਿਆਰਥੀਆਂ ਦਾ ਲੰਬਾ ਇੰਤਜ਼ਾਰ ਜਲਦੀ ਹੀ ਖ਼ਤਮ ਹੋਣ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਗੁਜਰਾਤ ਬੋਰਡ ਅਗਲੇ ਹਫ਼ਤੇ ਕਿਸੇ ਵੀ ਸਮੇਂ ਨਤੀਜਿਆਂ ਦਾ ਐਲਾਨ ਕਰ ਸਕਦਾ ਹੈ। ਤਾਜ਼ਾ ਅਪਡੇਟਸ ਮੁਤਾਬਕ, 12ਵੀਂ (HSC) ਦਾ ਨਤੀਜਾ 4 ਮਈ ਨੂੰ ਅਤੇ 10ਵੀਂ (SSC) ਦਾ ਨਤੀਜਾ 6 ਮਈ ਨੂੰ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 26 ਫਰਵਰੀ ਤੋਂ 18 ਮਾਰਚ ਦੇ ਵਿਚਕਾਰ ਲਈਆਂ ਗਈਆਂ ਸਨ। ਵਿਦਿਆਰਥੀ ਆਪਣਾ ਰਿਜ਼ਲਟ ਬੋਰਡ ਦੀ ਅਧਿਕਾਰਤ ਵੈੱਬਸਾਈਟ gseb.org 'ਤੇ ਚੈੱਕ ਕਰ ਸਕਣਗੇ।

ਗੁਜਰਾਤ ਬੋਰਡ ਦੀ 12ਵੀਂ ਸਾਇੰਸ ਅਤੇ ਜਨਰਲ ਸਟ੍ਰੀਮ ਦੇ ਨਤੀਜੇ 4 ਮਈ 2026 ਨੂੰ ਜਾਰੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ, 10ਵੀਂ (SSC) ਦੇ ਨਤੀਜਿਆਂ ਲਈ 6 ਮਈ ਦੀ ਤਰੀਕ ਸੰਭਾਵਿਤ ਮੰਨੀ ਜਾ ਰਹੀ ਹੈ। ਹਾਲਾਂਕਿ ਬੋਰਡ ਵੱਲੋਂ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ, ਪਰ ਨਤੀਜਿਆਂ ਨੂੰ ਲੈ ਕੇ ਤਿਆਰੀਆਂ ਪੂਰੀਆਂ ਜਾਪਦੀਆਂ ਹਨ।

ਦਿਲਚਸਪ ਗੱਲ ਇਹ ਹੈ ਕਿ 12ਵੀਂ ਸਾਇੰਸ ਦੇ ਨਤੀਜਿਆਂ ਦੇ ਨਾਲ ਹੀ GUJCET 2026 ਦਾ ਰਿਜ਼ਲਟ ਵੀ ਘੋਸ਼ਿਤ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਪ੍ਰੀਖਿਆ ਰਾਜ ਦੇ ਇੰਜੀਨੀਅਰਿੰਗ ਅਤੇ ਫਾਰਮੇਸੀ ਕਾਲਜਾਂ ਵਿੱਚ ਦਾਖਲੇ ਲਈ ਬਹੁਤ ਅਹਿਮ ਮੰਨੀ ਜਾਂਦੀ ਹੈ।

ਗੁਜਰਾਤ ਬੋਰਡ ਦੀ 10ਵੀਂ ਜਮਾਤ (SSC) ਦੇ ਨਤੀਜਿਆਂ ਨੂੰ ਲੈ ਕੇ ਚਰਚਾਵਾਂ ਕਾਫੀ ਤੇਜ਼ ਹੋ ਗਈਆਂ ਹਨ। ਅੱਜ ਮਹਾਰਾਸ਼ਟਰ ਬੋਰਡ ਵੱਲੋਂ 12ਵੀਂ ਦੇ ਨਤੀਜੇ ਘੋਸ਼ਿਤ ਕੀਤੇ ਜਾਣ ਤੋਂ ਬਾਅਦ, ਹੁਣ ਸਾਰਿਆਂ ਦੀਆਂ ਨਜ਼ਰਾਂ ਗੁਜਰਾਤ ਬੋਰਡ 'ਤੇ ਟਿਕੀਆਂ ਹੋਈਆਂ ਹਨ। ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ, ਨਤੀਜਿਆਂ ਦਾ ਸ਼ਡਿਊਲ ਕੁਝ ਇਸ ਤਰ੍ਹਾਂ ਹੋ ਸਕਦਾ ਹੈ:

ਜਿੱਥੇ 12ਵੀਂ ਦੇ ਨਤੀਜੇ 4 ਮਈ ਨੂੰ ਆਉਣ ਦੀ ਸੰਭਾਵਨਾ ਹੈ, ਉੱਥੇ ਹੀ 10ਵੀਂ ਜਮਾਤ ਦਾ ਨਤੀਜਾ 6 ਮਈ 2026 ਨੂੰ ਜਾਰੀ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਬਣਾਈ ਰੱਖਣ।

ਪਿਛਲੇ ਸਾਲ ਦੇ ਰੁਝਾਨ ਨੂੰ ਦੇਖੀਏ ਤਾਂ ਬੋਰਡ ਨੇ ਨੀਟ (NEET) ਦੀ ਪ੍ਰੀਖਿਆ ਤੋਂ ਠੀਕ ਅਗਲੇ ਦਿਨ ਨਤੀਜੇ ਐਲਾਨ ਦਿੱਤੇ ਸਨ। ਇਸ ਸਾਲ NEET 2026 ਦੀ ਪ੍ਰੀਖਿਆ 3 ਮਈ ਨੂੰ ਹੋਣ ਜਾ ਰਹੀ ਹੈ, ਜਿਸ ਕਾਰਨ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਬੋਰਡ 4 ਮਈ ਨੂੰ ਨਤੀਜਿਆਂ ਦਾ ਐਲਾਨ ਕਰ ਦੇਵੇਗਾ।

ਇੰਝ ਚੈੱਕ ਕਰ ਸਕਦੇ ਵਿਦਿਆਰਥੀ

ਗੁਜਰਾਤ ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ, ਵਿਦਿਆਰਥੀ ਆਪਣਾ ਸਕੋਰ ਹੇਠਾਂ ਦਿੱਤੀਆਂ ਅਧਿਕਾਰਤ ਵੈੱਬਸਾਈਟਾਂ 'ਤੇ ਜਾ ਕੇ ਚੈੱਕ ਕਰ ਸਕਦੇ ਹਨ:

gseb.org (ਮੁੱਖ ਅਧਿਕਾਰਤ ਵੈੱਬਸਾਈਟ)

gsebeservice.com

ਸੀਬੀਐਸਈ ਤੇ ਆਈਸੀਐਸਈ ਬੋਰਡ ਦੇ ਨਤੀਜੇ ਪਹਿਲਾਂ ਹੀ ਆ ਚੁੱਕੇ

ਦੱਸ ਦਈਏ ਸੀਬੀਐਸਈ (CBSE) ਅਤੇ ਆਈਸੀਐਸਈ (ICSE/ISC) ਬੋਰਡਾਂ ਵੱਲੋਂ ਪ੍ਰੀਖਿਆਵਾਂ ਦੇ ਨਤੀਜੇ ਅਪ੍ਰੈਲ ਮਹੀਨੇ ਦੇ ਵਿੱਚ ਆ ਗਏ ਹਨ। ਸੀਬੀਐਸਈ ਵੱਲੋਂ 10ਵੀਂ ਜਮਾਤ ਦਾ ਨਤੀਜਾ 16 ਅਪ੍ਰੈਲ, ਬੁੱਧਵਾਰ ਸ਼ਾਮ ਨੂੰ ਜਾਰੀ ਕੀਤਾ ਗਿਆ ਸੀ। ਦੂਜੇ ਪਾਸੇ, 'ਕੌਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼' (CISCE) ਵੱਲੋਂ ਵੀ ICSE 10ਵੀਂ ਅਤੇ ISC 12ਵੀਂ ਦੇ ਨਤੀਜੇ 30 ਅਪ੍ਰੈਲ ਨੂੰ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਨਤੀਜਿਆਂ ਦੇ ਆਉਣ ਨਾਲ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਅਤੇ ਉਹ ਸਬੰਧਤ ਬੋਰਡਾਂ ਦੀਆਂ ਅਧਿਕਾਰਤ ਵੈੱਬਸਾਈਟਾਂ 'ਤੇ ਜਾ ਕੇ ਆਪਣਾ ਸਕੋਰ ਚੈੱਕ ਕਰ ਸਕਦੇ ਹਨ।

ਪੰਜਾਬ ਬੋਰਡ ਵੱਲੋਂ ਕਦੋਂ ਐਲਾਨੇ ਜਾਣਗੇ ਨਤੀਜੇ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਬੋਰਡ ਵੱਲੋਂ ਮਈ ਮਹੀਨੇ ਦੌਰਾਨ ਹੀ ਇਹ ਨਤੀਜੇ ਐਲਾਨ ਦਿੱਤੇ ਜਾਣਗੇ, ਹਾਲਾਂਕਿ ਬੋਰਡ ਵੱਲੋਂ ਅਜੇ ਤੱਕ ਕਿਸੇ ਖਾਸ ਤਰੀਕ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਜੇਕਰ ਪਿਛਲੇ ਸਾਲ ਦੇ ਰੁਝਾਨ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ 14 ਮਈ (2025) ਨੂੰ ਅਤੇ 10ਵੀਂ ਜਮਾਤ ਦਾ ਨਤੀਜਾ 16 ਮਈ ਦੇ ਨੇੜੇ-ਤੇੜੇ ਜਾਰੀ ਕੀਤੇ ਗਏ ਸੀ। ਇਸ ਵਾਰ ਵੀ ਸੰਭਾਵਨਾ ਹੈ ਕਿ ਮਈ ਦੇ ਦੂਜੇ ਜਾਂ ਤੀਜੇ ਹਫ਼ਤੇ ਤੱਕ ਨਤੀਜਿਆਂ ਬਾਰੇ ਸਥਿਤੀ ਸਪੱਸ਼ਟ ਹੋ ਜਾਵੇਗੀ। ਵਿਦਿਆਰਥੀਆਂ ਨੂੰ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ pseb.ac.in 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

Punjabi Shorts

Latest News