Sunday, 27th of September 2026

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਡਰੋਨ ਰਾਹੀਂ ਆਏ 6 ਹਥਿਆਰਾਂ ਸਮੇਤ 3 ਮੁਲਜ਼ਮ ਕਾਬੂ, ਪਾਕਿਸਤਾਨ ਨਾਲ ਜੁੜੇ ਤਾਰ

Edited By: Lajwinder Kaur | Updated at:
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਡਰੋਨ ਰਾਹੀਂ ਆਏ 6 ਹਥਿਆਰਾਂ ਸਮੇਤ 3 ਮੁਲਜ਼ਮ ਕਾਬੂ, ਪਾਕਿਸਤਾਨ ਨਾਲ ਜੁੜੇ ਤਾਰ

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਡਰੋਨ ਰਾਹੀਂ ਆਏ 6 ਹਥਿਆਰਾਂ ਸਮੇਤ 3 ਮੁਲਜ਼ਮ ਕਾਬੂ, ਪਾਕਿਸਤਾਨ ਨਾਲ ਜੁੜੇ ਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਹੋ ਰਹੀ ਹਥਿਆਰਾਂ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਗਏ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ 06 ਹਾਈ-ਟੈਕ ਪਿਸਤੌਲ ਬਰਾਮਦ ਕੀਤੇ ਗਏ ਹਨ।

ਸੋਸ਼ਲ ਮੀਡੀਆ ਰਾਹੀਂ ਚੱਲ ਰਿਹਾ ਸੀ ਨੈੱਟਵਰਕ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਨਸ਼ਾ ਅਤੇ ਹਥਿਆਰ ਵਿਰੋਧੀ ਮੁਹਿੰਮ ਦਾ ਹਿੱਸਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਹੈਂਡਲਰ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਹਥਿਆਰ ਸੁੱਟਦੇ ਸਨ। ਇਸ ਤੋਂ ਬਾਅਦ ਵਟਸਐਪ (WhatsApp) ਅਤੇ ਹੋਰ ਸੋਸ਼ਲ ਮੀਡੀਆ ਐਪਸ ਰਾਹੀਂ ਮੁਲਜ਼ਮਾਂ ਨੂੰ ਹਥਿਆਰਾਂ ਦੀ ਲੋਕੇਸ਼ਨ ਅਤੇ ਅੱਗੇ ਡਿਲਿਵਰੀ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਸਨ।

ਗ੍ਰਿਫ਼ਤਾਰ ਮੁਲਜ਼ਮਾਂ ਦਾ ਵੇਰਵਾ

ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਇਸ ਤਰ੍ਹਾਂ ਹੋਈ ਹੈ:

ਮੰਗਲ ਸਿੰਘ ਉਰਫ਼ ਮੰਗਾ (30 ਸਾਲ)

ਪ੍ਰਣਵ ਸ਼ਰਮਾ ਉਰਫ਼ ਲੱਡੂ (24 ਸਾਲ)

ਗੌਰਵ ਰਾਣਾ (25 ਸਾਲ)

ਪੁਲਿਸ ਅਨੁਸਾਰ, ਗੌਰਵ ਰਾਣਾ ਉੱਪਰ ਪਹਿਲਾਂ ਹੀ ਕਈ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਬਾਕੀ ਦੋ ਮੁਲਜ਼ਮਾਂ ਦਾ ਵੀ ਪੁਰਾਣਾ ਅਪਰਾਧਿਕ ਰਿਕਾਰਡ ਖੰਗਾਲਿਆ ਜਾ ਰਿਹਾ ਹੈ।

ਗੈਂਗਸਟਰਾਂ ਅਤੇ ਟੈਰਰ ਮੋਡਿਊਲ ਨੂੰ ਹੁੰਦੀ ਸੀ ਸਪਲਾਈ

ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਹੈ ਕਿ ਉਹ ਪੈਸਿਆਂ ਦੇ ਲਾਲਚ ਵਿੱਚ ਆ ਕੇ ਸਰਹੱਦ ਕੋਲੋਂ ਡਰੋਨ ਰਾਹੀਂ ਸੁੱਟੇ ਗਏ ਹਥਿਆਰ ਚੁੱਕਦੇ ਸਨ। ਇਹ ਹਥਿਆਰ ਅੱਗੇ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਅਤੇ ਟੈਰਰ ਮੋਡਿਊਲ ਨੂੰ ਸਪਲਾਈ ਕੀਤੇ ਜਾਣੇ ਸਨ। ਇਸ ਪੂਰੇ ਖੇਡ ਦੀ ਕਮਾਨ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਹੱਥ ਵਿੱਚ ਸੀ।

ਫਾਇਨੈਂਸ਼ਲ ਟਰੇਲ 'ਤੇ ਪੁਲਿਸ ਦੀ ਨਜ਼ਰ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ 'ਫਾਇਨੈਂਸ਼ਲ ਟਰੇਲ' (Financial Trail) ਯਾਨੀ ਪੈਸਿਆਂ ਦੇ ਲੈਣ-ਦੇਣ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਹਥਿਆਰਾਂ ਦੀ ਖਰੀਦੋ-ਫਰੋਖਤ ਲਈ ਪੈਸਾ ਕਿੱਥੋਂ ਆ ਰਿਹਾ ਸੀ ਅਤੇ ਕਿਹੜੇ ਬੈਂਕ ਖਾਤਿਆਂ ਦੀ ਵਰਤੋਂ ਕੀਤੀ ਗਈ। ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨੈੱਟਵਰਕ ਨਾਲ ਜੁੜੇ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।

ਡੀਜੀਪੀ ਨੇ ਵੀ ਪੋਸਟ ਪਾ ਕੇ ਦਿੱਤੀ ਜਾਣਕਾਰੀ 

ਡੀਜੀਪੀ (DGP) ਗੌਰਵ ਯਾਦਵ ਨੇ ਆਪਣੇ 'ਐਕਸ' (X) ਹੈਂਡਲ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਗਿਰੋਹ ਸਰਹੱਦ ਪਾਰ ਤੋਂ ਹਥਿਆਰਾਂ ਦੀ ਖੇਪ ਮੰਗਵਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਸਥਾਨਕ ਪੱਧਰ 'ਤੇ ਅਪਰਾਧੀਆਂ ਨੂੰ ਸਪਲਾਈ ਕਰਦਾ ਸੀ। ਇਸ ਨੈੱਟਵਰਕ ਰਾਹੀਂ ਸਪਲਾਈ ਕੀਤੇ ਹਥਿਆਰ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਬੜਾਵਾ ਦੇਣ ਲਈ ਵਰਤੇ ਜਾ ਰਹੇ ਸਨ।