Wednesday, 8th of April 2026

ਕੀ ਜਲਦ ਖ਼ਤਮ ਹੋਵੇਗੀ ਇਰਾਨ ਜੰਗ? 45 ਦਿਨਾਂ ਦੇ ਸੀਜ਼ ਫਾਇਰ ਸਮਝੌਤੇ 'ਤੇ ਚਰਚਾ ਜਾਰੀ; ਅਮਰੀਕੀ ਰਿਪੋਰਟ 'ਚ ਵੱਡਾ ਦਾਅਵਾ

By: GTC News Desk | Edited By: Lajwinder Kaur | Updated at: April 06th 2026 12:36 PM
ਕੀ ਜਲਦ ਖ਼ਤਮ ਹੋਵੇਗੀ ਇਰਾਨ ਜੰਗ? 45 ਦਿਨਾਂ ਦੇ ਸੀਜ਼ ਫਾਇਰ ਸਮਝੌਤੇ 'ਤੇ ਚਰਚਾ ਜਾਰੀ; ਅਮਰੀਕੀ ਰਿਪੋਰਟ 'ਚ ਵੱਡਾ ਦਾਅਵਾ

ਕੀ ਜਲਦ ਖ਼ਤਮ ਹੋਵੇਗੀ ਇਰਾਨ ਜੰਗ? 45 ਦਿਨਾਂ ਦੇ ਸੀਜ਼ ਫਾਇਰ ਸਮਝੌਤੇ 'ਤੇ ਚਰਚਾ ਜਾਰੀ; ਅਮਰੀਕੀ ਰਿਪੋਰਟ 'ਚ ਵੱਡਾ ਦਾਅਵਾ

ਅਮਰੀਕਾ-ਇਰਾਨ ਵਿਚਾਲੇ ਚੱਲ ਰਹੀ ਜੰਗ ਨੇ ਨਾ ਸਿਰਫ਼ ਮੱਧ ਪੂਰਬ ਸਗੋਂ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਮੰਗਲਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਹਿਰਾਨ ਨੇ ਹੋਰਮੁਜ਼ ਸਟ੍ਰੇਟ (Hormuz Strait) ਨੂੰ ਨਾ ਖੋਲ੍ਹਿਆ, ਤਾਂ ਅਮਰੀਕਾ ਉੱਥੇ ਤਬਾਹੀ ਮਚਾ ਦੇਵੇਗਾ ਅਤੇ ਉਨ੍ਹਾਂ ਦੇ ਤੇਲ ਭੰਡਾਰਾਂ 'ਤੇ ਕਬਜ਼ਾ ਕਰ ਲਵੇਗਾ। ਇਸ ਦਰਮਿਆਨ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ 45 ਦਿਨਾਂ ਦੀ ਜੰਗਬੰਦੀ (Ceasefire) ਲਈ ਗੱਲਬਾਤ ਚੱਲ ਰਹੀ ਹੈ।

ਟਰੰਪ ਵੱਲੋਂ ਇਰਾਨ ਨੂੰ ਦਿੱਤੇ ਗਏ ਅਲਟੀਮੇਟਮ ਦੇ ਵਿਚਕਾਰ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਨਿਊਜ਼ ਵੈੱਬਸਾਈਟ 'ਐਕਸੀਓਸ' (Axios) ਦੀ ਰਿਪੋਰਟ ਅਨੁਸਾਰ, ਅਮਰੀਕਾ, ਇਰਾਨ ਅਤੇ ਖੇਤਰੀ ਵਿਚੋਲਿਆਂ ਦਾ ਇੱਕ ਸਮੂਹ 45 ਦਿਨਾਂ ਦੇ ਸੰਭਾਵਿਤ ਜੰਗਬੰਦੀ ਸਮਝੌਤੇ ਦੀਆਂ ਸ਼ਰਤਾਂ 'ਤੇ ਚਰਚਾ ਕਰ ਰਿਹਾ ਹੈ, ਜਿਸ ਨਾਲ ਇਹ ਜੰਗ ਹਮੇਸ਼ਾ ਲਈ ਖ਼ਤਮ ਹੋ ਸਕਦੀ ਹੈ। ਹਾਲਾਂਕਿ, ਵ੍ਹਾਈਟ ਹਾਊਸ ਅਤੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਵੀ ਅਧਿਕਾਰਤ ਬਿਆਨ ਜਾਂ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਕੀ ਅਗਲੇ 48 ਘੰਟਿਆਂ ਵਿੱਚ ਹੋਵੇਗੀ ਇਰਾਨ ਡੀਲ?

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਗਲੇ 48 ਘੰਟਿਆਂ ਵਿੱਚ ਸਮਝੌਤਾ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੈ। ਹਾਲਾਂਕਿ, ਇਸ ਗੱਲਬਾਤ ਨੂੰ ਜੰਗ ਨੂੰ ਹੋਰ ਵਧਣ ਤੋਂ ਰੋਕਣ ਲਈ ਇੱਕ 'ਆਖਰੀ ਕੋਸ਼ਿਸ਼' ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਇਸ ਕੂਟਨੀਤਕ ਚਰਚਾ ਦਾ ਮੁੱਖ ਮਕਸਦ ਖਿੱਤੇ ਵਿੱਚ ਸ਼ਾਂਤੀ ਬਹਾਲ ਕਰਨਾ ਅਤੇ ਵੱਡੀ ਤਬਾਹੀ ਨੂੰ ਟਾਲਣਾ ਹੈ।

ਕੀ ਟਰੰਪ ਨੇ ਇਰਾਨ ਲਈ ਡੈੱਡਲਾਈਨ ਵਧਾ ਦਿੱਤੀ ਹੈ?

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਇਰਾਨ ਨੂੰ ਦਿੱਤੀ ਆਪਣੀ ਡੈੱਡਲਾਈਨ (ਸਮਾਂ ਸੀਮਾ) ਨੂੰ 24 ਘੰਟਿਆਂ ਲਈ ਵਧਾ ਦਿੱਤਾ ਹੈ। ਟਰੰਪ ਨੇ ਇਰਾਨ ਨੂੰ 'ਹੋਰਮੁਜ਼ ਸਟ੍ਰੇਟ' ਨੂੰ ਮੁੜ ਖੋਲ੍ਹਣ ਲਈ ਸਮਝੌਤਾ ਕਰਨ ਜਾਂ ਫਿਰ ਆਪਣੇ ਬੁਨਿਆਦੀ ਢਾਂਚੇ 'ਤੇ ਹਮਲੇ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਸੀ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' (Truth Social) 'ਤੇ ਇੱਕ ਪੋਸਟ ਵਿੱਚ ਟਰੰਪ ਨੇ ਲਿਖਿਆ: "ਮੰਗਲਵਾਰ, ਰਾਤ 8 ਵਜੇ (ਪੂਰਬੀ ਸਮਾਂ)।"

ਇਹ ਪੋਸਟ ਉਨ੍ਹਾਂ ਦੀ ਉਸ ਧਮਕੀ ਤੋਂ ਕੁਝ ਘੰਟਿਆਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ, "ਮੰਗਲਵਾਰ ਨੂੰ ਇਰਾਨ ਵਿੱਚ 'ਪਾਵਰ ਪਲਾਂਟ ਦਿਵਸ' ਅਤੇ 'ਬ੍ਰਿਜ (ਪੁਲ) ਦਿਵਸ' ਦੋਵੇਂ ਇਕੱਠੇ ਮਨਾਏ ਜਾਣਗੇ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ!!! ਓਏ ਪਾਗਲੋ, ਹੋਰਮੁਜ਼ ਖੋਲ੍ਹ ਦਿਓ, ਨਹੀਂ ਤਾਂ ਨਰਕ ਵਿੱਚ ਰਹੋਗੇ—ਬੱਸ ਦੇਖਦੇ ਰਹੋ।"

ਇਰਾਨ ਨੂੰ ਮੁੜ ਖੜ੍ਹਾ ਹੋਣ ਲਈ ਲੱਗਣਗੇ 20 ਸਾਲ: ਟਰੰਪ

ਟਰੰਪ ਨੇ ਐਤਵਾਰ ਨੂੰ 'ਵਾਲ ਸਟ੍ਰੀਟ ਜਰਨਲ' ਨਾਲ ਗੱਲਬਾਤ ਕਰਦਿਆਂ ਕਿਹਾ, 'ਸਾਡੀ ਸਥਿਤੀ ਬਹੁਤ ਮਜ਼ਬੂਤ ਹੈ ਅਤੇ ਉਸ ਦੇਸ਼ (ਇਰਾਨ) ਨੂੰ ਮੁੜ ਨਿਰਮਾਣ ਲਈ 20 ਸਾਲ ਲੱਗ ਜਾਣਗੇ—ਜੇਕਰ ਉਹ ਕਿਸਮਤ ਵਾਲੇ ਹੋਏ ਅਤੇ ਜੇਕਰ ਉਨ੍ਹਾਂ ਦਾ ਦੇਸ਼ ਬਚਿਆ ਰਿਹਾ ਤਾਂ। ਜੇਕਰ ਉਹ ਮੰਗਲਵਾਰ ਸ਼ਾਮ ਤੱਕ ਕੁਝ ਨਹੀਂ ਕਰਦੇ (ਹੋਰਮੁਜ਼ ਸਟ੍ਰੇਟ ਨਹੀਂ ਖੋਲ੍ਹਦੇ), ਤਾਂ ਉਨ੍ਹਾਂ ਕੋਲ ਨਾ ਕੋਈ ਬਿਜਲੀ ਘਰ (ਪਾਵਰ ਪਲਾਂਟ) ਬਚੇਗਾ ਅਤੇ ਨਾ ਹੀ ਕੋਈ ਪੁਲ ਖੜ੍ਹਾ ਰਹੇਗਾ।'

ਟਰੰਪ ਦੀਆਂ ਧਮਕੀਆਂ 'ਤੇ ਇਰਾਨ ਨੇ ਕੀ ਕਿਹਾ?

ਇਰਾਨੀ ਸੰਸਦ ਦੇ ਸਪੀਕਰ ਐਮ.ਬੀ. ਗਾਲਿਬਾਫ਼ ਨੇ ਇਰਾਨ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀਆਂ ਡੋਨਾਲਡ ਟਰੰਪ ਦੀਆਂ ਧਮਕੀਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੁੱਧ ਅਪਰਾਧਾਂ (War Crimes) ਰਾਹੀਂ ਤੁਹਾਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ। ਉਨ੍ਹਾਂ ਅਨੁਸਾਰ, ਇਸ ਮਸਲੇ ਦਾ ਇੱਕੋ-ਇੱਕ ਸਹੀ ਹੱਲ ਇਹ ਹੈ ਕਿ ਇਰਾਨੀ ਲੋਕਾਂ ਦੇ ਅਧਿਕਾਰਾਂ ਦਾ ਸਤਿਕਾਰ ਕੀਤਾ ਜਾਵੇ ਅਤੇ ਇਸ ਖ਼ਤਰਨਾਕ ਖੇਡ ਨੂੰ ਤੁਰੰਤ ਬੰਦ ਕੀਤਾ ਜਾਵੇ।