ਮੁਹੱਬਤ ਦੀ ਕੋਈ ਸੀਮਾ ਨਹੀਂ ਹੁੰਦੀ, ਪਰ ਕੀ ਕੋਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਮੌਤ ਦੇ ਮੂੰਹ ਵਿੱਚ ਜਾ ਸਕਦਾ ਹੈ? ਤਾਂ ਤੁਸੀਂ ਵੀ ਕਹਿਗੇ ਨਾ…ਪਰ ਜੇਕਰ ਤੁਹਾਨੂੰ ਦੱਸੀਏ ਕਿ ਇੱਕ ਕਪਲ ਅਜਿਹਾ ਹੈ ਜੋ ਕਿ ਅੱਜ ਦੀ ਇਸ ਮਤਲਬੀ ਦੁਨੀਆ ਦੇ ਵਿੱਚ ਪਿਆਰ ਦੇ ਲਈ ਆਪਣੀ ਸਾਹਾਂ ਦੀ ਬਾਜ਼ੀ ਲਗਾ ਸਕਦਾ ਹੈ ਤਾਂ ਤੁਸੀਂ ਵੀ ਹੈਰਾਨ ਹੋਵੋਗੇ। ਜੀ ਹਾਂ ਨਿਊਯਾਰਕ ਸਿਟੀ ਦੀ ਸਭ ਤੋਂ ਮਸ਼ਹੂਰ ਅਤੇ 1,454 ਫੁੱਟ ਉੱਚੀ 'ਐਮਪਾਇਰ ਸਟੇਟ ਬਿਲਡਿੰਗ' ਦੀ ਚੋਟੀ 'ਤੇ ਬੁੱਧਵਾਰ ਦੁਪਹਿਰ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਦੋ ਬੇਖੌਫ ਸਟੰਟਬਾਜ਼ਾਂ ਨੇ ਨਾ ਸਿਰਫ਼ ਬਿਨਾਂ ਕਿਸੇ ਸੁਰੱਖਿਆ ਗੀਅਰ ਦੇ ਇਸ ਗਗਨਚੁੰਬੀ ਇਮਾਰਤ ਦੇ ਬੈਂਡ ਟ੍ਰਾਂਸਮਿਸ਼ਨ ਟਾਵਰ 'ਤੇ ਚੜ੍ਹਾਈ ਕੀਤੀ, ਸਗੋਂ ਉੱਥੇ ਹਵਾ ਵਿੱਚ ਲਟਕਦੇ ਹੋਏ ਇੱਕ-ਦੂਜੇ ਨੂੰ ਅੰਗੂਠੀ ਪਹਿਨਾ ਕੇ ਵਿਆਹ ਲਈ ਪ੍ਰਪੋਜ਼ ਵੀ ਕੀਤਾ।
ਸੋਸ਼ਲ ਮੀਡੀਆ 'ਤੇ ਇਸ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਸਟੰਟ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਨਿਊਯਾਰਕ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਦੁਪਹਿਰ ਦਾ ਸਮਾਂ ਸੀ, ਜਦੋਂ ਆਮ ਸੈਲਾਨੀ ਇਮਾਰਤ ਦੇ ਅਬਜ਼ਰਵੇਸ਼ਨ ਡੈੱਕ ਤੋਂ ਸ਼ਹਿਰ ਦਾ ਨਜ਼ਾਰਾ ਲੈ ਰਹੇ ਸਨ, ਉਦੋਂ ਕਾਲੇ ਕੱਪੜੇ ਅਤੇ ਮਾਸਕ ਪਹਿਨੇ ਦੋ ਵਿਅਕਤੀ ਸੁਰੱਖਿਆ ਘੇਰੇ ਨੂੰ ਤੋੜਦੇ ਹੋਏ ਸਿੱਧੇ ਰੇਡੀਓ ਅਤੇ ਟੈਲੀਵਿਜ਼ਨ ਟ੍ਰਾਂਸਮਿਸ਼ਨ ਟਾਵਰ (ਐਂਟੀਨਾ) ਦੇ ਸਭ ਤੋਂ ਉੱਪਰਲੇ ਹਿੱਸੇ 'ਤੇ ਪਹੁੰਚ ਗਏ। ਸੈਂਕੜੇ ਫੁੱਟ ਦੀ ਉਚਾਈ 'ਤੇ ਤੇਜ਼ ਹਵਾਵਾਂ ਦੇ ਵਿਚਕਾਰ ਇਨ੍ਹਾਂ ਸਟੰਟਬਾਜ਼ਾਂ ਨੂੰ ਰੇਂਗਦੇ ਹੋਏ ਉਪਰ ਚੜ੍ਹਦੇ ਹੋਏ ਦੇਖ ਕੇ ਹੇਠਾਂ ਖੜ੍ਹੇ ਲੋਕਾਂ ਦੀਆਂ ਸਾਹਾਂ ਅਟਕ ਗਈਆਂ।
ਹਵਾ ਵਿੱਚ ਲਹਿਰਾਇਆ ਸ਼ਾਂਤੀ ਦਾ ਸੰਦੇਸ਼
ਟਾਵਰ ਦੇ ਬੇਹੱਦ ਪਤਲੇ ਐਂਟੀਨਾ ਉੱਤੇ ਖਤਰਨਾਕ ਤਰੀਕੇ ਨਾਲ ਖੜ੍ਹੇ ਹੋ ਕੇ ਇਸ ਜੋੜੇ ਨੇ ਇੱਕ ਵੱਡਾ ਬੈਨਰ ਲਹਿਰਾਇਆ। ਇਸ ਬੈਨਰ ਉੱਤੇ ਲਿਖਿਆ ਸੀ, "ਜਦੋਂ ਪਿਆਰ ਦੀ ਤਾਕਤ, ਤਾਕਤ ਦੇ ਪਿਆਰ 'ਤੇ ਭਾਰੂ ਹੋ ਜਾਵੇਗੀ, ਉਦੋਂ ਦੁਨੀਆ ਸ਼ਾਂਤੀ ਨੂੰ ਜਾਣੇਗੀ।" ਇਹ ਮਸ਼ਹੂਰ ਵਿਚਾਰ 19ਵੀਂ ਸਦੀ ਦੇ ਬ੍ਰਿਟਿਸ਼ ਸਿਆਸਤਦਾਨ ਵਿਲੀਅਮ ਗਲੈਡਸਟੋਨ ਦਾ ਹੈ। ਐਂਟੀਨਾ 'ਤੇ ਕਰੀਬ 30 ਮਿੰਟ ਤੱਕ ਰਹਿਣ ਅਤੇ ਸੋਸ਼ਲ ਮੀਡੀਆ ਲਈ ਵੀਡੀਓ-ਫੋਟੋ ਪੋਸਟ ਕਰਨ ਤੋਂ ਬਾਅਦ, ਦੋਵੇਂ ਹੇਠਾਂ ਇੱਕ ਸੁਰੱਖਿਅਤ ਪਲੇਟਫਾਰਮ ਵੱਲ ਵਧੇ। ਜਿਵੇਂ ਹੀ ਦੋਵੇਂ ਟਾਵਰ ਦੇ ਬੇਸ ਪਲੇਟਫਾਰਮ 'ਤੇ ਪਹੁੰਚੇ, ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਮੇਲ ਸਟੰਟਬਾਜ਼ ਅਚਾਨਕ ਆਪਣੇ ਗੋਡਿਆਂ ਭਾਰ ਬੈਠ ਗਿਆ ਅਤੇ ਆਪਣੀ ਮਹਿਲਾ ਸਾਥੀ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਔਰਤ ਨੇ ਮੁਸਕੁਰਾਉਂਦੇ ਹੋਏ ਇਸ ਪ੍ਰਪੋਜ਼ਲ ਨੂੰ ਸਵੀਕਾਰ ਕੀਤਾ, ਜਿਸ ਤੋਂ ਬਾਅਦ ਦੋਵਾਂ ਨੇ ਗਲੇ ਲੱਗ ਕੇ ਇੱਕ-ਦੂਜੇ ਨੂੰ ਚੁੰਮਿਆ (ਕਿਸ ਕੀਤਾ)। ਔਰਤ ਨੇ ਬਾਅਦ ਵਿੱਚ ਆਪਣਾ ਮਾਸਕ ਹਟਾ ਕੇ ਮੰਗਣੀ ਦੀ ਅੰਗੂਠੀ ਵੀ ਦਿਖਾਈ।
🚨WOW! Two people have reached the TOP of the EMPIRE STATE BUILDING in NEW YORK CITY, holding a banner from the skyscraper’s antenna that reads:"When the power of love beats the love of power, the world knows peace." Who are they? 😱 pic.twitter.com/7A9tOfqNtG
— JackTheRippler ©️ (@RippleXrpie) July 1, 2026
ਕੌਣ ਹਨ ਇਹ ਖਤਰਨਾਕ ਸਟੰਟਬਾਜ਼?
ਇਸ ਹੈਰਾਨੀਜਨਕ ਸਟੰਟ ਨੂੰ ਅੰਜਾਮ ਦੇਣ ਵਾਲੇ ਕੋਈ ਆਮ ਲੋਕ ਨਹੀਂ, ਸਗੋਂ ਦੁਨੀਆ ਦੇ ਮਸ਼ਹੂਰ 'ਰੂਫਟੌਪਰਸ' (ਉੱਚੀਆਂ ਇਮਾਰਤਾਂ 'ਤੇ ਚੜ੍ਹਨ ਵਾਲੇ) ਐਂਜੇਲਾ ਨਿਕੋਲਾਉ ਅਤੇ ਵਾਨਿਆ ਬੀਰਕੁਸ ਹਨ। ਐਂਜੇਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਪੂਰੇ ਘਟਨਾਕ੍ਰਮ ਦੀਆਂ ਤਸਵੀਰਾਂ ਅਤੇ ਮੰਗਣੀ ਦੀ ਅੰਗੂਠੀ ਸ਼ੇਅਰ ਕੀਤੀ ਹੈ। ਇਹ ਜੋੜਾ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ, ਜਿਵੇਂ ਕਿ ਕੁਆਲਾਲੰਪੁਰ ਦੀ ਮਰਡੇਕਾ 118 (ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ) ਅਤੇ ਸੈਨ ਫਰਾਂਸਿਸਕੋ ਦੇ ਬੇ ਬ੍ਰਿਜ 'ਤੇ ਵੀ ਗੈਰ-ਕਾਨੂੰਨੀ ਤਰੀਕੇ ਨਾਲ ਚੜ੍ਹਾਈ ਕਰ ਚੁੱਕਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ 'ਐਡਰੇਨਾਲੀਨ-ਜੰਕੀ' ਜੋੜੇ ਦੀ ਜ਼ਿੰਦਗੀ 'ਤੇ ਸਾਲ 2024 ਵਿੱਚ ਨੈੱਟਫਲਿਕਸ 'ਤੇ 'Skywalkers: A Love Story' ਨਾਮ ਦੀ ਇੱਕ ਮਸ਼ਹੂਰ ਡਾਕੂਮੈਂਟਰੀ ਵੀ ਆ ਚੁੱਕੀ ਹੈ।
ਹਾਈ-ਵੋਲਟੇਜ ਕਰੰਟ ਦਾ ਖਤਰਾ
ਇਸ ਸਟੰਟ ਦੌਰਾਨ ਸੁਰੱਖਿਆ ਨੂੰ ਦੇਖਦੇ ਹੋਏ ਅਬਜ਼ਰਵੇਸ਼ਨ ਡੈੱਕ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ, ਆਸ-ਪਾਸ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ NYPD ਦੇ ਹੈਲੀਕਾਪਟਰ ਨੇ ਅਸਮਾਨ ਤੋਂ ਨਿਗਰਾਨੀ ਰੱਖੀ। CBS ਨਿਊਜ਼ ਦੇ ਸਾਬਕਾ ਮੁੱਖ ਇੰਜੀਨੀਅਰ ਜੌਨ ਕਲੀਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਟਾਵਰ 'ਤੇ ਲਾਈਵ ਟੀਵੀ ਅਤੇ ਰੇਡੀਓ ਪ੍ਰਸਾਰਣ ਚੱਲਦੇ ਹਨ, ਜਿਸ ਕਾਰਨ ਇਸ ਵਿੱਚ ਭਾਰੀ ਮਾਤਰਾ ਵਿੱਚ ਇਲੈਕਟ੍ਰੀਕਲ ਐਨਰਜੀ (ਹਾਈ-ਵੋਲਟੇਜ ਕਰੰਟ) ਮੌਜੂਦ ਰਹਿੰਦੀ ਹੈ। ਬਿਨਾਂ ਕਿਸੇ ਸੁਰੱਖਿਆ ਬੈਲਟ ਜਾਂ ਹਾਰਨੈਸ ਦੇ ਇੱਥੇ ਚੜ੍ਹਨਾ ਸਿੱਧੀ ਮੌਤ ਨੂੰ ਦਾਅਵਤ ਦੇਣ ਦੇ ਬਰਾਬਰ ਹੈ। ਫਿਲਹਾਲ ਨਿਊਯਾਰਕ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਪਾਬੰਦੀਸ਼ੁਦਾ ਇਲਾਕੇ ਵਿੱਚ ਕਿਵੇਂ ਦਾਖਲ ਹੋਏ। ਦੋਵਾਂ 'ਤੇ ਗੈਰ-ਕਾਨੂੰਨੀ ਘੁਸਪੈਠ (ਟਰੇਸਪਾਸਿੰਗ) ਅਤੇ ਲਾਪਰਵਾਹੀ ਨਾਲ ਜਾਨ ਜੋਖਮ ਵਿੱਚ ਪਾਉਣ ਦਾ ਮਾਮਲਾ ਦਰਜ ਹੋ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਖਤਰਨਾਕ ਸਟੰਟ ਨਾ ਕਰਨ।